ਲੁਧਿਆਣਾ: ਸ਼ਹਿਰ ਦਾ ਨੌਜਵਾਨ ਤਨਿਸ਼ਬੀਰ ਸਿੰਘ ਉਰਫ਼ ਤਨਿਸ਼ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ। ਦਰਅਸਲ, 16 ਸਾਲ ਦੇ ਤਨਿਸ਼ ਨੇ ਵੈਸਟ ਮੈਟੀਰੀਅਲ ਨਾਲ ਉੱਡਣ ਵਾਲੇ ਜਹਾਜ਼ ਬਣਾਏ ਹਨ ਅਤੇ ਉਹ ਹੂਬਹੂ ਭਾਰਤੀ ਫੌਜ ਦੇ ਅਸਲੀ ਜਹਾਜ਼ਾਂ ਦੀ ਕਾਪੀ ਹੈ। ਇਹ ਜਹਾਜ਼ ਨਾ ਸਿਰਫ ਵੇਖਣ ਨੂੰ ਏਅਰ ਫੋਰਸ ਦੇ ਜਹਾਜ਼ ਜਾਪਦੇ ਹਨ, ਸਗੋਂ ਇਹ ਉਨ੍ਹਾਂ ਦੀ ਤਰ੍ਹਾਂ ਉਡਾਨ ਵੀ ਭਰਦੇ ਹਨ। ਤਨਿਸ਼ ਹੁਣ ਤੱਕ 25 ਤੋਂ ਵਧੇਰੇ ਜਹਾਜ਼ ਅਤੇ ਡਰੋਨ ਬਣਾ ਚੁੱਕਾ ਹੈ ਜਿਸ ਕਰਕੇ ਉਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ।
ਤਨਿਸ਼ ਦੇ ਪਿਤਾ ਗੁਰਚਰਨ ਸਿੰਘ ਜੱਸਲ ਵੀ ਉਸ ਦੀ ਮਦਦ ਕਰਦੇ ਹਨ। ਉਸ ਦੇ ਪਿਤਾ ਨੂੰ ਬਚਪਨ ਤੋਂ ਹੀ ਮੋਟਰ ਨਾਲ ਚੱਲਣ ਵਾਲੀਆਂ ਗੱਡੀਆਂ ਖੋਲ੍ਹਣ ਦਾ ਸ਼ੌਂਕ ਸੀ। ਇਸੇ ਤਰ੍ਹਾਂ ਤਨਿਸ਼ ਨੂੰ ਵੀ ਬਚਪਨ ਤੋਂ ਹੀ ਸ਼ੌਂਕ ਹੈ ਕਿ ਉਹ ਅਜਿਹੇ ਖਿਡੌਣੇ ਤਿਆਰ ਕਰੇ ਜੋ ਹਵਾ ਦੇ ਵਿੱਚ ਉੱਡ ਸਕਣ। ਤਨਿਸ਼ ਕਈ ਵਾਰ ਇਸ ਕੰਮ ਵਿੱਚ ਫੇਲ ਵੀ ਹੋਇਆ। ਉਸ ਨੇ ਕਈ ਅਜਿਹੇ ਮਾਡਲ ਬਣਾਏ ਜੋ ਉੱਡ ਨਹੀਂ ਸਕੇ, ਪਰ ਆਖਿਰਕਾਰ ਉਸ ਨੂੰ ਕਾਮਯਾਬੀ ਹੱਥ ਲੱਗੀ, ਜਦੋਂ ਉਸ ਨੇ ਸੋਸ਼ਲ ਮੀਡੀਆ ਉੱਤੇ ਜਹਾਜ਼ ਦੇ ਮਾਡਲ ਬਣਾਉਣੇ ਸਿੱਖੇ ਅਤੇ ਫਿਰ ਉਨ੍ਹਾਂ ਨੂੰ ਉਡਾਇਆ (Tanishbir Singh Aero model maker) ਅਤੇ ਉਹ ਕਾਮਯਾਬ ਹੋਇਆ।
ਕਿਵੇਂ ਕੀਤੀ ਸ਼ੁਰੂਆਤ: ਜਦੋਂ ਉਹ ਛੇਵੀਂ ਜਮਾਤ ਵਿੱਚ ਪੜ੍ਹਦਾ ਸੀ, ਤਨਿਸ਼ ਨੇ ਪਹਿਲਾਂ ਜਹਾਜ਼ ਬਣਾਇਆ ਸੀ, ਪਰ ਉਹ ਉੱਡਣ ਵਿੱਚ ਨਾਕਾਮ ਰਿਹਾ ਜਿਸ ਕਰਕੇ ਉਸ ਨੇ ਫਿਰ ਸੋਸ਼ਲ ਮੀਡੀਆ ਨੂੰ ਵੇਖਣਾ ਸ਼ੁਰੂ ਕੀਤਾ। ਕਾਫੀ ਸਮੇਂ ਤੱਕ ਉਸ ਨੇ ਸਿੱਖਿਆ ਫਿਰ ਉਸ ਨੇ ਅਸਲੀ ਜਹਾਜ਼ਾਂ ਬਾਰੇ ਜਾਣਕਾਰੀ ਹਾਸਿਲ ਕੀਤੀ। ਉਨ੍ਹਾਂ ਨੂੰ ਕਿਸ ਤਰ੍ਹਾਂ ਬਣਾਇਆ ਜਾਂਦਾ ਹੈ ਅਤੇ ਉਨ੍ਹਾਂ ਦਾ ਆਕਾਰ ਕਿਵੇਂ ਰੱਖਿਆ ਜਾਂਦਾ ਹੈ, ਇਸ ਬਾਰੇ ਪੂਰੀ ਜਾਣਕਾਰੀ ਹਾਸਿਲ ਕਰਨ ਤੋਂ ਬਾਅਦ ਹੀ, ਉਸ ਨੇ ਫਿਰ ਹੋਰ ਜਹਾਜ਼ ਬਣਾਏ। ਉਸ ਨੇ ਭਾਰਤੀ ਫੌਜ ਰਾਫੇਲ ਦੀ ਕਾਪੀ ਅਤੇ ਜਾਸੂਸੀ ਜਹਾਜ਼ ਦੀ ਕਾਪੀ ਵੀ ਬਣਾਏ ਹਨ, ਜੋ ਕਿ ਉਡਦੇ ਵੀ ਹਨ। ਤਨਿਸ਼ ਨੇ ਕਿਹਾ ਕਿ ਨਾਕਾਮੀ ਹੱਥ ਲੱਗਣ ਦੇ ਬਾਵਜੂਦ ਉਸ ਨੇ ਕਦੇ ਹਾਰ ਨਹੀਂ ਮੰਨੀ ਅਤੇ ਆਖਿਰਕਾਰ ਉਸ ਨੂੰ ਕਾਮਯਾਬੀ ਮਿਲੀ ਜਦੋਂ ਪਹਿਲਾ ਜਹਾਜ਼ ਉਸ ਨੇ ਉਡਾਇਆ ਅਤੇ ਉਹ ਥੋੜੀ ਦੇਰ ਉੱਡਣ ਤੋਂ ਬਾਅਦ ਕਰੈਸ਼ ਹੋ ਗਿਆ, ਜਿਸ ਤੋਂ ਬਾਅਦ ਉਸ ਨੇ ਕਈ ਹੋਰ ਜਹਾਜ਼ ਬਣਾਏ ਜੋ ਕਾਫੀ ਕਾਮਯਾਬ ਹੋਏ।
ਵੈਸਟ ਸਮਾਨ ਦੀ ਵਰਤੋਂ: ਤਨਿਸ਼ ਨੇ ਇਹ ਸਾਰੇ ਜਹਾਜ਼ ਜ਼ਿਆਦਤਰ ਵੈਸਟ ਸਮਾਨ ਤੋਂ ਬਣਾਏ ਹਨ, ਜਿਨ੍ਹਾਂ ਵਿੱਚ ਥਰਮਾਕੋਲ, ਪਲਾਸਟਿਕ ਅਤੇ ਗੱਤੇ ਦਾ ਸਮਾਨ ਸ਼ਾਮਿਲ ਹੈ। ਉਸ ਨੇ ਦੱਸਿਆ ਕਿ ਪਹਿਲਾ ਲੈਪਟਾਪ ਉੱਤੇ ਉਹ ਜਹਾਜ਼ ਦਾ ਡਿਜ਼ਾਇਨ ਤਿਆਰ ਕਰਦਾ ਹੈ। ਉਸ ਤੋਂ ਬਾਅਦ ਫਿਰ ਉਸ ਦੇ ਪ੍ਰਿੰਟ ਆਊਟ ਕੱਢਦਾ ਹੈ ਅਤੇ ਉਸੇ ਸਾਈਜ਼ ਦੇ ਫਿਰ ਅੱਗੇ ਮਟੀਰੀਅਲ ਦੀ ਕਟਾਈ ਕਰਨ ਤੋਂ ਬਾਅਦ ਉਸ ਵਿੱਚ ਮੋਟਰ ਲਗਾਉਂਦਾ ਹੈ ਅਤੇ ਫਿਰ ਉਸ ਦੇ ਸਾਈਜ਼ ਦੇ ਮੁਤਾਬਕ ਮੋਟਰ ਨੂੰ ਪਾਵਰ ਜਨਰੇਟ ਕਰਨ ਤੋਂ ਬਾਅਦ ਜਹਾਜ਼ ਬਣਾਉਂਦਾ ਹੈ। ਤਨਿਸ਼ ਨੇ ਕਿਹਾ ਕਿ ਜ਼ਿਆਦਾਤਰ ਜਹਾਜ਼ ਇੱਕੋ ਹੀ ਰਿਮੋਟ ਕੰਟਰੋਲ ਨਾਲ ਉੱਡ ਜਾਂਦੇ ਹਨ। ਜੇਕਰ ਮਟੀਰੀਅਲ ਦੀ ਗੱਲ ਕੀਤੀ ਜਾਵੇ, ਤਾਂ ਕੋਈ ਬਹੁਤਾ ਮਹਿੰਗਾ ਨਹੀਂ ਹੈ, ਪਰ ਜਹਾਜ਼ ਦਾ ਰਿਮੋਟ ਅਤੇ ਮੋਟਰ ਜਰੂਰ ਮਹਿੰਗੀ ਹੁੰਦੀ ਹੈ। ਇੱਕ (Aero Model With Waste Material) ਜਹਾਜ਼ ਦੀ ਮੋਟਰ ਦੂਜੀ ਨੂੰ ਵੀ ਲੱਗ ਸਕਦੀ ਹੈ। ਤਨਿਸ਼ ਨੇ ਕਿਹਾ ਕਿ ਜਹਾਜ਼ ਨੂੰ ਉਡਾਉਣ ਦੀ ਤਕਨੀਕ ਉਸ ਦੀ ਮੋਟਰ ਦੇ ਪਾਵਰ ਅਤੇ ਉਸ ਦੇ ਸਾਈਜ਼ ਉੱਤੇ ਨਿਰਭਰ ਕਰਦੀ ਹੈ। ਉਸ ਨੇ ਕਿਹਾ ਕਿ ਦੋਵਾਂ ਵਿੱਚ ਬੈਲੰਸ ਹੋਣਾ ਬੇਹਦ ਜਰੂਰੀ ਹੈ, ਨਹੀਂ ਤਾਂ ਜਹਾਜ਼ ਨਹੀਂ ਉੱਡ ਸਕੇਗਾ।
ਪਿਤਾ ਨੂੰ ਸ਼ੌਂਕ: ਤਨਿਸ਼ ਦੇ ਪਿਤਾ ਗੁਰਚਰਨ ਸਿੰਘ ਵੀ ਉਸ ਦੀ ਜਹਾਜ਼ ਬਣਾਉਣ ਦੇ ਸ਼ੌਂਕ ਵਿੱਚ ਪੂਰੀ ਮਦਦ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਮੈਨੂੰ ਮਾਣ ਹੈ ਕਿ ਸਾਡਾ ਬੇਟਾ ਇਸ ਉਮਰ ਵਿੱਚ ਉੱਡਣ ਵਾਲੇ ਜਹਾਜ਼ ਦੇ ਮਾਡਲ ਬਣਾ ਰਿਹਾ ਹੈ। ਗੁਰਚਰਨ ਨੇ ਦੱਸਿਆ ਕਿ ਉਨ੍ਹਾਂ ਨੂੰ ਵੀ ਬਚਪਨ ਦੇ ਵਿੱਚ ਕਾਫੀ ਸ਼ੌਂਕ ਹੁੰਦਾ ਸੀ, ਜਦੋਂ ਕੋਈ ਰਿਮੋਟ ਵਾਲੀ ਗੱਡੀ ਆਉਂਦੀ ਸੀ, ਤਾਂ ਪਹਿਲਾ ਤੋੜ ਲੈਂਦੇ ਸਨ। ਫਿਰ ਉਸ ਨੂੰ ਜੋੜਦੇ ਸਨ, ਇਹ ਜਾਣਨ ਲਈ ਕਿ ਉਸ ਵਿੱਚ ਕੀ ਤਕਨੀਕ ਹੈ। ਉਨ੍ਹਾਂ ਨੇ ਕਿਹਾ ਕਿ ਇਹੀ ਸ਼ੌਂਕ ਮੇਰੇ ਬੇਟੇ ਵਿੱਚ ਵੀ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਸਰ ਕਈ ਮਾਪੇ ਬੱਚਿਆਂ ਨੂੰ ਸੋਸ਼ਲ ਮੀਡੀਆ ਤੋਂ ਦੂਰ ਰੱਖਦੇ ਹਨ, ਪਰ ਸੋਸ਼ਲ ਮੀਡੀਆ ਗਿਆਨ ਹਾਸਿਲ ਕਰਨ ਦਾ ਵੀ ਇੱਕ ਚੰਗਾ ਜ਼ਰੀਆ ਹੈ, ਬਸ ਇਹ ਬੱਚੇ ਉੱਤੇ ਨਿਰਭਰ ਹੈ ਕਿ ਉਹ ਸਿੱਖਣਾ ਕੀ ਚਾਹੁੰਦਾ ਹੈ। ਗੁਰਚਰਨ ਸਿੰਘ ਨੇ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਸਾਡਾ ਬੇਟਾ ਇਸ ਉਮਰ ਵਿੱਚ ਇਸ ਮੁਕਾਮ ਉੱਤੇ ਪਹੁੰਚ ਗਿਆ ਹੈ ਅਤੇ ਦਿੱਲੀ ਦੀ ਇੱਕ ਕੰਪਨੀ ਦੇ ਨਾਲ ਉਸ ਦਾ ਹੁਣ ਟਾਈਅਪ ਹੋਇਆ ਹੈ।
ਭਵਿੱਖ ਦਾ ਟੀਚਾ: ਤਨਿਸ਼ ਨੇ ਦੱਸਿਆ ਹੈ ਕਿ ਉਹ ਵੱਡਾ ਹੋ ਇਸੇ ਖੇਤਰ ਵਿੱਚ ਅੱਗੇ ਵਧਣਾ ਚਾਹੁੰਦਾ ਹੈ। ਤਨਿਸ਼ ਨੇ ਦੱਸਿਆ ਕਿ ਉਸ ਨੂੰ ਫੌਜ ਨਾਲ ਕਾਫੀ ਲਗਾਅ ਹੈ ਅਤੇ ਹੁਣ ਉਹ ਅੱਗੇ ਜਾ ਕੇ ਇਸ ਖੇਤਰ ਦੇ ਵਿੱਚ ਨਵੇਂ ਨਵੇਂ ਮਾਡਲ ਬਣਾਏਗਾ। ਉਨ੍ਹਾ ਕਿਹਾ ਕਿ ਹੁਣ ਉਹ ਵਿਦੇਸ਼ੀ ਮਾਡਲ ਤਿਆਰ ਕਰਨ ਬਾਰੇ ਸੋਚ ਰਿਹਾ ਹੈ। ਤਨਿਸ਼ ਨੇ ਕਿਹਾ ਕਿ ਭਾਰਤ ਹਾਲੇ ਵੀ ਵਿਦੇਸ਼ਾਂ ਤੋਂ ਲੜਾਕੂ ਜਹਾਜ਼ ਲੈਣ ਲਈ ਨਿਰਭਰ ਹੈ ਉਸ ਦਾ ਸੁਪਨਾ ਹੈ ਕੇ ਅਮਰੀਕਾ, ਰੂਸ ਅਤੇ ਫਰਾਂਸ ਦੀ ਤਰ੍ਹਾਂ ਭਾਰਤ ਆਪਣੇ ਜਹਾਜ਼ ਬਣਾਏ, ਅਤੇ ਉਹ ਵੀ ਇਸ ਵਿੱਚ ਦੇਸ਼ ਦੀ ਮਦਦ ਕਰੇ।