ਲੁਧਿਆਣਾ: ਜੇਕਰ ਮਿਹਨਤ ਦਿਲ ਨਾਲ ਕੀਤੀ ਜਾਵੇ ਤਾਂ ਫ਼ਲ ਜ਼ਰੂਰ ਮਿਲਦਾ ਹੈ। ਅਸੀਂ ਤੁਹਾਨੂੰ ਪਿੰਡ ਹਰਿਓ ਕਲਾਂ ਦੇ ਰਹਿਣ ਵਾਲੇ ਭਾਗ ਸਿੰਘ ਤੋਂ ਮਿਲਾਉਣ ਜਾ ਰਹੇ ਹਾਂ ਜੋ ਆਪਣੀ ਮਿਹਨਤ ਅਤੇ ਲਗਨ ਸਦਕਾ ਅੱਜ ਚੰਗੀ ਕਮਾਈ ਕਰ ਰਿਹਾ ਹੈ। ਭਾਗ ਸਿੰਘ ਮਧੂ-ਮੱਖੀ ਪਾਲਣ ਦਾ ਕੰਮ ਕਰਦਾ ਹੈ ਅਤੇ ਅੱਜ ਉਸ ਦਾ ਸ਼ਹਿਦ 400 ਰੁਪਏ ਕਿੱਲੋ ਤੱਕ ਵਿਕ ਰਿਹਾ ਹੈ।
20 ਸਾਲ ਪਹਿਲਾਂ ਦੋ ਬਕਸਿਆਂ ਤੋਂ ਸ਼ੁਰੂ ਕੀਤਾ ਸੀ ਕੰਮ
ਭਾਗ ਸਿੰਘ ਨੇ ਦੱਸਿਆ ਕਿ ਉਸ ਨੇ ਇਹ ਕੰਮ ਸਾਲ 2000 'ਚ ਮਧੂ-ਮੱਖੀ ਦੇ ਦੋ ਬਕਸਿਆਂ ਤੋਂ ਸ਼ੁਰੂ ਕੀਤਾ ਸੀ ਅਤੇ ਅੱਜ ਉਸ ਕੋਲ 1000 ਬਕਸੇ ਹਨ। ਭਾਗ ਸਿੰਘ ਅਨੁਸਾਰ ਮਧੂ-ਮੱਖੀ ਦੇ ਇੱਕ ਬਕਸੇ 'ਤੇ ਕਰੀਬ 1300-1500 ਤੱਕ ਦਾ ਖ਼ਰਚ ਆਉਂਦਾ ਹੈ, ਪਰ ਇੱਕ ਬਕਸੇ ਤੋਂ 4 ਤੋਂ 5 ਹਜ਼ਾਰ ਤੱਕ ਦੀ ਕਮਾਈ ਹੁੰਦੀ ਹੈ। ਭਾਗ ਸਿੰਘ ਲੇਬਰ ਨਾਲ ਇਹ ਕੰਮ ਕਰਦਾ ਹੈ ਅਤੇ ਉਸ ਨੇ ਇਸੇ ਕੰਮ ਦੇ ਨਾਲ ਹੀ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਿੱਤੀ ਹੈ ਅਤੇ ਘਰ ਬਣਾਇਆ ਹੈ।
ਸੂਬੇ 'ਚ ਬਕਸਿਆਂ ਦੀ ਦੇਣੀ ਪੈਂਦੀ ਹੈ ਭਾਰੀ ਕੀਮਤ
ਭਾਗ ਸਿੰਘ ਨੇ ਸਰਕਾਰ ਅਤੇ ਵਿਚੋਲਿਆਂ ਨੂੰ ਨਿਸ਼ਾਨੇ 'ਤੇ ਲਿਆ ਹੈ। ਭਾਗ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਸ਼ਹਿਦ ਜਾਂ ਹੋਰ ਫ਼ਸਲਾਂ ਜਾਂ ਸਮਾਨ ਦਾ ਮੁੱਲ ਤੈਅ ਨਹੀਂ ਕਰਦੀ, ਜਿਸ ਨਾਲ ਇਸ ਕਿੱਤੇ ਨਾਲ ਜੁੜੇ ਕਈ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਭਾਗ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਸਬਸੀਡੀ ਰਾਹੀਂ ਸਾਡੀ ਮਾਲੀ ਮਦਦ ਕਰਦੀ ਹੈ ਪਰ ਵਿਚੋਲਿਆਂ ਵੱਲੋਂ ਪੈਸੇ ਖਾ ਲਏ ਜਾਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਰਾਜਸਥਾਨ, ਮਹਾਰਾਸ਼ਟਰ ਅਤੇ ਹੋਰ ਸੂਬਿਆਂ 'ਚੋਂ ਉਨ੍ਹਾਂ ਨੂੰ ਮਧੂ-ਮੱਖੀ ਦੇ ਬਕਸੇ 300, 400 ਰੁਪਏ ਦੇ ਮਿਲਦੇ ਹਨ ਪਰ ਉਨ੍ਹਾਂ ਨੂੰ ਆਪਣੇ ਸੂਬੇ 'ਚ ਇਨ੍ਹਾਂ ਬਕਸਿਆਂ ਦੀ ਭਾਰੀ ਕੀਮਤ ਦੇਣੀ ਪੈਂਦੀ ਹੈ।
ਭਾਗ ਸਿੰਘ ਦੀ ਸਰਕਾਰ ਨੂੰ ਅਪੀਲ
ਭਾਗ ਸਿੰਘ ਨੇ ਸਹਾਇਕ ਧੰਦੇ ਕਰਨ ਵਾਲਿਆਂ ਦੀ ਹਾਲਤ 'ਚ ਸੁਧਾਰ ਲਈ ਸਰਕਾਰ ਨੂੰ ਸੁਝਾਅ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਸਬਸੀਡੀ ਦੇ ਪੈਸੇ ਸਿੱਧੇ ਲੋੜਵੰਦਾਂ ਦੇ ਬੈਂਕ ਖਾਤਿਆਂ 'ਚ ਪਾਵੇ ਤਾਂ ਜੋ ਵਿਅਕਤੀ ਆਪਣੇ ਹਿਸਾਬ ਨਾਲ ਉਸ ਨੂੰ ਖ਼ਰਚ ਕਰ ਸਕੇ।
ਆਮ ਲੋਕ ਵੀ ਅਪਣਾਉਣ ਖੇਤੀ ਦੇ ਸਹਾਇਕ ਧੰਦੇ
ਭਾਗ ਸਿੰਘ ਦੀ ਪਤਨੀ ਬਲਜੀਤ ਕੌਰ ਅਤੇ ਉਸ ਦਾ ਪੁੱਤ ਵੀ ਇਸ ਕੰਮ 'ਚ ਹੱਥ ਵਟਾਉਂਦੇ ਹਨ। ਭਾਗ ਸਿੰਘ ਨੇ ਕਿਹਾ ਕਿ ਜੇਕਰ ਚੰਗੀ ਤਰ੍ਹਾਂ ਮਿਹਨਤ ਨਾਲ ਕਮ ਕੀਤਾ ਜਾਵੇ ਤਾਂ 4000-4500 ਤਕ ਦੀ ਬਚਤ ਹੁੰਦੀ ਹੈ ਅਤੇ ਜੇਕਰ ਧਿਆਨ ਨਾ ਦਿੱਤਾ ਜਾਵੇ ਤਾਂ ਕੋਈ ਬਚਤ ਨਹੀਂ ਹੁੰਦੀ। ਮਧੂ ਮੱਖੀ ਪਾਲਣ ਦੇ ਕੰਮ 'ਚ ਚੰਗੀ ਕਮਾਈ ਕਰ ਰਹੇ ਭਾਗ ਸਿੰਘ ਨੇ ਆਮ ਲੋਕਾਂ ਨੂੰ ਵੀ ਖੇਤੀ ਦੇ ਸਹਾਇਕ ਧੰਦੇ ਆਪਣਾਉਣ ਦਾ ਸੁਝਾਅ ਦਿੱਤਾ ਹੈ।