ਲੁਧਿਆਣਾ: ਦੋਰਾਹਾ ਦੇ ਨੇੜੇ ਪੈਂਦੇ ਪਿੰਡ ਰਾਜਗੜ੍ਹ ਵਿਖੇ ਪਿੰਡ ਦੀ ਪੰਚਾਇਤ ਵੱਲੋਂ ਪਿੰਡ ਅਤੇ ਪਿੰਡ ਦੇ ਐਨਆਰਆਈ ਲੋਕਾਂ ਦੇ ਸਹਿਯੋਗ ਦੇ ਨਾਲ ਇੱਕ ਵੱਖਰਾ ਉਪਰਾਲਾ ਕੀਤਾ ਗਿਆ ਹੈ। ਪਿੰਡ ਦੇ ਵਿੱਚ ਚੰਗੀ ਸਹਿਤ ਸਹੂਲਤਾਵਾਂ ਦੇਣ ਲਈ ਬਾਲਾ ਪ੍ਰੀਤਮ ਸਿਹਤ ਕੇਂਦਰ ਦੀ ਸ਼ੁਰੂਆਤ ਕੀਤੀ ਗਈ ਹੈ। ਪਿੰਡ ਰਾਜਗੜ੍ਹ ਦੇ ਸਰਪੰਚ ਹਰਤੇਜ ਸਿੰਘ ਨੇ ਹਸਪਤਾਲ ਦੀਆਂ ਸਿਹਤ ਸਹੂਲਤਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਹਰਤੇਜ ਸਿੰਘ ਨੇ ਦੱਸਿਆ ਕਿ ਇਸ ਸੇਵਾ ਕੇਂਦਰ 'ਚ ਪਰਚੀ ਫੀਸ 20 ਰੁਪਏ ਹੈ ਜੇਕਰ ਕੋਈ ਵਿਅਕਤੀ ਪਰਚੀ ਨਹੀਂ ਲੈ ਸਕਦਾ ਤਾਂ ਉਸ ਨੂੰ ਬਿਨ੍ਹਾਂ ਪਰਚੀ ਤੋਂ ਵੀ ਸਹੂਲਤ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਮਹਿਜ਼ 20 ਰੁਪਏ 'ਚ ਪਰਚੀ ਦੇ ਨਾਲ ਇੱਕ ਹਫ਼ਤੇ ਦੀ ਦਵਾਈ ਵੀ ਦਿੱਤੀ ਜਾਂਦੀ ਹੈ ਅਤੇ ਟੈਸਟ ਵੀ ਕੀਤੇ ਜਾਂਦੇ ਹਨ। ਹਰਤੇਜ ਸਿੰਘ ਨੇ ਦੱਸਿਆ ਕਿ ਸੂਬੇ 'ਚ ਸਿਹਤ ਸਹੂਲਤਾਵਾਂ ਨੂੰ ਵੇਖਦਿਆਂ ਲੋਕਾਂ ਦੀ ਮਦਦ ਲਈ ਇਹ ਸੇਵਾ ਸ਼ੁਰੂ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਹਸਪਤਾਲ 'ਚ ਐਮਬੀਬੀਐਸ ਡਾਕਟਰ ਮੌਜੂਦ ਹਨ ਜੋ ਲੋਕਾਂ ਦੀ ਦੇਖਰੇਖ ਕਰਦੇ ਹਨ। ਹਰਤੇਜ ਸਿੰਘ ਨੇ ਕਿਹਾ ਕਿ ਲੋਕਾਂ ਦੇ ਆਉਣ 'ਤੇ ਕਿਸੇ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਵੀ ਪਿੰਡ ਜਾਂ ਹਲਕੇ ਦਾ ਵਿਅਕਤੀ ਇੱਥੇ ਆਪਣੇ ਇਲਾਜ ਲਈ ਆ ਸਕਦਾ ਹੈ। ਮੌਕੇ 'ਤੇ ਮੌਜੂਦ ਕਾਂਗਰਸੀ ਆਗੂ ਜਸਬੀਰ ਜੱਸੀ ਨੇ ਨੋਜਵਾਨ ਸਰਪੰਚ ਹਰਤੇਜ ਸਿੰਘ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਹੈ ਅਤੇ ਭਰੋਸਾ ਦਵਾਇਆ ਹੈ ਕਿ ਬਾਕੀ ਪਿੰਡਾਂ 'ਚ ਵੀ ਅਜਿਹੇ ਉਪਰਾਲੇ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਇਸ ਤਰ੍ਹਾਂ ਹਰਤੇਜ ਸਿੰਘ ਨੇ ਆਪਣੇ ਇਸ ਕਦਮ ਨਾਲ ਆਪਣੇ ਸਰਪੰਚ ਹੋਣ ਦਾ ਫਰਜ਼ ਨਿਭਾਇਆ ਹੈ ਉੱਥੇ ਹੀ ਬਾਕੀਆਂ ਲਈ ਵੀ ਮਿਸਾਲ ਕਾਇਮ ਕੀਤੀ ਹੈ।