ਫਿਰੋਜ਼ਪੁਰ: ਬੀਤੀ ਸ਼ਾਮ ਫਿਰੋਜ਼ਪੁਰ 'ਚ ਲਾੜੀ ਦੀ ਵਿਦਾਈ ਦੌਰਾਨ ਲਾੜੀ ਦੇ ਭਰਾ ਵੱਲੋਂ ਕੀਤੀ ਫਾਇਰਿੰਗ ਨਾਲ ਲਾੜੀ ਗੰਭੀਰ ਜ਼ਖਮੀ ਹੋ ਗਈ, ਜਿਸ ਨੂੰ ਫਿਰੋਜ਼ਪੁਰ ਤੋਂ ਡੀ.ਐੱਮ.ਸੀ ਹਸਪਤਾਲ ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ, ਜਿਸ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ। ਇਸ ਮਾਮਲੇ ਦੇ ਉਜਾਗਰ ਹੋਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਐਕਸ ਰਾਹੀਂ ਪੋਸਟ ਵੀ ਕੀਤਾ ਗਿਆ ਸੀ। ਜਿਸ ਕਾਰਨ ਅੱਜ ਫਿਰੋਜ਼ਪੁਰ ਪੁਲਿਸ ਨੇ ਦੋ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਗੋਲੀ ਲਾੜੀ ਦੇ ਮੱਥੇ ਵਿੱਚ ਲੱਗੀ
ਦੱਸ ਦੇਈਏ ਕਿ ਕੱਲ੍ਹ ਸ਼ਾਮ ਨੂੰ ਫਿਰੋਜ਼ਪੁਰ ਦੇ ਪਿੰਡ ਖਾਈ ਫੇਮੇ ਵਿੱਚ ਇੱਕ ਮੈਰਿਜ ਪੈਲੇਸ ਵਿੱਚ ਵਿਆਹ ਹੋ ਰਿਹਾ ਸੀ। ਦੱਸਿਆ ਗਿਆ ਹੈ ਕਿ ਬਰਾਤ ਤਰਨਤਾਰਨ ਤੋਂ ਆਈ ਸੀ। ਦੱਸਿਆ ਗਿਆ ਸੀ ਕਿ ਸ਼ਾਮ ਟਾਈਮ ਡੋਲੀ ਤੁਰਨ ਦੇ ਮੌਕੇ ਵਿਆਹ ਵਿੱਚ ਸ਼ਾਮਿਲ ਲੋਕਾਂ ਵੱਲੋਂ ਫਾਇਰਿੰਗ ਕੀਤੀ ਗਈ ਸੀ। ਜਿਸ ਤਹਿਤ ਗੋਲੀ ਵਿਆਹ ਵਾਲੀ ਕੁੜੀ ਦੇ ਮੱਥੇ ਵਿੱਚ ਜਾ ਲੱਗੀ। ਵਿਆਹ ਵਾਲੀ ਲੜਕੀ ਨੂੰ ਇਲਾਜ ਲਈ ਫਿਰੋਜ਼ਪੁਰ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਹਾਲਤ ਨਾਜ਼ੁਕ ਹੋਣ ਕਰਕੇ ਲੜਕੀ ਨੂੰ ਲੁਧਿਆਣਾ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਸੀ। ਉੱਥੇ ਵੀ ਲੜਕੀ ਦੀ ਹਾਲਤ ਬਹੁਤ ਗੰਭੀਰ ਦੱਸੀ ਜਾ ਰਹੀ ਹੈ।
ਗੋਲੀ ਲਾੜੀ ਦੇ ਭਰਾ ਤੋਂ ਚੱਲੀ
ਹੁਣ ਘਟਨਾ ਦੀ ਸਚਾਈ ਇਹ ਹੈ ਕਿ ਫਿਰੋਜ਼ਪੁਰ ਵਿੱਚ ਲਾੜੀ ਦੀ ਵਿਦਾਈ ਦੌਰਾਨ ਗੋਲੀ ਲਾੜੀ ਦੇ ਭਰਾ ਤੋਂ ਚੱਲੀ ਸੀ। ਲਾੜੀ ਦੇ ਭਰਾ ਵੱਲੋਂ ਫਾਇਰਿੰਗ ਕੀਤੇ ਜਾਣ ਕਾਰਨ, ਲਾੜੀ ਗੰਭੀਰ ਜ਼ਖਮੀ ਹੋ ਗਈ ਸੀ। ਜਿਸਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਸੀ। ਇਸ ਮਾਮਲੇ ਦੌਰਾਨ ਪੁਲਿਸ ਵੱਲੋਂ 2 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਲੜਕੀ ਦੇ ਭਰਾ ਅਤੇ ਪੈਲੇਸ ਮਾਲਕ ਖ਼ਿਲਾਫ ਕੇਸ ਦਰਜ
ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਰਣਧੀਰ ਕੁਮਾਰ ਆਈਪੀਐਸ ਨੇ ਦੱਸਿਆ ਕਿ ਅੱਜ ਉਨ੍ਹਾਂ ਦੁਆਰਾ ਪੈਲੇਸ ਦੇ ਸੀਸੀਟੀਵੀ ਦੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਲਾੜੀ ਦੀ ਵਿਦਾਈ ਸਮੇਂ ਗੋਲੀ ਲਾੜੀ ਦੇ ਭਰਾ ਨੇ ਹੀ ਚਲਾਈ ਸੀ ਜਿਸ ਕਾਰਨ ਲਾੜੀ ਗੰਭੀਰ ਜ਼ਖਮੀ ਹੋ ਗਈ ਸੀ। ਉਨ੍ਹਾਂ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਦੋ ਵਿਅਕਤੀਆਂ ਖਿਲਾਫ ਲੜਕੀ ਦੇ ਭਰਾ ਅਤੇ ਪੈਲੇਸ ਮਾਲਕ ਖ਼ਿਲਾਫ ਕੇਸ ਦਰਜ ਕਰ ਲਿਆ ਹੈ ਅਤੇ ਬਾਕੀ ਜਾਂਚ ਚੱਲ ਰਹੀ ਹੈ। ਰਣਧੀਰ ਕੁਮਾਰ ਐਸਪੀਡੀ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵਿਆਹ ਦੇ ਸੀਜ਼ਨ ਦੌਰਾਨ ਆਪਣੇ ਨਾਲ ਹਥਿਆਰ ਲੈ ਕੇ ਨਾ ਆਉਣ ਅਤੇ ਨਾ ਹੀ ਖੁੱਲ੍ਹੇਆਮ ਪ੍ਰਦਰਸ਼ਨ ਕਰਨ, ਜੇਕਰ ਅਜਿਹਾ ਕਰਨਾ ਹੈ ਤਾਂ ਪੁਲਿਸ ਨੂੰ ਸੂਚਿਤ ਕੀਤਾ ਜਾਵੇ।