ਲੁਧਿਆਣਾ: ਪੰਜਾਬ 'ਚ ਆਏ ਦਿਨ ਲੁੱਟ ਖੋਹ ਅਤੇ ਕਤਲ ਵਰਗੀਆਂ ਵਾਰਦਾਤਾਂ 'ਚ ਵਾਧਾ ਹੁੰਦਾ ਜਾ ਰਿਹਾ ਹੈ। ਇਸ ਦੌਰਾਨ ਬੇਸ਼ੱਕ ਪੁਲਿਸ ਕਾਨੂੰਨ ਵਿਵਸਥਾ ਸਹੀ ਕਰਨ ਦੇ ਦਾਅਵੇ ਕਰਦੀ ਹੈ ਪਰ ਨਿੱਤ ਦਿਨ ਦੀ ਵਾਰਦਾਤ ਉਨ੍ਹਾਂ ਦਾਅਵਿਆਂ ਨੂੰ ਫੇਲ੍ਹ ਕਰ ਦਿੰਦੀਆਂ ਹਨ। ਤਾਜ਼ਾ ਮਾਮਲਾ ਲੁਧਿਆਣਾ ਦੇ ਮਾਡਲ ਟਾਊਨ ਥਾਣੇ ਅਧੀਨ ਆਉਂਦੇ ਦੁੱਗਰੀ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿਥੇ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਇੱਕ ਨੌਜਵਾਨ ਵੱਲੋਂ ਇਲਜ਼ਾਮ ਲਗਾਏ ਗਏ ਕਿ ਉਸ ਦੀ ਕਾਰ ਦੋ ਨੌਜਵਾਨ ਹਥਿਆਰਾਂ ਦੀ ਨੋਕ 'ਤੇ ਲੈ ਕੇ ਫਰਾਰ ਹੋ ਗਏ।
ਪੁਲਿਸ ਘਟਨਾ ਦੀ ਕਰ ਰਹੀ ਜਾਂਚ: ਨੌਜਵਾਨ ਹੈਬੋਵਾਲ ਦਾ ਰਹਿਣ ਵਾਲਾ ਹਰਮਿੰਦਰ ਸਿੰਘ ਹੈ ਜੋ ਕਿ ਟੈਕਸੀ ਚਲਾਉਣ ਦਾ ਕੰਮ ਕਰਦਾ ਹੈ। ਉਸ ਨੇ ਪੁਲਿਸ ਨੂੰ ਇਹ ਜਾਣਕਾਰੀ ਦਿੱਤੀ ਕਿ ਜਲੰਧਰ ਜਾਣ ਲਈ ਕਿਸੇ ਕੁੜੀ ਦੇ ਮੋਬਾਈਲ ਤੋਂ ਉਸ ਦੀ ਕੈਬ ਬੁੱਕ ਕੀਤੀ ਗਈ ਸੀ ਅਤੇ ਜਦੋਂ ਉਹ ਮੌਕੇ 'ਤੇ ਪਹੁੰਚਿਆ ਤਾਂ ਦੋ ਨੌਜਵਾਨਾਂ ਨੇ ਹਥਿਆਰ ਦੀ ਨੋਕ ਤੋਂ ਉਸ ਦੀ ਗੱਡੀ ਖੋਹ ਲਈ। ਜਿਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਏ ਮੌਕੇ 'ਤੇ ਪੁਲਿਸ ਨੂੰ ਬੁਲਾਇਆ ਗਿਆ। ਇਸ ਘਟਨਾ ਨੂੰ ਲੈਕੇ ਪੁਲਿਸ ਵੱਲੋਂ ਨੇੜੇ ਤੇੜੇ ਦੀ ਸੀਸੀਟੀਵੀ ਫੁਟੇਜ ਖੰਗਾਲੀ ਗਈ ਹੈ ਅਤੇ ਏਸੀਪੀ ਜਸਰੂਪ ਕੌਰ ਬਾਠ ਨੇ ਕਿਹਾ ਹੈ ਕਿ ਕਾਰ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਉਹਨਾਂ ਕਿਹਾ ਕਿ ਸਾਨੂੰ ਕਾਫੀ ਸੁਰਾਗ ਮਿਲ ਗਏ ਹਨ ਅਤੇ ਜਲਦ ਹੀ ਅਸੀਂ ਇਸ ਮਾਮਲੇ ਦਾ ਖੁਲਾਸਾ ਕਰਾਂਗੇ। ਹਾਲਾਂਕਿ ਜਦੋਂ ਬੰਦੂਕ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਇਸ ਮਾਮਲੇ ਦੀ ਤਫਤੀਸ਼ ਜਾਰੀ ਹੈ।
ਪੀੜਤਾਂ ਨੂੰ ਗੱਲ ਕਰਨ ਤੋਂ ਰੋਕਦੀ ਰਹੀ ਪੁਲਿਸ: ਉਧਰ ਜਦੋਂ ਇਸ ਦੌਰਾਨ ਸਾਡੀ ਟੀਮ ਵੱਲੋਂ ਪੀੜਤ ਅਤੇ ਪੀੜਤ ਦੀ ਮਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲਿਸ ਨੇ ਉਹਨਾਂ ਨੂੰ ਗੱਲਬਾਤ ਕਰਨ ਤੋਂ ਰੋਕ ਦਿੱਤਾ। ਜਿਸ ਦੀਆਂ ਤਸਵੀਰਾਂ ਕੈਮਰੇ ਦੇ ਵਿੱਚ ਵੀ ਕੈਦ ਹੋਈਆਂ ਹਨ ਕਿ ਪੁਲਿਸ ਉਹਨਾਂ ਨੂੰ ਮੀਡੀਆ ਨਾਲ ਗੱਲਬਾਤ ਕਰਨ ਤੋਂ ਰੋਕ ਰਹੀ ਹੈ। ਜਿਸ ਤੋਂ ਬਾਅਦ ਪੁਲਿਸ ਦੋਵੇਂ ਮਾਂ ਪੁੱਤ ਨੂੰ ਆਪਣੀ ਗੱਡੀ ਦੇ ਵਿੱਚ ਬਿਠਾ ਕੇ ਮਾਡਲ ਟਾਊਨ ਲੈ ਗਈ ਹੈ ਜਿੱਥੇ ਉਹਨਾਂ ਤੋਂ ਪੁੱਛਗਿਛ ਕੀਤੀ ਜਾਵੇਗੀ।
ਜਲਦ ਮਾਮਲਾ ਹੱਲ ਕਰਨ ਦਾ ਦਾਅਵਾ: ਇਸ ਨੂੰ ਲੈਕੇ ਏਸੀਪੀ ਜਸਰੂਪ ਕੌਰ ਬਾਠ ਨੇ ਕਿਹਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਕਾਫੀ ਜਲਦੀ ਹੀ ਮਾਮਲਾ ਸੁਲਝਾ ਲਿਆ ਜਾਵੇਗਾ। ਹਾਲਾਂਕਿ ਮੁਢਲੀ ਜਾਂਚ ਦੇ ਵਿੱਚ ਇਹ ਜਾਣਕਾਰੀ ਵੀ ਸਾਹਮਣੇ ਆ ਰਹੀ ਹੈ ਕਿ ਕਿਸੇ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਗੱਡੀ ਦੂਜੀ ਪਾਰਟੀ ਲੈ ਕੇ ਗਈ ਹੈ। ਉੱਥੇ ਹੀ ਦੂਜੇ ਪਾਸੇ ਦੂਸਰੀ ਦੁਕਾਨ ਚਲਾਉਣ ਵਾਲੇ ਸ਼ਖਸ ਤੋਂ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਦੋ ਲੋਕ ਸਨ ਅਤੇ ਤੀਜਾ ਡਰਾਈਵਰ ਸੀ। ਉਹਨਾਂ ਦੱਸਿਆ ਕਿ ਦੋਵਾਂ ਨੇ ਇੱਥੇ ਜੂਸ ਪੀਤਾ ਜਿਸ ਤੋਂ ਬਾਅਦ ਗੱਡੀ 'ਚ ਬੈਠ ਕੇ ਤਿੰਨੇ ਹੀ ਅੱਗੇ ਚਲੇ ਗਏ ਅਤੇ ਥੋੜੀ ਦੇਰ ਬਾਅਦ ਹੀ ਗੱਡੀ ਦਾ ਡਰਾਈਵਰ ਭੱਜਦਾ ਹੋਇਆ ਆਇਆ ਕਿ ਉਸ ਦੀ ਗੱਡੀ ਖੋਹ ਕੇ ਉਹ ਫਰਾਰ ਹੋ ਗਏ ਹਨ।