ਲੁਧਿਆਣਾ: ਲੁਧਿਆਣਾ ਵਿੱਚ ਬੀਤੇ ਮਹੀਨੇ ਦੋ ਏ.ਐੱਸ.ਆਈ ਭਰਾਵਾਂ 'ਚ ਆਪਸੀ ਝਗੜੇ ਦੀ ਹੁਣ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਛੋਟੇ ਭਰਾ ਜਨਕ ਰਾਜ ਜੋ ਕਿ ਪੀ.ਏ.ਯੂ ਥਾਣੇ 'ਚ ਤੈਨਾਤ ਹਨ, ਉਸ ਨੇ ਆਪਣੇ ਵੱਡੇ ਭਰਾ ਵਿਜੈ ਕੁਮਾਰ ਨੂੰ ਤੈਸ਼ 'ਚ ਆ ਕੇ ਗੋਲੀ ਮਾਰ ਦਿੱਤੀ। ਗੋਲੀ ਲੱਗਣ ਤੋਂ ਬਾਅਦ ਉਕਤ ਜ਼ਖ਼ਮੀ ਭਰਾ ਲੁਧਿਆਣਾ ਦੇ ਡੀ.ਐੱਮ.ਸੀ ਹਸਪਤਾਲ 'ਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਇਸ ਪੂਰੇ ਮਾਮਲੇ ਤੋਂ ਬਾਅਦ ਮੁਲਜ਼ਮ ਏ.ਐੱਸ.ਆਈ ਜਨਕ ਰਾਜ ਖਿਲਾਫ਼ ਪੁਲਿਸ ਨੇ ਇਰਾਦਾ ਕਤਲ ਅਤੇ ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਪਰ ਉਸ ਦਾ ਵੱਡਾ ਭਰਾ ਵਿਜੈ ਕੁਮਾਰ ਦੀ ਹਾਲਤ ਹੁਣ ਵੀ ਗੰਭੀਰ ਬਣੀ ਹੋਈ ਹੈ।
ਇਹ ਪੂਰੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ, ਪੁਲਿਸ ਵਲੋਂ ਇਸ ਨੂੰ ਸਬੂਤ ਵਜੋਂ ਵਰਤਿਆ ਜਾ ਰਿਹਾ ਹੈ। ਇਸ ਵੀਡੀਓ 'ਚ ਘਰ ਵਿੱਚ ਵੀ ਦੋਵਾਂ ਭਰਾਵਾਂ ਦਾ ਝਗੜਾ ਹੁੰਦਾ ਹੈ। ਵਿਜੇ ਕੁਮਾਰ ਜੋ ਬੁੱਢੇ ਨਾਲੇ 'ਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਕਾਰਪੋਰੇਸ਼ਨ ਦੇ ਨਾਲ ਹੈਬੋਵਾਲ ਇਲਾਕੇ 'ਚ ਜਾਂਦਾ ਹੈ ਤਾਂ ਉਕਤ ਮੁਲਜ਼ਮ ਭਰਾ ਮੌਕੇ 'ਤੇ ਆਪਣੀ ਗੱਡੀ 'ਚ ਆਉਂਦਾ ਹੈ। ਇਸ ਦੌਰਾਨ ਦੋਵਾਂ ਭਰਾਵਾਂ 'ਚ ਬਹਿਸ ਅਤੇ ਲੜਾਈ ਹੁੰਦੀ ਹੈ। ਇਸ ਦੌਰਾਨ ਏ.ਐੱਸ.ਆਈ ਜਨਕ ਰਾਜ ਆਪਣੀ ਰਿਵਾਲਵਰ ਨਾਲ ਵੱਡੇ ਭਰਾ 'ਤੇ ਗੋਲੀ ਚਲਾ ਦਿੰਦਾ ਹੈ, ਜਿਸ 'ਚ ਵਿਜੈ ਕੁਮਾਰ ਗੰਭੀਰ ਜ਼ਖ਼ਮੀ ਹੋ ਜਾਂਦਾ ਹੈ।