ਲੁਧਿਆਣਾ: ਆਧੁਨਿਕ ਸਮੇਂ ਜਿਥੇ ਇੰਟਰਨੈਟ ਤਕਨੀਕ ਨਾਲ ਸਾਰੀ ਦੁਨੀਆ ਸਾਡੀ ਮੁੱਠੀ ਵਿੱਚ ਹੋ ਗਈ ਹੈ, ਉਥੇ ਦੁਨੀਆ ਭਰ ਵਿੱਚ ਵਾਪਰਨ ਵਾਲੇ ਅਪਰਾਧ ਵਿੱਚ ਵੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਲੋਕ ਘਰ ਬੈਠੇ ਹੀ ਆਨਲਾਈਨ ਸ਼ਾਪਿੰਗ ਕਰ ਰਹੇ ਹਨ, ਮੋਬਾਈਲ ਸਿਮ ਖਰੀਦੇ ਜਾ ਰਹੇ ਹਨ, ਆਧਾਰ ਕਾਰਡ ਰਾਹੀਂ ਸਹੂਲਤਾਂ, ਦੂਰ ਬੈਠੇ ਰਿਸ਼ਤੇਦਾਰਾਂ ਤੇ ਦੋਸਤਾਂ-ਮਿੱਤਰਾਂ ਨਾਲ ਵੱਖ-ਵੱਖ ਐਪਸ ਤੇ ਤਸਵੀਰਾਂ ਦੇ ਨਾਲ ਵੀਡੀਓ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਪਰੰਤੂ ਸਵਾਲ ਇਥੇ ਇਹ ਖੜਾ ਹੁੰਦਾ ਹੈ ਕਿ ਕੀ ਇਹ ਆਨਲਾਈਨ ਮਾਧਿਅਮ ਪੂਰੀ ਤਰ੍ਹਾਂ ਸੁਰੱਖਿਅਤ ਹੈ? ਅਤੇ ਜੇ ਸੁਰੱਖਿਅਤ ਹੈ ਤਾਂ ਕੀ ਅਸੀਂ ਵੀ ਪੂਰੀ ਤਰ੍ਹਾਂ ਸੁਰੱਖਿਅਤ ਵਰਤੋਂ ਕਰ ਰਹੇ ਹਾਂ।
ਮੌਜੂਦਾ ਸਮੇਂ ਸਾਈਬਰ ਕਰਾਈਮ ਕਰਨ ਵਾਲੇ ਮੁਲਜ਼ਮ ਵੀ ਇੰਟਰਨੈਟ ਦੀ ਵਰਤੋਂ ਕਰਕੇ ਨਵੇਂ-ਨਵੇਂ ਹੱਥਕੰਡੇ ਅਪਣਾ ਰਹੇ ਹਨ ਅਤੇ ਆਨਲਾਈਨ ਠੱਗੀਆਂ ਕਰ ਰਹੇ ਹਨ। ਸੋਮਵਾਰ ਨੂੰ ਲੁਧਿਆਣਾ ਦੇ ਏਡੀਸੀਪੀ ਦੀਪਕ ਪਾਰੀਕ ਨੇ ਇਸ ਸਬੰਧੀ ਦੱਸਿਆ ਕਿ ਕਿਵੇਂ ਇਹ ਠੱਗੀਆਂ ਮਾਰੀਆਂ ਜਾ ਰਹੀਆਂ ਹਨ ਅਤੇ ਕਿਵੇਂ ਲੋਕ ਇਨ੍ਹਾਂ ਤੋਂ ਆਪਣਾ ਬਚਾਅ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਵੱਲੋਂ ਇਸ ਸਮੇਂ ਸਾਈਬਰ ਕਰਾਈਮ ਦੇ ਤਿੰਨ ਨਵੇਂ ਦਾਅ-ਪੇਚ ਅਪਣਾਏ ਜਾ ਰਹੇ ਹਨ, ਜਿਨ੍ਹਾਂ ਵਿੱਚ ਆਧਾਰ ਕਾਰਡ ਦੀ ਦੁਰਵਰਤੋਂ ਸਭ ਤੋਂ ਆਮ ਗੱਲ ਹੈ ਕਿਉਂਕਿ ਅਸੀਂ ਕਦੇ ਵੀ ਆਧਾਰ ਕਾਰਡ ਦੀ ਜ਼ਿਆਦਾ ਪਰਵਾਹ ਨਹੀਂ ਕਰਦੇ, ਜਿਸ ਰਾਹੀਂ ਮੁਲਜ਼ਮ ਤੁਹਾਡੇ ਆਧਾਰ ਕਾਰਡ ਰਾਹੀਂ ਜਾਅਲੀ ਸਿਮ ਲੈ ਲੈਂਦੇ ਹਨ ਅਤੇ ਫਿਰ ਉਸ ਤੋਂ ਓਟੀਪੀ ਆਪਣੇ ਮੋਬਾਇਲ ਆਦਿ 'ਤੇ ਮੰਗਵਾ ਕੇ ਸਾਈਬਰ ਠੱਗੀ ਮਾਰਦੇ ਹਨ। ਇਸ ਲਈ ਆਧਾਰ ਕਾਰਡ ਨੂੰ ਵੀ ਆਪਣੇ ਏਟੀਐਮ ਅਤੇ ਕ੍ਰੈਡਿਟ ਕਾਰਡ ਦੀ ਤਰ੍ਹਾਂ ਸੰਭਾਲ ਕੇ ਰੱਖੋ ਅਤੇ ਕਿਸੇ ਨਾਲ ਵੀ ਜਾਣਕਾਰੀ ਸ਼ੇਅਰ ਨਾ ਕਰੋ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸੇ ਤਰ੍ਹਾਂ ਵਟਸਐਪ ਗਰੁੱਪ ਹਨ। ਕਈ ਗਰੁੱਪ ਅਜਿਹੇ ਹੁੰਦੇ ਹਨ, ਜਿਨ੍ਹਾਂ ਦੇ ਜਾਅਲੀ ਹੋਣ ਬਾਰੇ ਪਤਾ ਨਹੀਂ ਲੱਗਦਾ ਕਿਉਂਕਿ ਇਨ੍ਹਾਂ ਵਿੱਚ ਕਈ ਵਾਰ ਅਜਿਹੀਆਂ ਪ੍ਰਮੁੱਖ ਸ਼ਖਸੀਅਤਾਂ ਦੇ ਨੰਬਰ ਹੁੰਦੇ ਹਨ, ਜਿਨ੍ਹਾਂ 'ਤੇ ਸ਼ੱਕ ਨਹੀਂ ਹੁੰਦਾ ਸੀ। ਇਸ ਲਈ ਵਟਸਐਪ ਦਾ ਕੋਈ ਵੀ ਗਰੁੱਪ ਸੋਚ ਸਮਝ ਕੇ ਜੁਆਇਨ ਕਰੋ ਅਤੇ ਤੁਰੰਤ ਇਸਦੀ ਜਾਣਕਾਰੀ ਕਾਲ ਕਰਕੇ 112 ਨੰਬਰ 'ਤੇ ਦਿਓ।
ਏਡੀਸੀਪੀ ਨੇ ਦੱਸਿਆ ਕਿ ਇਸਦੇ ਨਾਲ ਹੀ ਕੁੱਝ ਲੋਕ ਆਨਲਾਈਨ ਡੇਟਿੰਗ ਕਰਦੇ ਹਨ ਅਤੇ ਆਨਲਾਈਨ ਚੈਟ ਕਰਦੇ, ਪਰੰਤੂ ਇਹ ਸਭ ਕੁੱਝ ਜਾਅਲੀ ਹੁੰਦਾ ਹੈ, ਜਿਸ ਵਿੱਚ ਵਿਅਕਤੀ ਮੁਲਜ਼ਮ ਦੇ ਜਾਲ ਫਸ ਕੇ ਰਹਿ ਜਾਂਦਾ ਹੈ ਅਤੇ ਜਾਣਕਾਰੀ ਤੇ ਤਸਵੀਰਾਂ ਸ਼ੇਅਰ ਕਰਦਾ ਹੈ। ਉਪਰੰਤ ਮੁਲਜ਼ਮ ਉਸ ਨੂੰ ਬਲੈਕਮੇਲ ਕਰਦੇ ਹੋਏ ਪੈਸਿਆਂ ਦੀ ਮੰਗ ਕਰਦਾ ਹੈ, ਜਿਥੋਂ ਇਹ ਠੱਗੀ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ। ਇਸ ਲਈ ਕਦੇ ਵੀ ਕਦੇ ਵੀ ਮੁਲਜ਼ਮ ਨੂੰ ਬਲੈਕਮੇਲਿੰਗ ਲਈ ਆਨਲਾਈਨ ਪੈਸੇ ਨਾ ਦਿਓ ਅਤੇ ਤੁਰੰਤ ਇਸਦੀ ਸੂਚਨਾ ਸਾਈਬਰ ਕਰਾਈਮ ਪੁਲਿਸ ਨੂੰ ਦਿਓ।