ਲੁਧਿਆਣਾ: ਸ਼ਹੀਦ ਨਿਰਮਲਜੀਤ ਸਿੰਘ ਸੇਖੋਂ ਦੇ ਨਾਂ ਉੱਤੇ ਹੁਣ ਅੰਡੇਮਾਨ ਨਿਕੋਬਾਰ ਵਿੱਚ ਆਈਲੈਂਡ ਦਾ ਨਾਂ ਰੱਖਿਆ ਗਿਆ ਹੈ। ਇਸਦੇ ਨਾਲ ਹੀ ਦੇਸ਼ ਦੇ 21 ਪਰਮਵੀਰ ਚੱਕਰ ਹਾਸਿਲ ਜਵਾਨਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਅੰਡੇਮਾਨ ਵਿੱਚ ਲੰਘੇ ਦਿਨੀਂ ਇਕ ਵਿਸ਼ੇਸ਼ ਸਮਾਗਮ ਦੌਰਾਨ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ।
ਸੇਖੋਂ ਆਇਲੈਂਡ ਦਾ ਨਾਂਅ ਰੱਖਿਆ: ਭਾਰਤ ਸਰਕਾਰ ਵੱਲੋਂ 21 ਪਰਮ ਵੀਰ ਚੱਕਰ ਫੌਜੀਆਂ ਦੇ ਨਾਂ ਉੱਤੇ 23 ਜਨਵਰੀ 2023 ਨੂੰ ਅੰਡੇਮਾਨ ਅਤੇ ਨਿਕੋਬਾਰ ਪੋਰਟਬਲੇਆਰ ਵਿੱਚ 21 ਗੁੰਮਨਾਮ ਆਈਲੈਂਡ ਦੇ ਨਾਂ 21 ਪਰਮ ਵੀਰ ਚੱਕਰ ਫੌਜੀਆਂ ਦੇ ਨਾਂ ਉਤੇ ਰੱਖੇ ਗਏ ਹਨ। ਉਨ੍ਹਾ ਵਿੱਚੋਂ ਇੱਕ ਦਾ ਨਾਂਅ ਨਿਰਮਲਜੀਤ ਸਿੰਘ ਸੇਖੋਂ ਦੇ ਨਾਂਅ ਉਤੇ ਵੀ ਰੱਖਿਆ ਗਿਆ ਹੈ। ਇਸ ਸਬੰਧੀ ਉਨ੍ਹਾਂ ਦੇ ਭਤੀਜੇ ਅਮਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾ ਨੂੰ ਗ੍ਰਹਿ ਮੰਤਰਾਲੇ ਵੱਲੋਂ ਫੋਨ ਕੀਤਾ ਗਿਆ ਸੀ ਅਤੇ 19 ਜਨਵਰੀ ਨੂੰ ਉਹ ਅੰਡੇਮਾਨ ਨਿਕੋਬਾਰ ਲਈ ਰਵਾਨਾ ਹੋਏ ਸਨ। ਉਨ੍ਹਾਂ ਕਿਹਾ ਕਿ ਸਾਰਾ ਪ੍ਰਬੰਧ ਭਾਰਤ ਸਰਕਾਰ ਵੱਲੋਂ ਕੀਤਾ ਗਿਆ ਅਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਉਨ੍ਹਾਂ ਨੂੰ ਇਹ ਸਨਮਾਨ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: Bandi Singhs killers of innocents: ਹਰਜੀਤ ਗਰੇਵਾਲ ਦਾ ਵੱਡਾ ਬਿਆਨ, 'ਕੌਮ ਦੇ ਹੀਰੇ ਨਹੀਂ ਬੇਕਸੂਰਾਂ ਦੇ ਕਾਤਲ ਹਨ ਬੰਦੀ ਸਿੰਘ'
ਕੌਣ ਸੀ ਨਿਰਮਲਜੀਤ ਸਿੰਘ ਸੇਖੋਂ: ਫਲਾਇੰਗ ਅਫਸਰ ਨਿਰਮਲਜੀਤ ਸਿੰਘ ਸੇਖੋਂ ਦਾ ਜਨਮ 17 ਜੁਲਾਈ 1943 ਨੂੰ ਲੁਧਿਆਣਾ ਪੰਜਾਬ ਵਿੱਚ ਹੋਇਆ ਸੀ। ਆਪਣੇ ਵਿਆਹ ਤੋਂ ਕੁਝ ਮਹੀਨਿਆਂ ਬਾਅਦ ਹੀ ਨਿਰਮਲਜੀਤ ਸਿੰਘ ਨੇ ਖੁਦ ਨੂੰ ਦੇਸ਼ ਲਈ ਸਮਰਪਿਤ ਕਰ ਦਿੱਤਾ। 14 ਦਸੰਬਰ 1971 ਨੂੰ, ਜਦੋਂ ਸ਼੍ਰੀਨਗਰ ਏਅਰਫੀਲਡ 'ਤੇ 6 ਪਾਕਿਸਤਾਨੀ ਸੈਬਰ ਜੈੱਟ ਜਹਾਜ਼ਾਂ ਦੁਆਰਾ ਹਮਲਾ ਕੀਤਾ ਗਿਆ ਸੀ, ਅਫਸਰ ਨਿਰਮਲਜੀਤ ਸਿੰਘ ਸੁਰੱਖਿਆ ਟੁਕੜੀ ਦੀ ਕਮਾਂਡ ਕਰ ਰਹੇ ਅਤੇ 18 ਨੈੱਟ ਸਕੁਐਡਰਨ ਦੇ ਨਾਲ ਸੀ। ਇਸ ਦੌਰਾਨ ਓਹ ਸ਼ਹੀਦ ਹੋ ਗਏ ਸਨ।
ਕਿਵੇਂ ਹੋਏ ਸ਼ਹੀਦ: 1971 ਚ ਭਾਰਤ ਪਾਕਿਸਤਾਨ ਦੀ ਜੰਗ ਦੇ ਦੌਰਾਨ ਸ਼੍ਰੀਨਗਰ ਏਅਰ ਬੇਸ ਤੇ ਪਾਕਿਸਤਾਨ ਨੇ ਹਮਲਾ ਕਰ ਦਿੱਤਾ ਸੀ, ਮੌਸਮ ਖਰਾਬ ਹੋਣ ਕਰਕੇ ਭਾਰਤ ਵੱਲੋਂ ਉਡਾਣ ਭਰਨੀ ਸੰਭਵ ਨਹੀਂ ਸੀ ਪਰ ਇਸ ਦੇ ਬਾਵਜੂਦ ਆਪਣੀ ਜਾਨ ਜੋਖਮ ਵਿੱਚ ਪਾ ਕੇ ਫਲਾਇੰਗ ਸਕੂਐਡ ਨਿਰਮਲਜੀਤ ਸਿੰਘ ਸੇਖੋਂ ਨੇ ਨਾ ਸਿਰਫ ਉਡਾਣ ਭਰੀ ਸਗੋਂ ਦੁਸ਼ਮਣ ਦੇਸ਼ ਦੇ 2 ਜਹਾਜ਼ ਵੀ ਮਾਰ ਗਿਰਾਏ ਸਨ। ਉਨ੍ਹਾ ਨੇ ਦੁਸ਼ਮਣ ਦੇ F-86 ਸੈਬਰ ਜੈੱਟਾਂ ਨੂੰ ਬਹਾਦਰੀ ਨਾਲ ਮਾਰ ਗਿਰਾਇਆ ਸੀ, ਉਸ ਤੋਂ ਬਾਅਦ ਦੋ ਸੈਬਰ ਜੈੱਟਾਂ ਨੂੰ ਤਬਾਹ ਕਰ ਦਿੱਤਾ, ਜਿਸ ਤੋਂ ਬਾਅਦ ਲਗਾਤਾਰ ਦੁਸ਼ਮਣ ਉਨ੍ਹਾ ਦਾ ਪਿੱਛਾ ਕਰ ਰਿਹਾ ਸੀ ਅਤੇ ਦੂਜੇ ਸੈਬਰ ਜੈੱਟ ਦੇ ਡਿੱਗਣ ਦੇ ਧਮਾਕੇ ਤੋਂ ਬਾਅਦ ਸੇਖੋਂ ਨੇ ਆਪਣੇ ਸਾਥੀ ਫਲਾਈਟ ਲੈਫਟੀਨੈਂਟ ਘੁੰਮਣ ਸਿੰਘ ਨੂੰ ਸੁਨੇਹਾ ਭੇਜਿਆ ਕਿ ਸ਼ਾਇਦ ਮੇਰਾ ਜਹਾਜ਼ ਵੀ ਨਿਸ਼ਾਨੇ 'ਤੇ ਆ ਗਿਆ ਹੈ, ਘੁੰਮਣ ਹੁਣ ਚਾਰਜ ਸੰਭਾਲ ਲਵੇ। ਇਹ ਸੰਦੇਸ਼ ਦੇ ਕੇ ਨਿਰਮਲਜੀਤ ਸਿੰਘ ਸੇਖੋਂ ਸ਼ਹੀਦ ਹੋ ਗਏ ਸਨ।
ਕਿਹੜੇ ਕਿਹੜੇ ਸਨਮਾਨ ਮਿਲੇ: ਨਿਰਮਲਜੀਤ ਸੇਖੋਂ ਨੂੰ ਸ਼ਹੀਦੀ ਪ੍ਰਪਾਤ ਕਰਨ ਤੋਂ ਬਾਅਦ ਸੈਨਾ ਦੇ ਸਰਵਉੱਚ ਸਨਮਾਨ ਪਰਮ ਵੀਰ ਚੱਕਰ ਦੇ ਨਾਲ ਸਨਮਾਨਤ ਕੀਤਾ ਗਿਆ ਸੀ, ਨਿਰਮਲ ਜੀਤ ਸਿੰਘ ਸੇਖੋਂ ਨੂੰ ਉਨ੍ਹਾਂ ਦੀ ਬਹਾਦਰੀ ਲਈ ਯਾਦ ਕੀਤਾ ਜਾਂਦਾ ਹੈ ਅਤੇ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਉਨ੍ਹਾਂ ਦੇ ਬੁੱਤ ਵੀ ਬਣਾਏ ਗਏ ਹਨ, 1985 ਵਿੱਚ ਸਮੁੰਦਰੀ ਟੈਂਕਰ ਦਾ ਨਾਮ ਫਲਾਇੰਗ ਅਫਸਰ ਨਿਰਮਲ ਜੀਤ ਸਿੰਘ ਸੇਖੋਂ, ਪੀ.ਵੀ.ਸੀ. ਦੇ ਨਾਂਅ ਤੇ ਰੱਖਿਆ ਗਿਆ ਸੀ ਅਤੇ ਹੁਣ ਅੰਡੇਮਾਨ ਵਿਚ ਸਥਿਤ ਇਕ ਬਿਨ੍ਹਾ ਨਾਮ ਵਾਲੇ ਆਈਲੈਂਡ ਦਾ ਨਾਂ ਵੀ 23 ਜਨਵਰੀ 2023 ਨੂੰ ਰੱਖਿਆ ਗਿਆ ਹੈ।