ਖੰਨਾ: ਇੱਕ ਪਾਸੇ ਪੰਜਾਬ ਪੁਲਿਸ ਵੱਲੋਂ ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਦੂਜੇ ਪਾਸੇ ਲਗਾਤਾਰ ਪੁਲਿਸ ਵੱਲੋਂ ਅੰਮ੍ਰਿਤਪਾਲ ਦੇ ਸਮਰਥਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਖੰਨਾ ਪੁਲਿਸ ਨੇ ਸਮਰਾਲਾ ਤੋਂ ਵੀ ਅੰਮ੍ਰਿਤਪਾਲ ਦੇ 4 ਸਮਰਥਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਨੌਜਵਾਨ ਸਮਰਾਲਾ ਨਾਲ ਸਬੰਧਤ ਹਨ।
ਕੌਣ ਨੇ ਗ੍ਰਿਫ਼ਤਾਰ ਕੀਤੇ 4 ਨੌਜਵਾਨ: ਖੰਨਾ ਪੁਲਿਸ ਨੇ' ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਦੇ ਚਾਰ ਸਮਰਥਕਾਂ ਨੂੰ ਗ੍ਰਿਫਤਾਰ ਕੀਤਾ। ਇਹਨਾਂ ਦੀ ਪਛਾਣ ਈਸ਼ਵਰ ਸਿੰਘ ਵਾਸੀ ਪਿੰਡ ਮਾਨਪੁਰ, ਗੁਰਪ੍ਰੀਤ ਸਿੰਘ ਵਾਸੀ ਪਿੰਡ ਉਟਾਲਾਂ, ਸੁਖਵਿੰਦਰ ਸਿੰਘ ਵਾਸੀ ਪਿੰਡ ਭਗਵਾਨਪੁਰਾ ਅਤੇ ਜਗਤਾਰ ਸਿੰਘ ਵਾਸੀ ਪਿੰਡ ਰਾਣਵਾਂ ਵਜੋਂ ਹੋਈ। ਇਹਨਾਂ ਵੱਲੋਂ ਅੰਮ੍ਰਿਤਪਾਲ ਦੇ ਸਾਥੀਆਂ ਦੀ ਗ੍ਰਿਫ਼ਤਾਰੀ ਅਤੇ ਅੰਮ੍ਰਿਤਪਾਲ ਦੀ ਭਾਲ ਦੇ ਵਿਰੋਧ 'ਚ ਹਾਈਵੇ ਜਾਮ ਕਰਨ ਦਾ ਸੱਦਾ ਦਿੱਤਾ ਜਾ ਰਿਹਾ ਸੀ। ਜਿਵੇਂ ਹੀ ਪੁਲਿਸ ਨੂੰ ਇਨ੍ਹਾਂ ਨੌਜਵਾਨਾਂ ਦੇ ਮਨਸੂਬੇ ਪਤਾ ਲੱਗੇ ਤਾਂ ਪੁਲਿਸ ਨੇ ਇਹਨਾਂ ਨੂੰ ਤੁਰੰਤ ਕਾਬੂ ਕੀਤਾ ਅਤੇ 107-151 ਅਧੀਨ ਕਾਰਵਾਈ ਕਰਕੇ ਚਾਰੇ ਸਮਰਥਕਾਂ ਨੂੰ ਲੁਧਿਆਣਾ ਜੇਲ੍ਹ ਭੇਜ ਦਿੱਤਾ ਗਿਆ ਹੈ।
ਐਸਐਸਪੀ ਦਾ ਬਿਆਨ: ਉਧਰ ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਉਹਨਾਂ ਨੂੰ ਇਨਪੁੱਟ ਮਿਲੇ ਸੀ ਕਿ ਅੰਮ੍ਰਿਤਪਾਲ ਦੇ ਸਮਰਥਕ ਹਾਈਵੇ ਜਾਮ ਜਾਂ ਕੋਈ ਹੋਰ ਥਾਂ ਉੱਪਰ ਧਰਨਾ ਦੇਣ ਲਈ ਸੁਨੇਹਾ ਲਗਾ ਰਹੇ ਹਨ। ਜਿਸਨੂੰ ਦੇਖਦੇ ਹੋਏ ਕਾਰਵਾਈ ਕੀਤੀ ਗਈ। ਐਸਐਸਪੀ ਨੇ ਕਿਹਾ ਕਿ ਅਮਨ ਸ਼ਾਂਤੀ ਬਰਕਰਾਰ ਰੱਖੀ ਜਾਵੇਗੀ। ਕਿਸੇ ਨੂੰ ਵੀ ਸ਼ਾਂਤੀ ਭੰਗ ਨਹੀਂ ਕਰਨ ਦਿੱਤੀ ਜਾਵੇਗੀ।
ਸੁਰੱਖਿਆ ਦੇ ਪੁਖਤਾ ਪ੍ਰਬੰਧ: ਇਸਦੇ ਨਾਲ ਹੀ ਐਸਐਸਪੀ ਨੇ ਦੱਸਿਆ ਕਿ ਖੰਨਾ ਅੰਦਰ ਸੁਰੱਖਿਆ ਪ੍ਰਬੰਧਾਂ ਪੁਖਤਾ ਕੀਤੇ ਹੋਏ ਹਨ, ਲਗਾਤਾਰ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਆਖਿਆ ਕਿ ਸੁਰੱਖਿਆ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਆਈਈਟੀਬੀ ਦੀ ਇੱਕ ਟੁਕੜੀ ਅਤੇ ਪੰਜਾਬ ਪੁਲਸ ਦੀਆਂ ਦੋ ਟੁਕੜੀਆਂ ਸਮੇਤ ਪੂਰੇ ਜ਼ਿਲ੍ਹੇ ਦੀ ਪੁਲਿਸ ਤਾਇਨਾਤ ਹੈ। ਐਸਐਸਪੀ ਨੇ ਲੋਕਾਂ ਨੂੰ ਸੋਸ਼ਲ ਮੀਡੀਆ ਉੱਤੇ ਫੈਲ ਰਹੀਆਂ ਅਫ਼ਵਾਹਾਂ ਤੋਂ ਸਾਵਧਾਨ ਰਹਿਣ ਲਈ ਆਖਿਆ ਅਤੇ ਕਿਹਾ ਕਿ ਉਨ੍ਹਾਂ ਵੱਲੋਂ ਸੋਸ਼ਲ ਮੀਡੀਆ ੳੱੁਪਰ ਵੀ ਨਿਗਰਾਨੀ ਰੱਖੀ ਜਾ ਰਹੀ ਹੈ।
ਅੰਮ੍ਰਿਤਪਾਲ ਗ੍ਰਿਫ਼ਤ ਚੋਂ ਬਾਹਰ: ਕਾਬਲੇਗੌਰ ਹੈ ਕਿ ਭਾਵੇਂ ਕਿ ਅੰਮ੍ਰਿਤਪਾਲ ਦੇ ਬਹੁਤ ਸਾਰੇ ਸਾਥੀਆਂ ਅਤੇ ਕਰੀਬੀਆਂ ਦੀ ਗ੍ਰਿਫ਼ਤਾਰੀ ਹੋ ਗਈ ਹੈ। ਜਿੰਨ੍ਹਾਂ ਚੋਂ ਕੁੱਝ ਨੂੰ ਪੰਜਾਬ ਪੁਲਿਸ ਅਸਾਮ ਲੈ ਕੇ ਗਈ ਹੈ, ਪਰ ਹਾਲੇ ਤੱਕ ਅੰਮ੍ਰਿਤਪਲ ਪੁਲਿਸ ਦੀ ਗ੍ਰਿਫ਼ਤ ਚੋਂ ਬਾਹਰ ਹੈ।ਜਿਸ ਦੀ ਭਾਲ ਲਈ ਲਗਾਤਾਰ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ। ਪੁਲਿਸ ਵੱਲੋਂ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਅਤੇ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ।ਇਸ ਤੋਂ ਇਲਾਵਾ ਪੁਲਿਸ ਵੱਲੋਂ ਵਾਰ-ਵਾਰ ਅਪੀਲ਼ ਕੀਤੀ ਜਾ ਰਹੀ ਹੈ ਕਿ ਤਰ੍ਹਾਂ- ਤਰ੍ਹਾਂ ਦੀ ਫੈਲ ਰਹੀਆਂ ਝੂਠੀਆਂ ਅਫ਼ਵਾਹਾਂ ਵੱਲ ਧਿਆਨ ਨਾ ਦਿੱਤਾ ਜਾਵੇ ਅਤੇ ਪੰਜਾਬ 'ਚ ਸ਼ਾਂਤੀ ਬਣਾ ਕੇ ਰੱਖੀ ਜਾਵੇ।
ਇਹ ਵੀ ਪੜ੍ਹੋ: Section 144 in Chandigarh: ਚੰਡੀਗੜ੍ਹ ਵਿੱਚ ਵੀ ਲੱਗੀ ਧਾਰਾ 144, ਹਥਿਆਰ ਰੱਖਣ 'ਤੇ ਵੀ ਪਾਬੰਦੀ, ਜਾਣੋ ਕਿਉਂ