ਲੁਧਿਆਣਾ: ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਦਾ ਪੀਏ ਹਰਜਿੰਦਰ ਢੀਂਡਸਾ ਇੱਕ ਵਾਰ ਮੁੜ ਤੋਂ ਸੁਰਖੀਆਂ ਵਿੱਚ ਹੈ। ਬਸ ਸਟੈਂਡ ਨੇੜੇ ਸ਼ਾਮ ਨਗਰ ਇਲਾਕੇ ਵਿੱਚ ਉਸ ਦਾ ਝਗੜਾ ਬਸ ਚਾਲਕਾਂ ਦੇ ਨਾਲ ਹੋਇਆ ਹੈ। ਉਸ ਦਾ ਆਪਣੇ ਹੀ ਕੁਝ ਪੁਰਾਣੇ ਹਿੱਸੇਦਾਰਾ ਨਾਲ ਲੜਾਈ ਹੋ ਗਈ ਹੈ ਅਤੇ ਦੋਵਾਂ ਧਿਰਾਂ ਵੱਲੋਂ ਇੱਕ-ਦੂਜੇ ਉੱਤੇ ਸੱਟਾਂ ਮਾਰੀਆਂ ਗਈਆਂ ਹਨ। ਰਵਨੀਤ ਬਿੱਟੂ ਦੇ ਪੀਏ ਢੀਂਡਸਾ ਉੱਤੇ ਦਫ਼ਤਰ ਵਿੱਚ ਆ ਕੇ ਹਮਲਾ ਕਰਨ ਦੇ ਇਲਜ਼ਾਮ ਲੱਗੇ ਹਨ। ਇਸ ਤੋਂ ਪਹਿਲਾਂ ਵੀ ਰਵਨੀਤ ਬਿੱਟੂ ਦੇ ਪੀਏ ਦਾ ਝਗੜਾ ਹੋਇਆ ਸੀ।
ਰਾਜਨੀਤਕ ਸ਼ਕਤੀ ਦਾ ਚੁੱਕ ਰਿਹਾ ਫਾਇਦਾ: ਬੱਸ ਅਪਰੇਟਰ ਅਮਰਿੰਦਰ ਸਿੰਘ ਨੇ ਦੱਸਿਆ ਕਿ ਆਪਣੀ ਰਾਜਨੀਤਕ ਸ਼ਕਤੀ ਅਤੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਦੇ ਨਾਮ ਦੀ ਵਰਤੋਂ ਕਰਕੇ ਹਮਲਾ ਕੀਤਾ। ਉਹਨਾਂ ਨੂੰ ਇਸ ਗੱਲ ਦਾ ਖਦਸ਼ਾ ਹੈ ਕਿ ਪ੍ਰਸ਼ਾਸਨ ਉਸ ਦੀ ਮਦਦ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਕਾਂਗਰਸੀਆਂ ਵੱਲੋਂ ਗੁੰਡਾਗਰਦੀ ਕੀਤੀ ਜਾ ਰਹੀ ਹੈ।
ਬਸ ਆਪਰੇਟਰ ਅਮਰਿੰਦਰ ਨੇ ਇਲਜ਼ਾਮ ਲਗਾਏ ਹਨ ਕਿ ਹਰਜਿੰਦਰ ਢੀਂਡਸਾ ਵੱਲੋਂ ਉਨ੍ਹਾਂ ਦੇ ਦਫ਼ਤਰ ਉੱਤੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਹਮਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਿਰ ਵਿੱਚ ਸੱਟਾਂ ਮਾਰੀਆਂ ਗਈਆਂ ਹਨ। ਉਸ ਦੇ ਪਿਤਾ ਉੱਤੇ ਵੀ ਹਮਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਜਬਰਨ ਦਫ਼ਤਰ ਉੱਤੇ ਕਬਜ਼ਾ ਕਰਨ ਦੀ ਫ਼ਿਰਾਕ ਵਿੱਚ ਹੈ, ਜਦਕਿ ਉਸ ਦੀ ਗੁੰਡਾਗਰਦੀ ਕਰਕੇ ਹੀ ਉਹ ਉਸ ਨੂੰ ਆਪਣੀ ਹਿੱਸੇਦਾਰੀ ਚੋਂ ਬਾਹਰ ਕੱਢਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਹਰਜਿੰਦਰ ਢੀਂਡਸਾ ਉੱਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਕਿਉਂਕਿ ਉਹ ਆਪਣੇ ਨਾਲ 2 ਪੁਲਿਸ ਮੁਲਾਜ਼ਮ ਵੀ ਨਾਲ ਲੈ ਕੇ ਆਇਆ ਸੀ ਤਾਂ ਕਿ ਉਹ ਉਨ੍ਹਾਂ ਉੱਤੇ ਦਬਾਅ ਬਣਾ ਸਕੇ।
ਰਵਨੀਤ ਬਿੱਟੂ ਦੇ ਪੀਏ ਵਲੋਂ ਇਲਜ਼ਾਮ: ਉਧਰ ਦੂਜੇ ਪਾਸੇ ਰਵਨੀਤ ਬਿੱਟੂ ਦੇ ਪੀਏ ਹਰਜਿੰਦਰ ਢੀਂਢਸਾ ਨੇ ਆਪਣੀ ਸਫਾਈ ਦਿੱਤੀ ਹੈ। ਉਸ ਨੇ ਕਿਹਾ ਕਿ ਉਸ ਉੱਤੇ ਹਮਲਾ ਕੀਤਾ ਗਿਆ ਹੈ। 2019 ਤੋਂ ਉਹ ਦਫ਼ਤਰ ਵਿੱਚ ਕੰਮ ਕਰ ਰਿਹਾ ਹੈ। ਉਸ ਨੇ ਇਲਜ਼ਾਮ ਲਾਏ ਕਿ ਦੂਜੀ ਧਿਰ ਵੱਲੋਂ ਪੂਰੀ ਪਲਾਨਿੰਗ ਕਰਕੇ ਉਨ੍ਹਾਂ ਉੱਤੇ ਹਮਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੈਨੂੰ ਸੱਟਾਂ ਲੱਗੀਆਂ ਹਨ ਅਤੇ ਇਸ ਕਰਕੇ ਲੁਧਿਆਣਾ ਹਸਪਤਾਲ ਪਹੁੰਚੇ ਹਨ।