ਲੁਧਿਆਣਾ: ਵਿਧਾਨ ਸਭਾ ਹਲਕਾ ਪਾਇਲ ਦੇ ਵਿੱਚ ਸਿਆਸਤ ਲਗਾਤਾਰ ਗਰਮਾਉਂਦੀ ਜਾ ਰਹੀ ਹੈ ਜਿਸ ਸ਼ਖਸ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਉਹ ਵੀ ਹੁਣ ਸਾਹਮਣੇ ਆਇਆ ਹੈ। ਪੰਮਾ ਨਾਂਅ ਦੇ ਸ਼ਖ਼ਸ ਨੇ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿਚ ਕਿਹਾ ਹੈ ਕਿ ਉਸ ਵੱਲੋਂ ਕਾਨੂੰਨੀ ਤੌਰ ਉੱਤੇ ਕਾਰਵਾਈ ਲਈ ਚਾਰਾਜੋਈ ਕਰ ਦਿੱਤੀ ਗਈ ਹੈ। ਉਸ ਨੇ ਕਿਹਾ ਕਿ ਜੇਕਰ ਫਿਰ ਵੀ ਪ੍ਰਸ਼ਾਸਨ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਦਾ ਤਾਂ ਉਹ ਸੜਕਾਂ ਉੱਤੇ ਆਉਣਗੇ। ਸ਼ਖ਼ਸ ਨੇ ਇਥੋਂ ਤੱਕ ਕਹਿ ਦਿੱਤਾ ਕਿ ਪਾਇਲ ਹਲਕੇ ਦੇ ਲੋਕਾਂ ਨੇ ਗਲਤ ਵਿਧਾਇਕ ਦੀ ਚੋਣ ਕਰ ਲਈ ਹੈ ਅਤੇ ਹੁਣ 4 ਸਾਲ ਉਨ੍ਹਾਂ ਨੂੰ ਭੁਗਤਣਾ ਪਵੇਗਾ।
ਸਾਬਕਾ ਵਿਧਾਇਕ ਨੇ ਕੀਤੀ ਕਾਰਵਾਈ ਦੀ ਮੰਗ: ਉੱਥੇ ਹੀ ਦੂਜੇ ਪਾਸੇ ਪਾਇਲ ਹਲਕੇ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਕਿਹਾ ਹੈ ਕਿ ਪਾਇਲ ਹਲਕੇ ਨੇ ਪੰਜਾਬ ਨੂੰ ਦੋ ਮੁੱਖ ਮੰਤਰੀ ਦਿੱਤੇ ਹਨ, ਪਰ ਹੁਣ ਜੋ ਪਾਇਲ ਹਲਕੇ ਵਿੱਚ ਹਲਾਤ ਬਣ ਗਏ ਨੇ ਉਹ ਕਾਫੀ ਤਰਸਯੋਗ ਹੈ। ਉਨ੍ਹਾਂ ਕਿਹਾ ਕਿ ਗੁੰਡਾਗਰਦੀ ਸ਼ਰੇਆਮ ਚੱਲ ਰਹੀ ਹੈ ਉਨ੍ਹਾਂ ਕਿਹਾ ਕਿ ਜੋ ਕੋਈ ਵੀ ਅਜਿਹੀਆਂ ਹਰਕਤਾਂ ਨੂੰ ਅੰਜ਼ਾਮ ਦੇ ਰਿਹਾ ਹੈ ਉਨਾਂ ਉੱਤੇ ਸਖਤ ਕਾਰਵਾਈ ਪੁਲਿਸ ਨੂੰ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਗੁੰਡਾ ਅਨਸਰ ਸ਼ਰੇਆਮ ਅਨਾਊਸਮੈਂਟ ਕਰ ਕੇ ਡਰਾ ਧਮਕਾ ਰਹੇ ਨੇ ਅਤੇ ਇਸ ਮਾਮਲੇ ਨੂੰ ਲੈਕੇ ਉਹ ਡੀ ਜੀ ਪੀ ਨੂੰ ਵੀ ਮਿਲਣਗੇ ਜੇਕਰ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ।
ਐਮ ਐਲ ਏ ਨੇ ਨਕਾਰੇ ਇਲਜ਼ਾਮ: ਉੱਧਰ ਦੂਜੇ ਪਾਸੇ ਪਾਇਲ ਹਲਕੇ ਤੋਂ ਮਨਵਿੰਦਰ ਸਿੰਘ ਗਿਆਸਪੁਰਾ ਐਮ ਐਲ ਏ ਨੇ ਆਪਣੇ ਉੱਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵੱਲੋਂ ਧਮਕੀ ਦਿੱਤੀ ਗਈ ਹੈ ਉਹ ਲੋਕ ਇਨਸਾਫ ਪਾਰਟੀ ਦੇ ਨਾਲ ਸਬੰਧਤ ਨੇ ਉਨ੍ਹਾਂ ਨਾਲ ਉਸ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਸ ਨੂੰ ਧਮਕੀ ਦਿੱਤੀ ਜਾ ਰਹੀ ਹੈ ਉਹ ਵੀ ਆਮ ਆਦਮੀ ਪਾਰਟੀ ਦਾ ਵਰਕਰ ਨਹੀਂ ਹੈ ਉਨ੍ਹਾਂ ਕਿਹਾ ਕਿ ਦੋਹਾਂ ਦਾ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ, ਪਰ ਫਿਰ ਵੀ ਜੇਕਰ ਕਾਨੂੰਨ ਵਿਵਸਥਾ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਉਹਨਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ।
ਇਹ ਵੀ ਪੜ੍ਹੋ: Attackers shot: ਗੋਲੀ ਦੀ ਆਵਾਜ਼ ਨਾਲ ਮੁੜ ਕੰਬੀ ਗੁਰੂ ਨਗਰੀ, ਆਟਾ ਚੱਕੀ ਮਾਲਕ ਨੂੰ ਮੋਟਰਸਾਇਕਲ ਸਵਾਰ ਹਮਲਾਵਰਾਂ ਨੇ ਮਾਰੀ ਗੋਲੀ
ਪੁਲਿਸ ਨੇ ਕਿਹਾ ਨਹੀਂ ਆਈ ਸ਼ਿਕਾਇਤ: ਇਕ ਪਾਸੇ ਜਿੱਥੇ ਧਮਕੀ ਮਿਲਣ ਵਾਲਾ ਸੋਸ਼ਲ ਮੀਡੀਆ ਉੱਤੇ ਕਹਿ ਰਿਹਾ ਹੈ ਕਿ ਉਸ ਵੱਲੋਂ ਕਾਨੂੰਨੀ ਚਾਰਾਜੋਈ ਕੀਤੀ ਜਾ ਰਹੀ ਹੈ ਉੱਥੇ ਹੀ ਦੂਜੇ ਪਾਸੇ ਪਾਇਲ ਹਲਕੇ ਦੇ ਸੀਨੀਅਰ ਪੁਲਿਸ ਅਧਿਕਾਰੀ ਕਹਿ ਰਹੇ ਨੇ ਕਿ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਲਿਖਤੀ ਸ਼ਿਕਾਇਤ ਨਹੀਂ ਮਿਲੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਧਿਰ ਵੱਲੋਂ ਸਾਨੂੰ ਕਿਸੇ ਵੀ ਕਿਸਮ ਦੀ ਕਿਸੇ ਵੀ ਪੁਲਿਸ ਸਟੇਸ਼ਨ ਅੰਦਰ ਸ਼ਿਕਾਇਤ ਨਹੀਂ ਆਈ ਹੈ।