ਲੁਧਿਆਣਾ: ਇੱਕ ਪਾਸੇ ਜਿੱਥੇ ਐਸਟੀਐਫ ਦੇ ਇੰਚਾਰਜ ਹਰਬੰਸ ਸਿੰਘ ਦੇ ਖ਼ਿਲਾਫ਼ ਲੁਧਿਆਣਾ ਦੇ ਵਕੀਲਾਂ ਵੱਲੋਂ ਜ਼ਿਲ੍ਹਾ ਕਚਹਿਰੀ ਦੇ ਬਾਹਰ ਪੱਕਾ ਧਰਨਾ ਲਾਇਆ ਗਿਆ ਹੈ। ਉੱਥੇ ਹੀ ਸ਼ਨਿੱਚਰਵਾਰ ਨੂੰ ਪੁਲਿਸ ਦੇ ਤਸ਼ੱਦਦ ਦਾ ਸ਼ਿਕਾਰ ਹੋਏ ਨੌਜਵਾਨ ਦੀਪਕ ਸ਼ੁਕਲਾ ਦਾ ਪਰਿਵਾਰ ਵੀ ਧਰਨੇ 'ਤੇ ਆ ਬੈਠਾ।
ਧਰਨਾ ਦੇ ਰਹੇ ਵਕੀਲਾਂ ਅਤੇ ਦੀਪਕ ਸ਼ੁਕਲਾ ਦੇ ਪਰਿਵਾਰਕ ਮੈਂਬਰਾਂ ਨੂੰ ਆਮ ਆਦਮੀ ਪਾਰਟੀ ਦੀ ਵਿਧਾਇਕਾ ਸਰਬਜੀਤ ਕੌਰ ਮਾਣੂਕੇ ਅਤੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਵੀ ਸਮਰਥਨ ਦਿੱਤਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਬਜੀਤ ਕੌਰ ਮਾਣੂਕੇ ਨੇ ਕਿਹਾ ਕਿ ਪੰਜਾਬ ਵਿੱਚ ਲਾਇਨ ਆਰਡਰ ਦੀ ਸਥਿਤੀ ਖ਼ਰਾਬ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਅਤੇ ਐਸਟੀਐਫ ਵੱਲੋਂ ਬੇਕਸੂਰ ਲੋਕਾਂ 'ਤੇ ਪਰਚੇ ਪਾਏ ਜਾ ਰਹੇ ਹਨ।
ਉਧਰ ਇਸ ਮੌਕੇ ਸਮਰਪਿਤ ਬੈਂਸ ਵੀ ਵਕੀਲਾਂ ਅਤੇ ਦੀਪਕ ਮਿਸ਼ਰਾ ਦੇ ਪਰਿਵਾਰ ਨੂੰ ਸਮਰਥਨ ਦੇਣ ਲਈ ਪਹੁੰਚੇ। ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ 'ਤੇ ਫੇਲ੍ਹ ਹੋ ਚੁੱਕੀ ਹੈ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਨੂੰ ਲੈ ਕੇ ਵੀ ਟਿੱਪਣੀ ਕਰਦਿਆਂ ਕਿਹਾ ਕਿ ਸਰਕਾਰ ਸਿਰਫ਼ ਦਾਅਵੇ ਕਰ ਰਹੀ ਹੈ, ਕੈਪਟਨ ਅਮਰਿੰਦਰ ਸਿੰਘ ਦੇ ਕਰੋਨਾ ਵਾਇਰਸ ਦੇ ਬਿਆਨ ਨੂੰ ਲੈ ਕੇ ਵੀ ਉਸ ਨੇ ਹਾਸੋ ਹੀਣਾ ਕਰਾਰ ਦਿੱਤਾ।
ਜ਼ਿਕਰੇਖ਼ਾਸ ਹੈ ਕਿ ਦੀਪਕ ਸ਼ੁਕਲਾ ਉਹੀ ਨੌਜਵਾਨ ਹੈ, ਜਿਸ ਦੀ ਪੁਲਿਸ ਕਸਟਡੀ ਦੌਰਾਨ ਬੀਤੇ ਦਿਨੀਂ ਮੌਤ ਹੋ ਗਈ ਸੀ ਤੇ ਪਰਿਵਾਰ ਨੇ ਪੁਲਿਸ 'ਤੇ ਉਸ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਲਾਏ ਸਨ। ਦੀਪਕ ਸ਼ੁਕਲਾ ਕੋਲੋਂ ਚੋਰੀ ਦੀ ਕਾਰ ਬਰਾਮਦ ਹੋਈ ਸੀ ਜੋ ਕਿ ਉਸ ਨੇ ਕਿਸੇ ਤੋਂ ਖ਼ਰੀਦੀ ਸੀ। ਜਦੋਂ ਕਿ ਐੱਸਟੀਐੱਫ ਇੰਚਾਰਜ ਹਰਬੰਸ ਸਿੰਘ ਦੇ ਖ਼ਿਲਾਫ਼ ਲਗਾਤਾਰ ਵਕੀਲ ਬੀਤੇ ਤਿੰਨ ਦਿਨਾਂ ਤੋਂ ਧਰਨੇ 'ਤੇ ਡਟੇ ਹੋਏ ਹਨ।