ਲੁਧਿਆਣਾ: ਮਨੁੱਖਤਾ ਦੀ ਵੱਡੀ ਮਿਸਾਲ ਲੁਧਿਆਣਾ ਦੀ ਰਹਿਣ ਵਾਲੀ ਪੰਜਾਬ ਪੁਲਿਸ ਚ ਬਤੌਰ ਏਐਸਆਈ ਸੁਨੀਤਾ ਰਾਣੀ ਇੰਨ੍ਹੀਂ ਦਿਨੀਂ ਚਰਚਾ ’ਚ ਬਣੀ ਹੋਈ ਹੈ। ਸੁਨੀਤਾ ਰਾਣੀ ਲਾਵਾਰਿਸ ਲਾਸ਼ਾਂ ਦਾ ਸਸਕਾਰ ਆਪਣੇ ਖਰਚੇ ’ਤੇ ਕਰ ਰਹੀ ਹੈ। ਸਾਲ 2019 ਵਿੱਚ ਉਨ੍ਹਾਂ ਨੇ ਇਹ ਸੇਵਾ ਸ਼ੁਰੂ ਕੀਤੀ ਸੀ ਅਤੇ ਬੀਤੇ 4 ਸਾਲ ਦੇ ਵਿੱਚ ਉਨ੍ਹਾਂ ਨੇ 2200 ਲਾਵਾਰਿਸ ਲਾਸ਼ਾਂ ਦਾ ਆਪਣੇ ਹੱਥੀਂ ਸਸਕਾਰ ਕੀਤਾ ਹੈ। ਸਾਰੀਆਂ ਰਸਮਾਂ ਉਹ ਖ਼ੁਦ ਨਿਭਾਉਂਦੇ ਹਨ। ਇੱਥੋਂ ਤੱਕ ਕੇ ਮ੍ਰਿਤਕਾਂ ਦੀਆਂ ਅਸਥੀਆਂ ਵੀ ਦਰਿਆ ਬਿਆਸ ਵਿੱਚ ਆਪ ਜਲ ਪਰਵਾਹ ਕਰਦੇ ਹਨ। ਲੁਧਿਆਣਾ ਦੇ ਕੁਝ ਹੀ ਪੁਲਿਸ ਅਫ਼ਸਰਾਂ ਨੂੰ ਇਹ ਪਤਾ ਹੈ ਕਿ ਸੁਨੀਤਾ ਰਾਣੀ ਇਹ ਸੇਵਾ ਕਰ ਰਹੀ ਹੈ। ਲੁਧਿਆਣਾ ਦੇ ਕਿਸੇ ਵੀ ਹਸਪਤਾਲ ਦੇ ਵਿੱਚ ਜਦੋਂ ਵੀ ਕੋਈ ਲਾਵਾਰਿਸ ਲਾਸ਼ ਆਉਂਦੀ ਹੈ ਤਾਂ ਸਸਕਾਰ ਲਈ ਸਭ ਤੋਂ ਪਹਿਲਾਂ ਸੁਨੀਤਾ ਰਾਣੀ ਨੂੰ ਯਾਦ ਕੀਤਾ ਜਾਂਦਾ ਹੈ।
ਕਿੱਥੋਂ ਪੂਰਾ ਹੁੰਦਾ ਹੈ ਖਰਚਾ ?: ਸੁਨੀਤਾ ਰਾਣੀ ਨੇ ਦੱਸਿਆ ਕਿ ਉਹ ਲਾਵਾਰਿਸ ਲਾਸ਼ਾਂ ਦਾ ਸਾਰਾ ਖਰਚਾ ਆਪਣੀ ਤਨਖ਼ਾਹ ਵਿੱਚੋਂ ਕਰਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਉਸ ਨੇ ਇਸ ਦੀ ਸ਼ੁਰੂਆਤ ਕੀਤੀ ਸੀ ਤਾਂ ਕੁਝ ਲੋਕ ਉਸ ਨਾਲ ਜ਼ਰੂਰ ਜੁੜੇ ਸਨ ਪਰ ਬਾਅਦ ਵਿੱਚ ਸਾਰੇ ਪਿੱਛੇ ਹਟ ਗਏ ਪਰ ਉਹ ਇਕੱਲੀ ਹੀ ਹੁਣ ਇਸ ਸੇਵਾ ਨੂੰ ਨਿਭਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਾਲ 2025 ਵਿੱਚ ਉਸ ਨੇ ਨੌਕਰੀ ਤੋਂ ਸੇਵਾਮੁਕਤ ਹੋਣਾ ਹੈ ਪਰ ਇਸਦੇ ਬਾਵਜੂਦ ਇਸ ਸੇਵਾ ਨੂੰ ਨਿਰੰਤਰ ਜਾਰੀ ਰੱਖੇਗੀ, ਸੁਨੀਤਾ ਰਾਣੀ ਰੋਜ਼ਾਨਾ ਇੱਕ ਤੋਂ ਦੋ ਲਾਸ਼ਾਂ ਦਾ ਸਸਕਾਰ ਕਰਦੀ ਹੈ ਅਤੇ ਇਕ ਪਰਿਵਾਰਕ ਮੈਂਬਰ ਵਾਂਗ ਲਾਵਾਰਿਸ ਲਾਸ਼ ਦੀਆਂ ਸਾਰੀਆਂ ਰਸਮਾਂ ਖੁਦ ਅਦਾ ਕਰਦੀ ਹੈ।
ਕਿੱਥੋਂ ਆਉਂਦੀਆਂ ਨੇ ਲਾਵਾਰਿਸ ਲਾਸ਼ਾਂ ?: ਦਰਅਸਲ ਲੁਧਿਆਣਾ ਵੱਡਾ ਸ਼ਹਿਰ ਹੈ ਅਤੇ ਵੱਡੀ ਤਦਾਦ ਵਿਚ ਇੱਥੇ ਜੁਰਮ ਵੀ ਹੁੰਦੇ ਨੇ ਇਸ ਤੋਂ ਇਲਾਵਾ ਕਈ ਵਾਰ ਕੋਈ ਨਹਿਰ ਚ ਛਾਲ ਮਾਰ ਦਿੰਦਾ ਹੈ, ਕਿਸੇ ਦੀ ਲਾਸ਼ ਜੀਆਰਪੀ ਕੋਲੋਂ ਬਰਾਮਦ ਹੁੰਦੀ ਹੈ ਅਤੇ ਕਿਸੇ ਦੀ ਆਰਪੀਐਫ ਕੋਲੋਂ..ਅਜਿਹੀਆਂ ਅਣਪਛਾਤੀਆਂ ਲਾਵਾਰਿਸ ਲਾਸ਼ਾਂ ਜਿਨ੍ਹਾਂ ਦਾ ਕੋਈ ਵਾਲੀ ਵਾਰਿਸ ਨਹੀਂ ਹੁੰਦਾ..ਉਨ੍ਹਾਂ ਨੂੰ ਜਦੋਂ ਪੁਲੀਸ ਹਸਪਤਾਲ ਲਿਜਾਂਦੀ ਹੈ ਤਾਂ ਉਨ੍ਹਾਂ ਡੈੱਡ ਬੌਡੀ ਤੇ ਕੋਈ ਕਲੇਮ ਨਹੀਂ ਕਰਦਾ ਜਿਸ ਕਰਕੇ ਹਸਪਤਾਲ ਚ ਪੋਸਟਮਾਰਟਮ ਕਰਨ ਵਾਲੇ ਸੁਨੀਤਾ ਰਾਣੀ ਨੂੰ ਫੋਨ ਕਰਕੇ ਉਸ ਨੂੰ ਹੀ ਲਾਸ਼ ਸੌਂਪ ਦਿੰਦੇ ਨੇ ਜਿਸ ਤੋਂ ਬਾਅਦ ਉਹ ਪੂਰੇ ਰਸਮਾਂ ਰਿਵਾਜਾਂ ਦੇ ਨਾਲ ਇਨ੍ਹਾਂ ਦਾ ਅੰਤਮ ਸਸਕਾਰ ਕਰਦੀ ਹੈ।
ਕਿੰਨਾ ਹੁੰਦਾ ਹੈ ਖਰਚਾ ?: ਸੁਨੀਤਾ ਰਾਣੀ ਨੇ ਦੱਸਿਆ ਕਿ ਕੋਰੋਨਾ ਕਾਲ ਦੇ ਦੌਰਾਨ ਅੰਤਿਮ ਸਸਕਾਰ ਦਾ ਰੇਟ ਵੀ ਵੱਧ ਗਿਆ ਸੀ 2500 ਰੁਪਏ ਦੇ ਕਰੀਬ ਦੀਆਂ ਲੱਕੜ ਦੀ ਸਮੱਗਰੀ ਅਤੇ ਕੁੱਲ ਖਰਚਾ ਇੱਕ ਲਾਵਾਰਿਸ ਲਾਸ਼ ਦਾ ਸਸਕਾਰ ਕਰਨ ਤੋਂ ਹੁੰਦਾ ਸੀ ਫਿਰ ਜਦੋਂ ਕੋਰੋਨਾ ਕਾਲ ਖਤਮ ਹੋਇਆ ਤਾਂ ਕੁਝ ਕੀਮਤਾਂ ਵੀ ਘਟੀਆਂ। ਉਨ੍ਹਾਂ ਕਿਹਾ ਹੁਣ ਉਹ ਲੁਧਿਆਣਾ ਦੇ ਸਲੇਮ ਟਾਬਰੀ ’ਚ ਸਥਿਤ ਸ਼ਮਸ਼ਾਨਘਾਟ ਵਿਖੇ ਲਾਵਾਰਿਸ ਲਾਸ਼ਾਂ ਦਾ ਸਸਕਾਰ ਕਰਦੀ ਹੈ। ਅੱਜ ਵੀ ਉਹ ਤੂੰ ਲਾਸ਼ਾਂ ਦਾ ਸਸਕਾਰ ਕਰਨ ਪਹੁੰਚੀ ਹੋਏ ਸਨ। ਉਨ੍ਹਾਂ ਮੁਤਾਬਕ ਇੱਕ ਲਾਸ਼ ਦਾ ਸਸਕਾਰ ਹੋਣ 1600 ਰੁਪਏ ’ਚ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਦੀ ਬਕਾਇਦਾ ਸ਼ਮਸ਼ਾਨਘਾਟ ਦੇ ਪ੍ਰਬੰਧਕਾਂ ਵੱਲੋਂ ਪਰਚੀ ਕੱਟੀ ਜਾਂਦੀ ਹੈ। ਜਦੋਂ ਸਾਡੀ ਟੀਮ ਮੌਕੇ ’ਤੇ ਪਹੁੰਚੀ ਤਾਂ ਸੁਨੀਤਾ ਰਾਣੀ ਖੁਦ ਪਰਚੀ ਕਟਵਾ ਰਹੀ ਸੀ ਅਤੇ ਇਕੱਲੀ ਹੀ ਸਾਰੀਆਂ ਰਸਮਾਂ ਰੀਤਾਂ ਨੂੰ ਮੁਕੰਮਲ ਕਰਨ ਤੋਂ ਬਾਅਦ ਲਾਵਾਰਿਸ ਲਾਸ਼ ਦਾ ਸਸਕਾਰ ਕਰ ਰਹੀ ਸੀ।
ਕਿਉਂ ਕਰਦੀ ਹੈ ਸੇਵਾ ? : ਸੁਨੀਤਾ ਰਾਣੀ ਨੂੰ ਜਦੋਂ ਇਹ ਸਵਾਲ ਕੀਤਾ ਗਿਆ ਕਿ ਆਖਰਕਾਰ ਉਸ ਦੇ ਮਨ ਵਿੱਚ ਅਜਿਹੀ ਸੇਵਾ ਕਰਨ ਦੀ ਭਾਵਨਾ ਕਿਉਂ ਪੈਦਾ ਹੋਈ ਤਾਂ ਉਨ੍ਹਾਂ ਦੱਸਿਆ ਕਿ ਅਜਿਹਾ ਸਭ ਕਰਨ ਨਾਲ ਉਸ ਨੂੰ ਆਤਮਿਕ ਸ਼ਾਂਤੀ ਮਿਲਦੀ ਹੈ ਉਸ ਨੂੰ ਤਸੱਲੀ ਹੁੰਦੀ ਹੈ ਉਨ੍ਹਾਂ ਕਿਹਾ ਕਿ ਅਸੀਂ ਲਾਵਾਰਿਸ ਲਾਸ਼ ਤਾਂ ਬੋਲ ਦਿੰਦੇ ਹਾਂ ਪਰ ਮੈਂ ਇਸ ਲਾਵਾਰਿਸ ਲਾਸ਼ ਦੀ ਧੀ ਭੈਣ ਜਾਂ ਮਾਂ ਬਣ ਕੇ ਇਨ੍ਹਾਂ ਦਾ ਸਸਕਾਰ ਕਰਦੀ ਹਾਂ ਉਨ੍ਹਾਂ ਕਿਹਾ ਅੰਤਿਮ ਸੰਸਕਾਰ ਬੇਹੱਦ ਜ਼ਰੂਰੀ ਹੁੰਦਾ ਹੈ। ਸੁਨੀਤਾ ਰਾਣੀ ਨੇ ਦੱਸਿਆ ਕਿ ਉਹ ਜਦੋਂ ਲਾਵਾਰਿਸ ਲਾਸ਼ਾਂ ਦੀਆਂ ਅਸਥੀਆਂ ਕਾਫ਼ੀ ਇੱਕਠੀਆਂ ਹੋ ਜਾਂਦੀਆਂ ਹਨ ਤਾਂ ਉਹ ਸਾਰੀਆਂ ਅਸਥੀਆਂ ਨਾਲ ਲੈਕੇ ਬਿਆਸ ਦਰਿਆ ਵਿੱਚ ਜਲ ਪ੍ਰਵਾਹ ਕਰ ਆਉਂਦੀ ਹੈ।
ਸ਼ਮਸ਼ਾਨਘਾਟ ਦੇ ਪੰਡਿਤ ਨੇ ਕੀ ਕਿਹਾ ?: ਲੁਧਿਆਣਾ ਸਲੇਮ ਟਾਬਰੀ ਦੇ ਸ਼ਮਸ਼ਾਨਘਾਟ ’ਚ ਪੰਡਿਤ ਵੇਦ ਪ੍ਰਕਾਸ਼ ਨੇ ਦੱਸਿਆ ਕਿ ਸੁਨੀਤਾ ਰਾਣੀ ਦੇ ਵਿੱਚ ਕਮਾਲ ਦਾ ਜਜ਼ਬਾ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਪੁਲਿਸ ਦੇ ਵਿੱਚ ਹੋਣ ਦੇ ਬਾਵਜੂਦ ਇੰਨੀ ਜ਼ਿਆਦਾ ਸੇਵਾ ਭਾਵਨਾ ਰੱਖਦੀ ਹੈ ਕਿ ਲਾਵਾਰਿਸ ਲਾਸ਼ਾਂ ਦਾ ਸਸਕਾਰ ਇੱਥੇ ਕਰਦੀ ਹੈ। ਉਨ੍ਹਾਂ ਕਿਹਾ ਸਿਰਫ ਲਾਵਾਰਿਸ ਹੀ ਨਹੀਂ ਜੇਕਰ ਕੋਈ ਗ਼ਰੀਬ ਪਰਿਵਾਰ ਜਾਂ ਆਰਥਿਕ ਪੱਖ ਤੋਂ ਬੇਹੱਦ ਕਮਜ਼ੋਰ ਪਰਿਵਾਰ ਨੇ ਆਪਣੇ ਜੀਅ ਦਾ ਸਸਕਾਰ ਕਰਨਾ ਹੋਵੇ ਅਤੇ ਉਸ ਕੋਲ ਪੈਸੇ ਨਾ ਹੋਣ ਤਾਂ ਵੀ ਸੁਨੀਤਾ ਰਾਣੀ ਉਸ ਨੂੰ ਸਸਕਾਰ ਕਰਵਾਉਣ ਦੇ ਪੈਸੇ ਦੇ ਦਿੰਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਵੀ ਪੂਰਾ ਸਹਿਯੋਗ ਦਿੰਦੇ ਹਾਂ।ਉਨ੍ਹਾਂ ਕਿਹਾ ਕਿ ਇਹ ਸੇਵਾ ਬਾ ਕਮਾਲ ਹੈ।
ਇਹ ਵੀ ਪੜ੍ਹੋ: ਮੁੜ ਸਵਾਲਾਂ ’ਚ ਡੇਰੇ ਸਿਰਸਾ ’ਚ ਹੋ ਰਹੇ ਵਿਆਹ, ਅਦਾਲਤ ਨੇ ਭੇਜੇ ਸੰਮਨ