ਲੁਧਿਆਣਾ: ਪੰਜਾਬ ਵਿੱਚ ਕਿਸਾਨਾਂ ਵੱਲੋਂ ਰੇਲ ਰੋਕੋ ਅੰਦੋਲਨ ਜਾਰੀ ਹੈ ਜਿਸ ਨੂੰ ਲੈ ਕੇ ਹੁਣ ਸਰਕਾਰ ਖ਼ੁਦ ਚਿੰਤਾ 'ਚ ਆ ਗਈ ਹੈ, ਕਿਉਂਕਿ ਪੰਜਾਬ ਵਿਚ ਕੋਲੇ ਦੀ ਸਪਲਾਈ ਨਾ ਹੋਣ ਕਰਕੇ ਕੁਝ ਦਿਨਾਂ ਦਾ ਹੀ ਸਟਾਕ ਰਹਿ ਗਿਆ ਹੈ। ਇਸ ਕਾਰਨ ਆਉਣ ਵਾਲੇ ਦਿਨਾਂ 'ਚ ਪੰਜਾਬ 'ਚ ਬਿਜਲੀ ਦਾ ਗੰਭੀਰ ਸੰਕਟ ਪੈਦਾ ਹੋ ਸਕਦਾ ਹੈ, ਕਿਉਂਕਿ ਕੋਲੇ ਦੇ ਨਾਲ ਹੀ ਥਰਮਲ ਪਲਾਂਟ ਚਲਦੇ ਹਨ ਜਿਨ੍ਹਾਂ ਨਾਲ ਬਿਜਲੀ ਪੈਦਾ ਹੁੰਦੀ ਹੈ।
ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ ਕੈਪਟਨ ਸੰਦੀਪ ਸੰਧੂ ਨੇ ਕਿਸਾਨਾਂ ਅੱਗੇ ਬੇਨਤੀ ਕੀਤੀ ਕਿ ਉਹ ਜ਼ਰੂਰੀ ਸਮਾਨ ਦੀਆਂ ਟਰੇਨਾਂ ਨੂੰ ਆਉਣ ਦੇਣ, ਨਹੀਂ ਤਾਂ ਅੱਗੇ ਜਾਕੇ ਉਨ੍ਹਾਂ ਨੂੰ ਫ਼ਸਲਾਂ ਬੀਜਣ ਲਈ ਫਰਟੀਲਾਇਜ਼ਰ ਤੱਕ ਨਹੀਂ ਮਿਲਣਗੇ।
ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਦੇ ਕਾਰਨ ਆਉਣ ਵਾਲੇ ਦਿਨਾਂ ਵਿਚ ਪੰਜਾਬ ਵਿਚ ਗੰਭੀਰ ਬਿਜਲੀ ਸੰਕਟ ਆ ਸਕਦਾ ਹੈ। ਉਨ੍ਹਾਂ ਕਿਹਾ ਕਿ ਕੋਲਾ ਖ਼ਤਮ ਹੋਣ ਕੰਡੇ ਹੈ। ਇਸ ਮੌਕੇ ਪੰਜਾਬ 'ਚ ਕੋਲਾ ਨਹੀਂ ਆ ਰਿਹਾ ਜਿਸ ਕਰਕੇ ਬਿਜਲੀ ਦੇ ਥਰਮਲ ਪਲਾਂਟ ਬੰਦ ਹੋ ਜਾਣਗੇ ਤੇ ਬਿਜਲੀ ਸੰਕਟ ਪੈਦਾ ਹੋ ਜਾਵੇਗਾ।
ਉਨ੍ਹਾਂ ਕਿਹਾ ਕਿ ਕਈ ਤਰ੍ਹਾਂ ਦੀਆਂ ਸਬਜ਼ੀਆਂ ਬਾਹਰ ਨਹੀਂ ਆ ਰਹੀਆਂ। ਇਸ ਤੋਂ ਇਲਾਵਾ ਸੀਮੈਂਟ, ਫ਼ਸਲਾਂ ਦੇ ਲਈ ਫਰਟੀਲਾਈਜ਼ਰ ਵੀ ਨਹੀਂ ਆ ਪਾ ਰਹੇ ਜਿਸ ਕਾਰਨ ਕਣਕ ਦੀ ਬਿਜਾਈ ਨੂੰ ਲੈ ਕੇ ਵੱਡੀ ਸਮੱਸਿਆ ਪੈਦਾ ਹੋ ਸਕਦੀ ਹੈ।
ਉਨ੍ਹਾਂ ਕਿਹਾ ਕਿ ਉਹ ਅਪੀਲ ਕਰਦੇ ਹਨ ਕਿ ਕਿਸਾਨ ਜ਼ਰੂਰੀ ਸਮਾਨ ਦੀਆਂ ਟਰੇਨਾਂ ਨੂੰ ਆਉਣ ਦੇਣ ਜਿਸ ਵਿਚ ਉਨ੍ਹਾਂ ਦਾ ਹੀ ਫਾਇਦਾ ਹੈ। ਉਧਰ ਨਵਜੋਤ ਸਿੰਘ ਸਿੱਧੂ ਵੱਲੋਂ ਬੀਤੇ ਦਿਨੀ ਰਾਹੁਲ ਗਾਂਧੀ ਦੀ ਆਮਦ ਦੌਰਾਨ ਸਟੇਜ ਤੋਂ ਸੁਖਜਿੰਦਰ ਰੰਧਾਵਾ ਨਾਲ ਤਲਖੀ ਹੋਣ ਦੇ ਮਾਮਲੇ 'ਚ ਕਿਹਾ ਕਿ ਕੁਝ ਸਮਾਂ ਥੋੜਾ ਹੋਣ ਕਰਕੇ ਉਨ੍ਹਾਂ ਨੂੰ ਸਾਰੇ ਬੁਲਾਰਿਆਂ ਨੂੰ ਪਰਚੀਆਂ ਦੇਣੀਆਂ ਪਈਆਂ ਸਨ। ਪਰ ਨਵਜੋਤ ਸਿੰਘ ਸਿੱਧੂ ਕੁਝ ਸਮਝ ਨਹੀਂ ਪਾਏ। ਉਨ੍ਹਾਂ ਕਿਹਾ ਕਿ ਮਾਮਲਾ ਸੀਨੀਅਰ ਲੀਡਰਾਂ ਦੇ ਧਿਆਨ ਹਿੱਤ ਹੈ।