ਲੁਧਿਆਣਾ: ਕੋਰੋਨਾ ਮਹਾਂਮਾਰੀ ਕਰਕੇ ਜਿੱਥੇ ਇੱਕ ਪਾਸੇ ਮਾਪੇ ਨਿੱਜੀ ਸਕੂਲਾਂ ਦੀਆਂ ਫੀਸਾਂ ਦੇਣ ਚ ਅਸਮਰੱਥ ਨੇ ਉੱਥੇ ਹੀ ਸਰਕਾਰੀ ਸਕੂਲਾਂ ਵਿੱਚ ਦਾਖਲਾ ਦਰ ਲਗਾਤਾਰ ਵਧਦੀ ਜਾ ਰਹੀ ਹੈ। ਜੇਕਰ ਗੱਲ ਲੁਧਿਆਣਾ ਦੀ ਕੀਤੀ ਜਾਵੇ ਤਾਂ ਓਵਰਆਲ ਲੁਧਿਆਣਾ ਸੂਬੇ ਭਰ ਚ ਪਹਿਲੇ ਨੰਬਰ ਤੇ ਰਿਹਾ ਹੈ, ਜਿਥੇ ਸਭ ਤੋਂ ਵੱਧ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੇ ਦਾਖਲਾ ਲਿਆ ਹੈ।
ਪ੍ਰਾਇਮਰੀ ਵਿੱਚ ਸੂਬੇ ਭਰ ’ਚ ਲੁਧਿਆਣਾ ਪਹਿਲੇ ਨੰਬਰ ਤੇ ਜਦੋਂ ਕਿ ਸੈਕੰਡਰੀ ਦੇ ਵਿਚ ਲੁਧਿਆਣਾ ਸੂਬੇ ਭਰ ਚ ਦੂਜੇ ਥਾਂ ਤੇ ਰਿਹਾ, ਜੇਕਰ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਸਾਲ 17011 ਵਿਦਿਆਰਥੀਆਂ ਨੇ ਸਰਕਾਰੀ ਸਕੂਲਾਂ ਵਿੱਚ ਦਾਖਲਾ ਲਿਆ ਹੈ। ਇਕੱਲਿਆਂ ਬਲਾਕ ਮਾਂਗਟ ਇਕ ਚ ਪ੍ਰੀ ਪ੍ਰਾਇਮਰੀ ਅਤੇ ਪ੍ਰਾਇਮਰੀ ਵਿੱਚ 19.86 ਫ਼ੀਸਦ ਦਾਖ਼ਲੇ ਵਿੱਚ ਵਾਧਾ ਹੋਇਆ ਹੈ, ਇਸ ਤੋਂ ਇਲਾਵਾ ਬੀਤੇ ਸਾਲ ਵੀ ਲੁਧਿਆਣਾ ਪੂਰੇ ਸੂਬੇ ਭਰ ਵਿੱਚ ਸਭ ਤੋਂ ਵੱਧ ਵਿਦਿਆਰਥੀਆਂ ਦੇ ਸਰਕਾਰੀ ਸਕੂਲਾਂ ਚ ਦਾਖਲੇ ਕਰਾਉਣ ਵਿੱਚ ਅੱਵਲ ਰਿਹਾ ਸੀ।
ਗੌਰਤਲੱਬ ਹੈ ਕਿ ਜ਼ਿਲ੍ਹਾ ਸਿੱਖਿਆ ਵਿਭਾਗ ਵੱਲੋਂ ਲਗਾਤਾਰ ਇਨਰੋਲਮੈਂਟ ਚ ਵਾਧਾ ਕਰਨ ਦਾ ਟੀਚਾ ਮਿੱਥਿਆ ਜਾ ਰਿਹਾ ਹੈ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਲਖਵੀਰ ਸਿੰਘ ਨੇ ਦੱਸਿਆ ਕਿ ਲੁਧਿਆਣਾ ਜ਼ਿਲ੍ਹਾ ਸੂਬੇ ਭਰ ਚ ਸਰਕਾਰੀ ਸਕੂਲਾਂ ਦੇ ਦਾਖਲੇ ਅੰਦਰ ਪਹਿਲੇ ਨੰਬਰ ਤੇ ਰਿਹਾ ਹੈ ਉਨ੍ਹਾਂ ਕਿਹਾ ਬੀਤੇ ਸਾਲ ਨਾਲੋਂ ਇਸ ਸਾਲ 11 ਫ਼ੀਸਦ ਦਾਖਲਾ ਦਰ ਵਿੱਚ ਇਜ਼ਾਫਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਦਾ ਮਿਆਰ ਉਪਰ ਚੁੱਕਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ ਜਿਸ ਦੇ ਤਹਿਤ ਵਿਦਿਆਰਥੀਆਂ ਨੂੰ ਲਗਾਤਾਰ ਆਨਲਾਈਨ ਕਲਾਸਾਂ ਰਾਹੀਂ ਪੜ੍ਹਾਇਆ ਜਾਂਦਾ ਹੈ ਸਮਾਰਟ ਕਲਾਸਾਂ ਲਗਵਾਈਆਂ ਜਾਂਦੀਆਂ ਨੇ ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਦੇ ਤਜਰਬੇਕਾਰ ਅਧਿਆਪਕਾਂ ਦਾ ਵੀ ਉਨ੍ਹਾਂ ਨੂੰ ਕਾਫੀ ਫਾਇਦਾ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਿਰਫ਼ ਨਿੱਜੀ ਸਕੂਲਾਂ ਦੀਆਂ ਵਧਦੀਆਂ ਫੀਸਾਂ ਹੀ ਘਰ ਨਹੀਂ ਹੈ ਸਗੋਂ ਸਕੂਲਾਂ ਦੀ ਦਿਸ਼ਾ ਅਤੇ ਦਸ਼ਾ ਸੁਧਰੀ ਹੈ ਜਿਸ ਦੇ ਨਤੀਜੇ ਅੰਕੜਿਆਂ ’ਚ ਵੇਖੇ ਜਾ ਸਕਦੇ ਹਨ।