ਲੁਧਿਆਣਾ: ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੂੰ ਸਥਾਨਕ ਅਦਾਲਤ ਵੱਲੋਂ ਸਜ਼ਾ ਸੁਣਾਏ ਜਾਣ ਤੋਂ ਬਾਅਦ ਹੁਣ ਮਾਮਲਾ ਲਗਾਤਾਰ ਭੱਖਦਾ ਜਾ ਰਿਹਾ ਹੈ। ਵਿਰੋਧੀ ਪਾਰਟੀਆਂ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਸਵਾਲ ਖੜੇ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ। ਖਾਸ ਕਰਕੇ ਭਾਜਪਾ ਨੇ ਅਮਨ ਅਰੋੜਾ ਦੇ ਗਣਤੰਤਰ ਦਿਹਾੜੇ ਮੌਕੇ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕਰਨ 'ਤੇ ਸਵਾਲ ਖੜੇ ਕੀਤੇ ਹਨ। ਉਨ੍ਹਾਂ ਕਿਹਾ ਕਿ ਇਹ ਸੰਵਿਧਾਨ ਦੀ ਉਲੰਘਣਾ ਹੈ ਕਿ ਇੱਕ ਦੋਸ਼ੀ ਜਿਸ ਨੂੰ ਸਜ਼ਾ ਹੋ ਚੁੱਕੀ ਹੈ, ਉਹ ਕਿਸ ਤਰ੍ਹਾਂ ਤਿਰੰਗਾ ਲਹਿਰਾ ਸਕਦਾ ਹੈ। ਉਹਨਾਂ ਕਿਹਾ ਕਿ ਇਸ 'ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਖਾਸ ਤੌਰ 'ਤੇ ਭਗਵੰਤ ਮਾਨ ਨੂੰ ਜਵਾਬ ਦੇਣਾ ਚਾਹੀਦਾ ਹੈ।
ਅਮਨ ਅਰੋੜਾ ਨੂੰ ਦੇਣਾ ਚਾਹੀਦਾ ਅਸਤੀਫਾ: ਭਾਜਪਾ ਦੇ ਬੁਲਾਰੇ ਨੇ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਜਦੋਂ ਕਿਸੇ ਹੋਰ ਪਾਰਟੀ ਦੀ ਸਰਕਾਰ ਹੁੰਦੀ ਹੈ ਤਾਂ ਮਾਮਲਾ ਦਰਜ ਹੋਣ 'ਤੇ ਹੀ ਕੈਬਨਿਟ ਰੈਂਕ ਤੋ ਅਸਤੀਫਾ ਦੇ ਦਿੰਦੇ ਹਨ। ਨੈਤਿਕਤਾ ਦੇ ਆਧਾਰ 'ਤੇ ਅਮਨ ਅਰੋੜਾ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਸੀ ਪਰ ਭਗਵੰਤ ਮਾਨ ਨੇ ਹਾਲੇ ਤੱਕ ਇਸ ਮੁੱਦੇ ਬਾਰੇ ਕੋਈ ਗੱਲ ਹੀ ਨਹੀਂ ਕੀਤੀ ਅਤੇ ਨਾ ਹੀ ਉਹਨਾਂ ਤੋਂ ਅਸਤੀਫਾ ਲਿਆ ਗਿਆ ਹੈ। ਉਹਨਾਂ ਕਿਹਾ ਕਿ ਜਦੋਂ ਇਸ ਬਾਰੇ ਕੋਈ ਗੱਲ ਕਰਦਾ ਹੈ ਤਾਂ ਭਗਵੰਤ ਮਾਨ ਕਹਿੰਦੇ ਨਹੀਂ ਕਿ ਇਹ ਪੰਜਾਬ ਦਾ ਮੁੱਦਾ ਹੀ ਨਹੀਂ ਹੈ।
ਬਿੱਟੂ ਨੇ ਦੱਸਿਆ ਅਰੋੜਾ ਦਾ ਪਰਿਵਾਰਕ ਮਸਲਾ: ਹਾਲਾਂਕਿ ਇਸ ਸਬੰਧੀ ਜਦੋਂ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੂੰ ਸਵਾਲ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਇਹ ਅਮਨ ਅਰੋੜਾ ਦਾ ਪਰਿਵਾਰਕ ਮਸਲਾ ਹੈ, ਉਹਨਾਂ ਦਾ ਆਪਣਾ ਘਰੇਲੂ ਮਾਮਲਾ ਹੈ। ਉਹਨਾਂ ਕਿਹਾ ਕਿ ਸਿਆਸਤ ਤੋਂ ਸ਼ਿਕਾਰ ਹੋ ਕੇ ਕਦੇ ਵੀ ਕਿਸੇ ਨੂੰ ਕਿਸੇ ਵੀ ਕਿਸਮ ਦੀ ਸਜ਼ਾ ਨਹੀਂ ਦਵਾਉਣੀ ਚਾਹੀਦੀ। ਉਹਨਾਂ ਕਿਹਾ ਕਿ ਹਾਲਾਂਕਿ ਇਹ ਅਦਾਲਤ ਦਾ ਫੈਸਲਾ ਹੈ ਅਤੇ ਅਦਾਲਤ ਨੇ ਜੋ ਫੈਸਲਾ ਕੀਤਾ ਹੈ, ਤੱਥਾਂ ਦੇ ਅਧਾਰ 'ਤੇ ਹੀ ਕੀਤਾ ਹੈ। ਉਹਨਾਂ ਕਿਹਾ ਕਿ ਅਸੀਂ ਇਸ ਮਾਮਲੇ ਦੇ ਵਿੱਚ ਸਿਆਸਤ ਨਹੀਂ ਕਰਦੇ, ਇਹ ਉਹਨਾਂ ਦਾ ਕੋਈ ਪਰਿਵਾਰਕ ਪੁਰਾਣਾ ਮਸਲਾ ਹੋ ਸਕਦਾ ਹੈ। ਉਹਨਾਂ ਕਿਹਾ ਜੇਕਰ ਆਮ ਆਦਮੀ ਪਾਰਟੀ ਦੇ ਆਗੂ ਬਦਲਾਖੋਰੀ ਦੀ ਰਾਜਨੀਤੀ ਕਰਦੇ ਹਨ ਤਾਂ ਇਸ ਦਾ ਜਵਾਬ ਫਿਰ ਕੇਂਦਰ ਵੀ ਦਿੰਦੀ ਹੈ।