ਲੁਧਿਆਣਾ: ਮੁੱਲਾਂਪੁਰ ਦਾਖਾ ਤੋਂ ਟੀਟੂ ਬਾਣੀਆਂ ਨੇ ਜ਼ਿਮਨੀ ਚੋਣਾਂ ਲਈ ਪਹਿਲੀ ਨਾਮਜ਼ਦਗੀ ਭਰੀ। ਇਸ ਦੌਰਾਨ ਉਹ ਗਲ਼ 'ਚ ਮੀਟਰ ਪਾ ਕੇ ਨਮਜ਼ਦਗੀ ਭਰਨ ਪੁੱਜੇ। ਲੋਕ ਸਭਾ ਚੋਣਾਂ 'ਚ ਆਪਣੀ ਕਿਸਮਤ ਅਜ਼ਮਾ ਚੁੱਕੇ ਟੀਟੂ ਬਾਣੀਆਂ ਮੁੜ ਤੋਂ ਮੁੱਲਾਂਪੁਰ ਦਾਖਾ ਤੋਂ ਜ਼ਿਮਨੀ ਚੋਣਾਂ ਵਿੱਚ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉੱਤਰੇ ਹਨ। ਬੁੱਧਵਾਰ ਨੂੰ ਉਨ੍ਹਾਂ ਨੇ ਐਸਡੀਐਮ ਦਫ਼ਤਰ ਵਿੱਚ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਵਾਇਆ। ਇਸ ਦੌਰਾਨ ਉਹ ਗਲ਼ ਵਿੱਚ ਬਿਜਲੀ ਦਾ ਮੀਟਰ ਪਾ ਕੇ ਨਾਮਜ਼ਦਗੀ ਭਰਨ ਪਹੁੰਚੇ।
ਇਸ ਦੌਰਾਨ ਪੱਤਰਕਾਰਾਂ ਵੱਲੋਂ ਮੀਟਰ ਪਾਉਣ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਮਿਲਖਾ ਸਿੰਘ ਨਾਲੋਂ ਤੇਜ਼ ਬਿਜਲੀ ਦੇ ਮੀਟਰ ਭੱਜ ਰਹੇ ਹਨ। ਲੋਕਾਂ ਨੂੰ ਬਿਜਲੀ ਦਾ ਬਿੱਲ ਭਰਨਾ ਭਾਰੀ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਸਰਕਾਰ ਤੱਕ ਇਸ ਗੱਲ ਨੂੰ ਪਹੁੰਚਾਉਣਾ ਚਾਹੁੰਦੇ ਹਨ ਕਿ ਆਮ ਖੱਪਤਕਾਰਾਂ ਉੱਤੇ ਬਿਜਲੀ ਦਾ ਬਿੱਲ ਭਾਰੀ ਬੋਝ ਵਧਾ ਰਿਹਾ ਹੈ ਅਤੇ ਗ਼ਲਤ ਬਿੱਲ ਕਾਰਨ ਲੋਕਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਉਹ ਸਰਕਾਰ ਵਿਰੁੱਧ ਆਪਣੀ ਜੰਗ ਜਾਰੀ ਰੱਖਣਗੇ।
ਦੱਸਣਯੋਗ ਹੈ ਕਿ ਟੀਟੂ ਬਾਣੀਆਂ ਨੇ ਲੁਧਿਆਣਾ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਵੀ ਚੋਣ ਲੜੀ ਸੀ ਪਰ ਉਹ ਹਾਰ ਗਏ ਸਨ। ਇਸ ਵਾਰ ਉਨ੍ਹਾਂ ਦਾ ਮੁੱਖ ਮੁਕਾਬਲਾ ਮਨਪ੍ਰੀਤ ਸਿੰਘ ਇਆਲੀ ਨਾਲ ਹੈ।