ਲੁਧਿਆਣਾ: ਪਿੰਡ ਈਸੇਵਾਲ ਵਿੱਚ ਸ਼ਹੀਦ ਨਿਰਮਲ ਸਿੰਘ ਕਾਹਲੋਂ ਦੇ ਸ਼ਹੀਦੀ ਸਮਾਗਮ ਦੌਰਾਨ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਸ਼ਹੀਦਾਂ ਨੂੰ ਯਾਦ ਰੱਖਣਾ ਸਾਡਾ ਫ਼ਰਜ਼ ਹੈ, ਜਿਨ੍ਹਾਂ ਨੇ ਸਾਡੇ ਲਈ ਕੁਰਬਾਨੀਆਂ ਦਿੱਤੀਆਂ। ਇਸ ਸਮਾਗਮ ਤੋਂ ਪਹਿਲਾਂ ਉਹ ਮੁੱਲਾਂਪੁਰ ਦਾਖਾਂ ਦੇ ਇੱਕ ਸਕੂਲ ਵਿੱਚ ਵੀ ਪੁੱਜੇ, ਪਰ ਸਮਾਗਮ ਵਿੱਚ ਲੇਟ ਪੁੱਜਣ ਕਰਕੇ ਉਨ੍ਹਾਂ ਨੂੰ ਪੱਤਰਕਾਰਾਂ ਨੇ ਸਵਾਲ ਕੀਤੇ। ਇਸ ਦੌਰਾਨ ਪਿੰਡ ਦੇ ਸਰਪੰਚ ਨੇ ਵੀ ਕਿਹਾ ਕਿ ਸਮਾਗਮ ਦੇਰੀ ਨਾਲ ਸ਼ੁਰੂ ਹੋਇਆ ਹੈ। ਉਨ੍ਹਾਂ ਕਿਹਾ ਕਿ 700 ਲੋਕਾਂ ਦਾ ਇੱਥੇ ਇਕੱਠ ਕੀਤਾ ਗਿਆ ਸੀ ਜਿਸ ਵਿੱਚ ਬੱਚੇ ਵੀ ਸ਼ਾਮਲ ਸਨ।
ਲੇਟ ਪੁੱਜਣ 'ਤੇ ਸਫ਼ਾਈ: ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਸਮਾਗਮ ਵਿੱਚ ਲੇਟ ਪੁੱਜਣ ਦਾ ਕਾਰਨ ਦੱਸਦਿਆ ਕਿਹਾ ਕਿ ਮੁੱਲਾਪੁਰ ਸਕੂਲ 'ਚ ਪ੍ਰੋਗਰਾਮ ਦੌਰਾਨ ਉਨ੍ਹਾਂ ਨੂੰ 3 ਘੰਟੇ ਦਾ ਸਮਾਂ ਲੱਗਾ, ਜਿਸ ਕਾਰਨ ਉਹ ਲੇਟ ਪਹੁੰਚੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਬੱਚਿਆਂ ਨੂੰ ਖਾਣਾ ਨਾ ਮਿਲਣ ਦੇ ਇਲਜ਼ਾਮਾਂ ਨੂੰ ਲੈਕੇ ਵੀ ਪ੍ਰਬੰਧਕਾਂ 'ਤੇ ਸਵਾਲ ਖੜੇ ਕੀਤੇ। ਉੱਥੇ ਹੀ, ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਾਰੇ ਸਵਾਲ ਦਾ ਜਵਾਬ ਦਿੰਦਿਆ ਕਿਹਾ ਕਿ ਸਰਕਾਰ ਇਸ ’ਤੇ ਕੰਮ ਕਰ ਰਹੀ ਹੈ, ਜਦਕਿ ਟਰਾਂਸਪੋਰਟ ਮਾਮਲੇ ਉੱਤੇ ਸੁਖਬੀਰ ਬਾਦਲ ਅਤੇ ਬਾਦਲ ਪਰਿਵਾਰ 'ਤੇ ਮਾਣਹਾਨੀ ਦਾ ਕੇਸ ਦਰਜ ਕਰਵਾਉਣ 'ਤੇ ਨਿਸ਼ਾਨਾ ਸਾਧਿਆ।
ਵਿਰੋਧੀਆਂ ਉੱਤੇ ਸਾਧਿਆ ਨਿਸ਼ਾਨਾ: ਸੁਖਬੀਰ ਬਾਦਲ ਵੱਲੋਂ ਮਾਫੀਆ ਸ਼ਬਦ ਨੂੰ ਲੈ ਕੇ ਮਾਣਹਾਨੀ ਦੇ ਦਾਅਵੇ 'ਤੇ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਪੰਜਾਬ ਦੇ ਲੋਕ ਜਾਣਦੇ ਹਨ ਕਿ ਮਾਫੀਆ ਕੌਣ ਹੈ। ਇਸ ਤੋਂ ਇਲਾਵਾ ਬੈਂਸ ਵੱਲੋਂ ਚੰਡੀਗੜ੍ਹ 'ਚ ਅਫਸਰਾਂ ਦੇ ਤਬਾਦਲਿਆਂ ਬਾਰੇ ਪੁੱਛੇ ਸਵਾਲ 'ਤੇ ਉਨ੍ਹਾਂ ਭਾਜਪਾ 'ਤੇ ਹੀ ਨਿਸ਼ਾਨਾ ਸਾਧਿਆ ਅਤੇ ਕਿਹਾ ਹੈ ਕਿ ਜਦੋਂ ਚੰਗੇ ਮੌਕੇ ਪੈਦਾ ਕਰਨ ਦੀ ਲੋੜ ਹੁੰਦੀ ਹੈ, ਤਾਂ ਭਾਜਪਾ ਪੈਨਲ ਮੰਗਣ ਦੀ ਗੱਲ ਕਰਦੀ ਹੈ ਅਤੇ ਜਦੋਂ ਹਟਾਉਣ ਦੀ ਗੱਲ ਹੁੰਦੀ ਹੈ, ਤਾਂ ਆਪਣੀ ਮਰਜ਼ੀ ਦੇ ਨਾਲ ਹਟਾ ਦਿੱਤਾ ਜਾਂਦਾ ਹੈ। ਇਸ ਦੌਰਾਨ ਕਿਹਾ ਕਿ ਇੱਕ ਜਾਂ ਦੋ ਸਾਲਾਂ ਵਿੱਚ ਸਭ ਨੂੰ ਪਤਾ ਲੱਗ ਜਾਵੇਗਾ ਕਿ ਕਿਸ ਨੇ ਗੈਂਗਸਟਰਾਂ ਨੂੰ ਸੂਬੇ ਵਿੱਚ ਹਵਾ ਦਿੱਤੀ ਹੈ।
'ਜੇਲ੍ਹ 'ਚ ਮੋਬਾਇਲ ਬਰਾਮਦਗੀ ਰੋਕਣ ਲਈ ਕਰ ਰਹੇ ਕੰਮ': ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਜੇਲ੍ਹਾਂ ਵਿੱਚ ਮੋਬਾਇਲਾਂ ਦੀ ਲਗਾਤਾਰ ਬਰਾਮਦਗੀ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਉੱਤੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰੀ ਜੇਲ੍ਹਾਂ ਵਿੱਚ ਵਧੇਰੇ ਮੋਬਾਇਲ ਬਰਾਮਦ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਵੱਖ-ਵੱਖ ਟੈਲੀਫੋਨ ਕੰਪਨੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ, ਤਾਂ ਜੋ ਸੰਕੇਤ ਮਿਲ ਸਕਣ ਅਤੇ ਅਸੀਂ ਜੇਲ੍ਹਾਂ ਵਿੱਚ ਮੋਬਾਇਲ ਦੀ ਵਰਤੋਂ ਉੱਤੇ ਰੋਕ ਲਾ ਸਕੀਏ। ਇਸ ਤੋਂ ਇਲਾਵਾ ਉਨ੍ਹਾਂ ਕਪੂਰਥਲਾ ਜੇਲ੍ਹ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਹੈ।
'ਮੰਤਰੀ ਦੇ ਲੇਟ ਆਉਣ ਨਾਲ ਥੋੜੀ ਪ੍ਰੇਸ਼ਾਨੀ ਤਾਂ ਹੋਈ': ਉੱਥੇ ਦੂਜੇ ਪਾਸੇ ਪਿੰਡ ਦੇ ਸਰਪੰਚ ਨੇ ਇਹ ਜ਼ਰੂਰ ਕਿਹਾ ਕਿ ਸਮਾਗਮ ਕਾਫੀ ਦੇਰੀ ਨਾਲ ਸ਼ੁਰੂ ਹੋਇਆ ਹੈ। ਉਨ੍ਹਾਂ ਕਿਹਾ ਕਿ ਬੱਚੇ ਜ਼ਰੂਰ ਥੋੜੇ ਪਰੇਸ਼ਾਨ ਹੋਏ ਹਨ, ਪਰ ਉਨ੍ਹਾਂ ਨਾਲ ਹੀ ਕਿਹਾ ਕਿ ਉਹ ਕੈਬਨਿਟ ਮੰਤਰੀ ਹਰਜੋਤ ਬੈਂਸ ਕਿਸੇ ਕੰਮ ਵਿੱਚ ਮਸ਼ਰੂਫ ਹੋਣ ਕਰਕੇ ਲੇਟ ਹੋ ਗਏ। ਇਸ ਕਰਕੇ ਥੋੜ੍ਹੀ ਪ੍ਰੇਸ਼ਾਨੀ ਜ਼ਰੂਰ ਆਈ ਹੈ, ਪਰ ਅਸੀਂ ਬੱਚਿਆਂ ਦਾ ਧਿਆਨ ਰੱਖ ਰਹੇ ਹਾਂ। ਉੱਥੇ ਹੀ ਸੁਰੱਖਿਆ ਨੂੰ ਲੈਕੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਤਾਂ ਪ੍ਰਸ਼ਾਸ਼ਨ ਹੀ ਜ਼ਿਆਦਾ ਦੱਸ ਸਕਦਾ ਹੈ।
ਇਹ ਵੀ ਪੜ੍ਹੋ: ਜੇਲ੍ਹ ਵਿੱਚ ਬੰਦ ਹਵਾਲਾਤੀ ਵੱਲੋਂ ਜੇਲ੍ਹ ਦੇ ਸਹਾਇਕ ਸੁਪਰੀਡੈਂਟ ਨੂੰ ਧਮਕੀਆਂ !