ਲੁਧਿਆਣਾ : ਜਿਨਸੀ ਸੋਸ਼ਣ ਮਾਮਲੇ ਦੇ ਵਿੱਚ ਪੀਏਯੂ ਦੀ ਵਿਦਿਆਰਥਣ ਦੀ ਸ਼ਿਕਾਇਤ ਉੱਤੇ ਵਾਈਸ ਚਾਂਸਲਰ ਵੱਲੋਂ ਬਣਾਈ ਗਈ ਕਮੇਟੀ ਨੇ ਆਖ਼ਿਰਕਾਰ ਅਹਿਮ ਫੈਸਲਾ ਲੈਂਦਿਆਂ ਕਮੇਟੀ ਦੀ ਸਿਫਾਰਸ਼ ਉੱਤੇ ਸਹਾਇਕ ਪ੍ਰੋਫੈਸਰ ਡਾਕਟਰ ਯੁਵਰਾਜ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਹੈ। ਪੀਏਯੂ ਦੇ ਵਾਈਸ ਚਾਂਸਲਰ ਸਤਬੀਰ ਸਿੰਘ ਗੋਸਲ ਵੱਲੋਂ ਗਠਿਤ ਕੀਤੀ ਹਾਈ ਪਾਵਰ ਕਮੇਟੀ ਨੇ ਇਹ ਫੈਸਲਾ ਲਿਆ ਹੈ। ਇਸ ਦੀ ਆਰਡਰ ਦੀ ਕਾਪੀ ਵੀ ਸਾਹਮਣੇ ਆਈ ਹੈ। ਪੀਏਯੂ ਦੀ ਬੀਐੱਸਸੀ ਦੀ ਵਿਦਿਆਰਥਣ ਨੇ ਸਹਾਇਕ ਪ੍ਰੋਫੈਸਰ ਡਾਕਟਰ ਵਾਈ ਐੱਸ ਪਧਨਾ ਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲਗਾਏ ਸਨ, ਜਿਸ ਤੋਂ ਬਾਅਦ ਮਾਮਲਾ ਸੁਰਖੀਆਂ ਵਿੱਚ ਆਇਆ ਜਦੋਂ ਰਾਜਪਾਲ ਪੰਜਾਬ ਦੇ ਨਾਂਅ ਇੱਕ ਖੁੱਲ੍ਹੀ ਚਿੱਠੀ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋਈ ਹੈ। ਪੰਜਾਬ ਦੇ ਰਾਜਪਾਲ ਤੱਕ ਇਹ ਮਾਮਲਾ ਪੁੱਜ ਗਿਆ ਸੀ।
ਹਾਲੇ ਚੱਲ ਰਹੀ ਹੈ ਜਾਂਚ: ਇਸ ਦੀ ਜਾਂਚ ਲਈ ਪੀਏਯੂ ਦੇ ਵੀਸੀ ਵੱਲੋਂ ਇਕ ਉੱਚ ਪੱਧਰੀ ਜਾਂਚ ਕਮੇਟੀ ਦਾ ਗਠਨ ਵੀ ਕੀਤਾ ਗਿਆ ਸੀ ਪਰ ਲਗਾਤਾਰ ਮੀਡੀਆ ਦੇ ਦਬਾਅ ਦੇ ਚਲਦਿਆਂ ਕਮੇਟੀ ਨੇ ਜਾਂਚ ਪੂਰੀ ਹੋਣ ਤੋਂ ਪਹਿਲਾਂ ਹੀ ਸਹਾਇਕ ਪ੍ਰੋਫੈਸਰ ਯੁਵਰਾਜ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਹਾਲੇ ਜਾਂਚ ਕਮੇਟੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸਹਾਇਕ ਪ੍ਰੋਫੈਸਰ ਨੂੰ ਮੁਅੱਤਲ ਕਰਨ ਸਬੰਧੀ ਬਕਾਇਦਾ ਇੱਕ ਆਰਡਰ ਦੀ ਕਾਪੀ ਵੀ ਅੱਜ ਵਾਈਸ ਚਾਂਸਲਰ ਦਫ਼ਤਰ ਤੋਂ ਜਾਰੀ ਕੀਤੀ ਗਈ ਹੈ। ਆਰਡਰ ਦੀ ਕਾਪੀ ਵਿੱਚ ਲਿਖਿਆ ਗਿਆ ਹੈ ਕੇ ਇੰਟੋਮੋਲੋਜਿਸਟ ਦੇ ਖੋਜ ਵਿਭਾਗ ਵਿੱਚ ਕੰਮ ਕਰਨ ਵਾਲੇ ਸਹਾਇਕ ਪ੍ਰੋਫੈਸਰ ਯੁਵਰਾਜ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕੀਤਾ ਜਾਂਦਾ ਹੈ।
ਹਾਲਾਂਕਿ ਇਸ ਤੋਂ ਪਹਿਲਾਂ ਸ਼ੋਸ਼ਲ ਮੀਡੀਆ ਤੇ ਵਿਦਿਆਰਥੀਆਂ ਵਲੋਂ ਲਿਖੀ ਗਈ ਇੱਕ ਚਿੱਠੀ ਕਾਫੀ ਵਾਇਰਲ ਹੋਈ ਸੀ, ਜਿਸਦੇ ਵਿੱਚ ਯੂਨੀਵਰਸਿਟੀ ਦੇ ਅੰਦਰ ਪ੍ਰੋਫ਼ੈਸਰ ਵੱਲੋਂ ਜਿਨਸੀ ਸ਼ੋਸ਼ਣ ਕਰਨ ਦੇ ਇਲਜਾਮ ਲਗਾਏ ਗਏ ਸਨ ਅਤੇ ਇਸ ਨੂੰ ਦਬਾਉਣ ਲਈ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਪ੍ਰੋਫੈਸਰ ਉੱਤੇ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਾ ਕਰਨ ਦੇ ਇਲਜ਼ਾਮ ਵੀ ਲੱਗੇ ਸਨ, ਇਹ ਮਾਮਲਾ ਮੀਡੀਆ ਦੇ ਵਿਚ ਕਾਫੀ ਹਾਈਲਾਈਟ ਹੋਇਆ ਸੀ, ਜਿਸ ਤੋਂ ਬਾਅਦ ਰਾਜਪਾਲ ਦੇ ਕੋਲ ਵੀ ਇਹ ਮਾਮਲਾ ਪਹੁੰਚਿਆ ਅਤੇ ਆਖ਼ਰਕਾਰ ਵੀਸੀ ਲੁਧਿਆਣਾ ਵੱਲੋਂ ਬਣਾਈ ਗਈ ਜਾਂਚ ਕਮੇਟੀ ਨੇ ਪ੍ਰੋਫੈਸਰ ਨੂੰ ਸਸਪੈਂਡ ਕਰਨ ਦਾ ਫੈਸਲਾ ਲਿਆ।