ਲੁਧਿਆਣਾ: ਲੁਧਿਆਣਾ ਦੇ ਸਿਵਲ ਹਸਪਤਾਲ ਵਿਖੇ ਉਸ ਵੇਲੇ ਵਿਵਾਦ ਪੈਦਾ ਹੋ ਗਿਆ, ਜਦੋਂ ਇੱਕ ਡਿੰਪਲ ਨਾਂਅ ਦੀ ਗਰਭਵਤੀ ਮਹਿਲਾ ਦੀ ਰਿਪੋਰਟ ਕੋਰੋਨਾ ਪੌਜ਼ੀਟਿਵ ਪਾਈ ਗਈ, ਜਿਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਵਿੱਚ ਹੀ ਰੱਖ ਲਿਆ ਗਿਆ, ਜਦਕਿ ਉਸ ਦੇ ਪਤੀ ਦਾ ਕਹਿਣਾ ਹੈ ਕਿ ਇੱਕ ਨਿੱਜੀ ਹਸਪਤਾਲ ਵਿੱਚ ਚੈਕਅੱਪ ਦੌਰਾਨ ਉਸ ਦੀ ਪਤਨੀ ਦੀ ਰਿਪੋਰਟ ਨੈਗੇਟਿਵ ਆਈ ਹੈ। ਪਰ ਸਿਵਲ ਹਸਪਤਾਲ ਵਾਲੇ ਉਸ ਦੀ ਪਤਨੀ ਨੂੰ ਛੁੱਟੀ ਨਹੀਂ ਦੇ ਰਹੇ।
ਮਰੀਜ਼ ਡਿੰਪਲ ਦੇ ਪਤੀ ਮਨਜੀਤ ਸਿੰਘ ਨੇ ਕਿਹਾ ਕਿ ਉਸ ਦੀ ਪਤਨੀ ਨੂੰ ਨੌਵਾਂ ਮਹੀਨਾ ਚੱਲ ਰਿਹਾ ਹੈ, ਜਿਸ ਸਬੰਧੀ ਉਹ ਈ.ਐਸ.ਆਈ. ਹਸਪਤਾਲ ਆਏ, ਜਿਨ੍ਹਾਂ ਨੇ ਉਨ੍ਹਾਂ ਨੂੰ ਲੁਧਿਆਣਾ ਸਿਵਲ ਹਸਪਤਾਲ ਰੈਫਰ ਕਰ ਦਿੱਤਾ। ਇਥੇ ਉਸ ਦੀ ਪਤਨੀ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਤਾਂ ਟੈਸਟ ਪੌਜ਼ੀਟਿਵ ਆਇਆ ਪਰ ਉਸੇ ਦਿਨ ਉਨ੍ਹਾਂ ਨੇ ਇੱਕ ਨਿੱਜੀ ਲੈਬ ਤੋਂ ਵੀ ਟੈਸਟ ਕਰਵਾਇਆ, ਜਿਸ ਵਿੱਚ ਉਸ ਦੀ ਪਤਨੀ ਨੂੰ ਕੋਰੋਨਾ ਨੈਗੇਟਿਵ ਦੱਸਿਆ ਗਿਆ ਹੈ।
ਮਨਜੀਤ ਸਿੰਘ ਨੇ ਕਿਹਾ ਕਿ ਸਿਵਲ ਹਸਪਤਾਲ ਵਾਲਿਆਂ ਨੇ ਜਾਣ-ਬੁੱਝ ਕੇ ਉਸ ਦੀ ਪਤਨੀ ਦਾ ਟੈਸਟ ਕੋਰੋਨਾ ਪੌਜ਼ੀਟਿਵ ਦੱਸਿਆ ਹੈ। ਉਸ ਨੇ ਕਿਹਾ ਕਿ ਉਹ ਆਪਣੀ ਪਤਨੀ ਦਾ ਸਿਵਲ ਹਸਪਤਾਲ 'ਚ ਇਲਾਜ ਨਹੀਂ ਕਰਵਾਉਣਾ ਚਾਹੁੰਦਾ ਪਰ ਹੁਣ ਉਸ ਨੂੰ ਛੁੱਟੀ ਵੀ ਨਹੀਂ ਦਿੱਤੀ ਜਾ ਰਹੀ।
ਜਦੋਂ ਮਾਮਲੇ ਸਬੰਧੀ ਸੀਨੀਅਰ ਮੈਡੀਕਲ ਅਫ਼ਸਰ ਨਾਲ ਗੱਲ ਕੀਤੀ ਗਈ ਤਾਂ ਡਾ. ਅਮਰਜੀਤ ਕੌਰ ਨੇ ਕਿਹਾ ਕਿ ਮਨਜੀਤ ਸਿੰਘ ਦੀ ਪਤਲੀ 4 ਅਗਸਤ ਨੂੰ ਦਾਖ਼ਲ ਹੋਈ ਸੀ, ਜਿਸ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਹੈ। ਨਿੱਜੀ ਲੈਬ ਬਾਰੇ ਉਨ੍ਹਾਂ ਕਿਹਾ ਕਿ ਉਹ ਨਿੱਜੀ ਲੈਬ ਦੇ ਟੈਸਟ ਨੂੰ ਨਹੀਂ ਮੰਨਦੇ। ਉਨ੍ਹਾਂ ਕਿਹਾ ਕਿ ਮਰੀਜ਼ ਨੂੰ ਛੁੱਟੀ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਉਹ ਗਰਭਵਤੀ ਹੈ ਅਤੇ ਕੋਰੋਨਾ ਪੌਜ਼ੀਟਿਵ ਹੈ।
ਇਹ ਕੋਈ ਪਹਿਲਾ ਮਾਮਲਾ ਨਹੀਂ ਜਦੋਂ ਸਿਵਲ ਹਸਪਤਾਲ ਇਲਜ਼ਾਮਾਂ ਦੇ ਘੇਰੇ 'ਚ ਹੋਵੇ। ਇਸ ਤੋਂ ਪਹਿਲਾਂ ਵੀ ਕਈ ਲੋਕਾਂ ਵੱਲੋਂ ਹਸਪਤਾਲ 'ਤੇ ਉਨ੍ਹਾਂ ਨੂੰ ਜਾਣਬੁੱਝ ਕੇ ਕੋਰੋਨਾ ਪੌਜ਼ੀਟਿਵ ਕਰਨ ਦੇ ਇਲਜ਼ਾਮ ਲੱਗ ਚੁੱਕੇ ਹਨ।