ਲੁਧਿਆਣਾ: ਪੰਜਾਬ ਭਰ ਦੇ 1400 ਦੇ ਕਰੀਬ ਐਂਬੂਲੈਂਸ ਚਾਲਕ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਉੱਤੇ ਆਪਣੀਆ ਹੱਕੀ ਮੰਗਾ ਲਈ ਲੜਾਈ ਲੜ ਰਹੇ ਹਨ। ਇਸ ਦੇ ਨਾਲ ਹੀ, ਉਨ੍ਹਾਂ ਵੱਲੋਂ ਐਂਬੂਲੈਂਸ ਸੇਵਾ 108 ਪੂਰੀ ਤਰ੍ਹਾਂ ਠੱਪ ਕਰ ਦਿੱਤੀ ਗਈ ਹੈ। ਪੰਜਾਬ ਭਰ ਤੋਂ 325 ਦੇ ਕਰੀਬ ਐਂਬੂਲੈਂਸ ਲੁਧਿਆਣਾ ਲਾਡੋਵਾਲ ਟੋਲ ਪਲਾਜ਼ਾ ਉੱਤੇ ਖੜੀਆਂ ਹਨ। ਮੁਲਾਜ਼ਮਾਂ ਨੇ ਸਰਕਾਰ ਨੂੰ ਦੋ ਦਿਨ ਦਾ ਸਮਾਂ ਹੋਰ ਦਿੱਤਾ ਸੀ, ਜੋ ਕਿ ਖ਼ਤਮ ਹੋਣ ਜਾ ਰਿਹਾ ਹੈ। ਉਨ੍ਹਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਸਾਡੀ ਨਾ ਸੁਣੀ ਤਾਂ, ਉਹ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ।
ਸੜਕਾਂ ਜਾਮ ਕਰਨ ਦੀ ਚੇਤਾਵਨੀ: ਐਂਬੂਲੈਂਸ ਚਾਲਕਾਂ ਦਾ ਕਹਿਣਾ ਹੈ ਕਿ ਸੰਤੋਖ ਚੌਧਰੀ ਦੀ ਮੌਤ ਕਰਕੇ ਐਸਡੀਐਮ ਵੱਲੋਂ ਉਨ੍ਹਾਂ ਨੂੰ ਦੋ ਦਿਨਾਂ ਤੱਕ ਉਡੀਕ ਕਰਨ ਲਈ ਕਿਹਾ ਸੀ ਅਤੇ ਉਸ ਤੋਂ ਬਾਅਦ ਮੁੱਖ ਮੰਤਰੀ ਦੇ ਕਿਸੇ ਨੁੰਮਾਇਦੇ ਨਾਲ ਮੁਲਾਕਾਤ ਦਾ ਭਰੋਸਾ ਦਿੱਤਾ ਸੀ। ਸੋਮਵਾਰ ਨੂੰ ਉਹ ਦਿਨ ਵੀ ਬੀਤ ਗਿਆ, ਜਿਸ ਤੋਂ ਬਾਅਦ ਹੁਣ ਅੱਜ ਜੇਕਰ ਉਨ੍ਹਾਂ ਨਾਲ ਕੋਈ ਮੀਟਿੰਗ ਨਾ ਹੋਈ ਤਾਂ, ਉਹ ਆਉਂਦੇ ਕੱਲ੍ਹ ਨੂੰ ਆਪਣਾ ਸੰਘਰਸ਼ ਤਿੱਖਾ ਕਰ ਦੇਣਗੇ। ਉਨ੍ਹਾਂ ਵੱਲੋਂ ਸੜਕਾਂ ਜਾਮ ਕਰ ਦਿੱਤੀਆਂ ਜਾਣਗੀਆਂ।
ਕੀ ਹਨ ਮੰਗਾਂ: 108 ਐਂਬੂਲੈਂਸ ਚਾਲਕਾਂ ਦਾ ਕਹਿਣਾ ਹੈ ਕਿ ਜੇਕਰ ਇਹ ਸੇਵਾ ਸਰਕਾਰੀ ਹੈ, ਤਾਂ ਉਨ੍ਹਾ ਨੂੰ ਠੇਕਾ ਪ੍ਰਥਾ ਤੋਂ ਮੁਕਤੀ ਕਰਵਾਈ ਜਾਵੇ। ਉਨ੍ਹਾ ਨੂੰ ਵਿਭਾਗ ਵਿੱਚ ਸ਼ਾਮਿਲ ਕੀਤਾ ਜਾਵੇ। ਇਸ ਤੋਂ ਇਲਾਵਾ, ਉਨ੍ਹਾਂ ਦਾ ਵੇਤਨ ਭੱਤਾ ਹਰਿਆਣਾ ਸਰਕਾਰ ਦੀ ਤਰਜ 'ਤੇ ਕੀਤਾ ਜਾਵੇ। ਕੰਪਨੀ ਨੇ ਜਿਨ੍ਹਾਂ ਮੁਲਾਜ਼ਮਾਂ ਨੂੰ ਬਾਹਰ ਕੱਢਿਆ ਹੈ ਉਨ੍ਹਾ ਦੀ ਮੁੜ ਤੋਂ ਬਹਾਲੀ ਕੀਤੀ ਜਾਵੇ। ਇਸ ਦੇ ਨਾਲ, ਸਰਕਾਰ ਵਿਭਾਗ ਵਿੱਚ ਸ਼ਾਮਿਲ ਕਰਕੇ ਉਨ੍ਹਾਂ ਨੂੰ 10 ਫੀਸਦੀ ਤੱਕ ਦੀ ਤਨਖਾਹ ਵਿੱਚ ਵਾਧਾ ਕੀਤਾ ਜਾਵੇ।
ਇਸ ਤੋਂ ਇਲਾਵਾ ਉਨ੍ਹਾ ਦੀਆਂ 10 ਸਾਲਾਂ ਦੀ ਤਨਖਾਹ ਦਾ ਜਿੰਨਾ ਵੀ ਇੰਕਰੀਮੈਂਟ ਬਣਦਾ ਹੈ, ਉਸ ਦਾ ਬਿਆਜ ਸਣੇ ਉਨ੍ਹਾਂ ਨੂੰ ਦਿੱਤਾ ਜਾਵੇ। 50 ਲੱਖ ਰੁਪਏ ਤੱਕ ਦਾ ਉਨ੍ਹਾਂ ਦਾ ਬੀਮਾ ਕਰਵਾਇਆ ਜਾਵੇ। ਜੇਕਰ ਕਿਸੇ ਮੁਲਾਜ਼ਮ ਦੀ ਡਿਊਟੀ ਦੌਰਾਨ ਮੌਤ ਹੋ ਜਾਂਦੀ ਹੈ, ਤਾਂ ਉਨ੍ਹਾ ਦੇ ਪਰਿਵਾਰ ਵਿੱਚ ਕਿਸੇ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ। ਪੀੜਿਤਾਂ ਦੇ ਪਰਿਵਾਰ ਨੂੰ ਪੈਨਸ਼ਨ ਦੇਣ ਦੀ ਤਜਵੀਜ਼ ਵੀ ਬਣਾਈ ਜਾਵੇ।
ਇਹ ਵੀ ਪੜ੍ਹੋ: ਬਰਨਾਲਾ ਜੇਲ੍ਹ ਵਿੱਚ ਡਿਊਟੀ ਉੱਤੇ ਤਾਇਨਾਤ ਪੁਲਿਸ ਮੁਲਾਜ਼ਮ ਦੀ ਗੋਲੀ ਲੱਗਣ ਨਾਲ ਮੌਤ