ਲੁਧਿਆਣਾ: ਜਮਾਲਪੁਰ ਸਥਿਤ 33 ਫੁੱਟਾ ਰੋਡ ਦੀ ਇੱਕ ਮੋਬਾਇਲ ਕੰਪਨੀ ਦੇ ਸ਼ੋਅਰੂਮ ਦੇ ਅੰਦਰ ਵੜ ਕੇ ਨੌਜਵਾਨ ਵੱਲੋਂ ਲੜਕੀ ਨਾਲ ਅਸ਼ਲੀਲ ਹਰਕਤ ਕਰਨ ਦੀ ਕਥਿੱਤ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਥਾਨਕ ਲੋਕਾਂ ਅਤੇ ਲੜਕੀ ਦੇ ਪਰਿਵਾਰ ਨੇ ਇਲਜ਼ਾਮ ਲਗਾਏ ਹਨ ਕਿ ਉਨ੍ਹਾਂ ਦੀ ਧੀ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਲੜਕੀ ਨੇ ਆਪਣੇ ਆਪ ਨੂੰ ਬਚਾਉਣ ਦੇ ਲਈ ਪਹਿਲੀ ਮੰਜ਼ਿਲ ਵੱਲ ਭੱਜੀ ਤੇ ਉਥੋਂ ਛਾਲ ਮਾਰ ਕੇ ਉਸ ਨੇ ਆਪਣੀ ਜਾਨ ਬਚਾਈ।
ਉਨ੍ਹਾਂ ਕਿਹਾ ਕਿ ਛਾਲ ਮਾਰਨ ਤੋਂ ਬਾਅਦ ਉਹ ਜ਼ਖਮੀ ਹੋ ਗਈ ਅਤੇ ਜ਼ਖ਼ਮੀ ਹਾਲਤ ਵਿੱਚ ਹੀ ਉਸਨੇ ਖ਼ੁਦ ਭੱਜ ਕੇ ਸਾਹਮਣੇ ਵਾਲੀ ਦੁਕਾਨ ’ਤੇ ਜਾ ਕੇ ਆਪਣੇ ਆਪ ਨੂੰ ਬਚਾਇਆ ਜਦੋਂ ਕਿ ਰੌਲਾ ਪੈਣ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਿਆ। ਪਰਿਵਾਰ ਨੇ ਕਿਹਾ ਕਿ ਲੋਕਾਂ ਨੇ ਗੰਭੀਰ ਹਾਲਤ ਵਿੱਚ ਪੀੜਤ ਲੜਕੀ ਨੂੰ ਸਿਵਲ ਹਸਪਤਾਲ ਵਿੱਚ ਦਾਖਿਲ ਕਰਵਾਇਆ ਜਿੱਥੇ ਫਿਲਹਾਲ ਉਸ ਦੀ ਹਾਲਤ ਹੁਣ ਠੀਕ ਦੱਸੀ ਜਾ ਰਹੀ ਹੈ।
ਹਾਲਾਂਕਿ ਜਬਰਜਨਾਹ ਦੀ ਕੋਸ਼ਿਸ਼ ਦੀ ਪੁਲਿਸ ਨੇ ਫਿਲਹਾਲ ਕੋਈ ਪੁਸ਼ਟੀ ਨਹੀਂ ਕੀਤੀ ਪਰ ਲੜਕੀ ਦੇ ਪਰਿਵਾਰ ਦੇ ਬਿਆਨਾਂ ਦੇ ਅਧਾਰ ’ਤੇ ਪੁਲਿਸ ਵੱਲੋਂ ਮਾਮਲਾ ਜਰੂਰ ਦਰਜ ਕੀਤਾ ਗਿਆ ਹੈ ਅਤੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।
ਪੁਲਿਸ ਵੱਲੋਂ ਮੁਲਜ਼ਮ ਦੀ ਸ਼ਨਾਖ਼ਤ ਪ੍ਰਸ਼ਾਂਤ ਉਰਫ ਪਿੰਟੂ ਵਜੋਂ ਕੀਤੀ ਹੈ। ਜਾਣਕਾਰੀ ਅਨੁਸਾਰ ਪੀੜਤਾ ਸ਼ੋਅਰੂਮ ਦੇ ਵਿੱਚ ਬਿੱਲ ਜਮ੍ਹਾਂ ਕਰਵਾਉਣ ਦਾ ਕੰਮ ਕਰਦੀ ਹੈ ਤੇ ਮੁਲਜ਼ਮ ਸਿਮ ਜਾਰੀ ਕਰਵਾਉਣ ਲਈ ਆਇਆ ਸੀ ਅਤੇ ਪੀੜਤਾ ਨੇ ਭੱਜ ਕੇ ਆਪਣੀ ਜਾਨ ਬਚਾਉਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ।
ਇਹ ਵੀ ਪੜ੍ਹੋ: ਰਿਹਾਇਸ਼ੀ ਇਲਾਕੇ 'ਚ ਚੱਲ ਰਹੀ ਨਾਜਾਇਜ਼ ਸ਼ਤਰੰਜ ਬਣਾਉਣ ਵਾਲੀ ਫੈਕਟਰੀ 'ਚ ਲੱਗੀ ਅੱਗ