ਲੁਧਿਆਣਾ: ਨਗਰ ਨਿਗਮ ਵੱਲੋਂ ਕਈ ਸਿਟੀ ਬੱਸਾਂ ਸਰਵਿਸ 'ਚ ਨਾ ਲਿਆਉਣ ਨੂੰ ਲੈ ਕੇ ਕਬਾੜ ਹੋਈਆਂ ਬੱਸਾਂ ਦੀ ਅਕਾਲੀ ਦਲ ਵੱਲੋਂ ਅੱਜ ਪੂਜਾ ਕੀਤੀ ਗਈ। ਇਸ ਮੌਕੇ ਲੁਧਿਆਣਾ-ਤਾਜਪੁਰ ਰੋਡ 'ਤੇ ਸਥਿਤ ਸਿਟੀ ਬੱਸ ਸਰਵਿਸ ਦੇ ਡਿਪੂ 'ਚ ਵੱਡੀ ਗਿਣਤੀ 'ਚ ਅਕਾਲੀ ਵਰਕਰ ਪਹੁੰਚੇ ਅਤੇ ਲੁਧਿਆਣਾ ਤੋਂ ਲੋਕ ਸਭਾ ਸੀਟ ਲਈ ਉਮੀਦਵਾਰ ਰਵਨੀਤ ਬਿੱਟੂ ਵਿਰੁੱਧ ਪ੍ਰਦਰਸ਼ਨ ਕੀਤਾ।
ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਨੇ ਕਿਹਾ ਕਿ 2 ਸਾਲ ਪਹਿਲਾਂ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਰਵਨੀਤ ਬਿੱਟੂ ਨੇ ਆ ਕੇ ਇਨ੍ਹਾਂ ਬੱਸਾਂ ਨੂੰ ਧੋਤਾ ਸੀ ਅਤੇ ਕਿਹਾ ਸੀ ਕਿ ਅਕਾਲੀ ਦਲ ਦੀ ਇਹ ਸਕੀਮ ਪੂਰੀ ਤਰ੍ਹਾਂ ਫੇਲ੍ਹ ਹੋ ਗਈ ਹੈ। ਹੁਣ ਕਾਂਗਰਸ ਦੀ ਸੂਬੇ 'ਚ ਸਰਕਾਰ ਹੈ ਅਤੇ ਉਹ ਖ਼ੁਦ ਸੰਸਦ ਰਹਿ ਚੁੱਕੇ ਹਨ ਪਰ ਹਾਲੇ ਤੱਕ ਇਹ ਬੱਸ ਸਰਵਿਸ ਠੰਡੇ ਬਸਤੇ 'ਚ ਪਈ ਹੈ।
ਰਣਜੀਤ ਢਿੱਲੋਂ ਨੇ ਕਿਹਾ ਕਿ ਰਵਨੀਤ ਬਿੱਟੂ ਨੇ ਪੰਜ ਸਾਲ 'ਚ ਸਿਰਫ਼ ਗੱਲਾਂ ਹੀ ਬਣਾਈਆਂ ਹਨ ਵਿਕਾਸ ਦੇ ਨਾਂ 'ਤੇ ਕੁਝ ਵੀ ਨਹੀਂ ਕਰਵਾਇਆ। ਕਾਂਗਰਸ ਸਰਕਾਰ ਅਤੇ ਰਵਨੀਤ ਬਿੱਟੂ ਨੇ ਲੁਧਿਆਣਾ ਵਾਸੀਆਂ ਨਾਲ ਖ਼ਾਸ ਕਰਕੇ ਜੋ ਵਾਅਦੇ ਕੀਤੇ ਸਨ ਉਨ੍ਹਾਂ 'ਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ।
ਦੂਜੇ ਪਾਸੇ ਰਵਨੀਤ ਬਿੱਟੂ ਨੇ ਅਕਾਲੀ ਦਲ ਵੱਲੋਂ ਕੀਤੇ ਇਸ ਪ੍ਰਦਰਸ਼ਨ ਦੀ ਕਰੜੇ ਸ਼ਬਦਾਂ 'ਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਰਣਜੀਤ ਢਿੱਲੋਂ ਨੂੰ ਹਾਈਕਮਾਨ ਤੋਂ ਟਿਕਟ ਨਹੀਂ ਮਿਲ ਰਹੀ ਇਸ ਕਰਕੇ ਉਨ੍ਹਾਂ ਵੱਲੋਂ ਇਹ ਸਾਰਾ ਡਰਾਮਾ ਰਚਿਆ ਗਿਆ ਹੈ। ਦੋ ਸਾਲ ਪਹਿਲਾਂ ਜਦੋਂ ਉਨ੍ਹਾਂ ਨੇ ਮੁਜ਼ਾਹਰੇ ਕੀਤੇ ਸਨ ਉਦੋਂ ਇਨ੍ਹਾਂ ਬੱਸਾਂ ਦੀ ਮਿਆਦ ਸੀ ਪਰ ਅੱਜ ਇਹ ਮਿਆਦ ਖ਼ਤਮ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜੇ ਇਨ੍ਹਾਂ ਬੱਸਾਂ ਨੂੰ ਹੁਣ ਮੁੜ ਤੋਂ ਸੜਕਾਂ 'ਤੇ ਉਤਾਰਿਆ ਗਿਆ ਤਾਂ ਸਵਾਰੀਆਂ ਦਾ ਜਾਨੀ ਨੁਕਸਾਨ ਹੋ ਸਕਦਾ ਹੈ।