ਲੁਧਿਆਣਾ:ਤਿੰਨ ਸੋ ਤੋਂ ਵੱਧ ਫਿਲਮਾਂ 'ਚ ਕੰਮ ਕਰ ਚੁੱਕੇ ਅਤੇ ਕਈ ਪ੍ਰਸਿੱਧ ਬਾਲੀਵੁੱਡ ਫ਼ਿਲਮਾਂ ਤੇ ਹਿੰਦੀ ਨਾਟਕਾਂ 'ਚ ਆਪਣੀ ਕਲਾ ਦਾ ਜਲਵਾ ਦਿਖਾ ਚੁੱਕੇ ਸਤੀਸ਼ ਕੌਲ ਬੀਤੇ ਦਿਨ ਲੁਧਿਆਣਾ 'ਚ ਕੋਰੋਨਾ ਕਾਰਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਸਤੀਸ਼ ਕੌਲ ਦੀ ਕੋਰੋਨਾ ਨਾਲ ਮੌਤ ਹੋਣ ਕਾਰਨ ਉਨ੍ਹਾਂ ਦਾ ਸਸਕਾਰ ਗੈਸ ਚੈਂਬਰ 'ਚ ਕੀਤਾ ਗਿਆ। ਉਨ੍ਹਾਂ ਦੇ ਨਾਲ ਕਈ ਸਾਲਾਂ ਤੋਂ ਉਨ੍ਹਾਂ ਦੀ ਦੇਖਭਾਲ ਕਰ ਰਹੀ ਸੱਤਿਆ ਦੇਵੀ ਦੇ ਪਰਿਵਾਰ ਵੱਲੋਂ ਸਤੀਸ਼ ਕੌਲ ਦੀਆਂ ਅੰਤਮ ਸਸਕਾਰ ਦੀਆਂ ਰਸਮਾਂ ਅਦਾ ਕਰਵਾਈਆਂ ਗਈਆਂ।
ਇਸ ਮੌਕੇ ਉਨ੍ਹਾਂ ਦੀ ਦੇਖਭਾਲ ਕਰ ਰਹੀ ਸੱਤਿਆ ਦੇਵੀ ਨੇ ਕਿਹਾ ਕਿ ਉਹ ਅਰਦਾਸ ਕਰਦੇ ਹਨ ਕਿ ਉਹ ਜਿੱਥੇ ਵੀ ਜਾਣ ਚੰਗੀ ਥਾਂ ਜਾਣ ਕਿਉਂਕਿ ਇਸ ਜ਼ਿੰਦਗੀ 'ਚ ਉਨ੍ਹਾਂ ਨੇ ਬਹੁਤ ਸਾਰੇ ਦੁੱਖ ਝੱਲੇ ਹਨ। ਇੱਕ ਵੱਡਾ ਕਲਾਕਾਰ ਹੋਣ ਦੇ ਬਾਵਜੂਦ ਉਹ ਅੰਤ 'ਚ ਬਿਲਕੁਲ ਇਕੱਲਿਆਂ ਹੀ ਰਹਿ ਗਏ ਸਨ ਅਤੇ ਬਿਮਾਰੀ ਦੀ ਲਪੇਟ ਚ ਆਉਣ ਕਰਕੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿੰਦੇ ਸਨ। ਉਨ੍ਹਾਂ ਕਿਹਾ ਕਿ ਉਹ ਸਰਕਾਰਾਂ ਨੂੰ ਜਾਂ ਕਿਸੇ ਹੋਰ ਨੂੰ ਦੋਸ਼ ਨਹੀਂ ਦੇਣਾ ਚਾਹੁੰਦੀ ਕਿਉਂਕਿ ਸਰਕਾਰਾਂ ਕੋਲ ਹੋਰ ਵੀ ਬਹੁਤ ਸਾਰੇ ਕੰਮ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਤੀਸ਼ ਕੌਲ ਇੱਕ ਅਦਾਕਾਰ ਸੀ ਪਰ ਕਿਸੇ ਵੀ ਫਿਲਮੀ ਅਦਾਕਾਰ ਨੇ ਉਨ੍ਹਾਂ ਦੀ ਮੌਤ 'ਤੇ ਦੁੱਖ ਜਾਹਰ ਨਹੀਂ ਕੀਤਾ।