ਲੁਧਿਆਣਾ: ਜ਼ਿਲ੍ਹੇ ਵਿੱਚ ਲਗਾਤਾਰ ਨਿੱਤ ਦਿਨ ਫਰਜ਼ੀ ਏਜੰਟਾਂ ਵੱਲੋਂ ਆਪਣੇ ਸੁਨਹਿਰੇ ਭਵਿੱਖ ਲਈ ਵਿਦੇਸ਼ਾਂ ’ਚ ਜਾ ਕੇ ਵਸਣ ਦੇ ਸੁਪਨੇ ਸਜਾਉਣ ਵਾਲੇ ਬੱਚਿਆਂ ਦੇ ਨਾਲ ਲੁੱਟ ਖਸੁੱਟ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਤਾਜ਼ਾ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਲੁਧਿਆਣਾ ਦੇ ਹੀ ਇੱਕ ਨਿੱਜੀ ਇਮੀਗਰੇਸ਼ਨ ਦੀ ਸ਼ਿਕਾਇਤ ਕੁਝ ਵਿਦਿਆਰਥੀਆਂ ਵੱਲੋਂ ਲੁਧਿਆਣਾ ਪੱਛਮੀ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੂੰ ਕੀਤੀ ਗਈ ਜਿਸ ਤੋਂ ਬਾਅਦ ਵਿਧਾਇਕ ਸਾਹਿਬ ਖ਼ੁਦ ਇਮੀਗ੍ਰੇਸ਼ਨ ਦਫ਼ਤਰ ਪਹੁੰਚ ਗਏ।
ਇਸ ਦੌਰਾਨ ਦਫ਼ਤਰ ਦੇ ਸਟਾਫ਼ ਨੂੰ ਨਾਲ ਲਿਆ ਗਿਆ ਅਤੇ ਨਾਲ ਹੀ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਦੇ ਨਾਲ ਵੀਡੀਓ ਕਾਨਫ਼ਰੰਸ ’ਤੇ ਗੱਲਬਾਤ ਹੋਈ। ਵਿਧਾਇਕ ਗੁਰਪ੍ਰੀਤ ਗੋਗੀ ਨੇ ਇਮੀਗ੍ਰੇਸ਼ਨ ਕੰਪਨੀ ਦੇ ਮਾਲਿਕ ਨੂੰ 24 ਘੰਟੇ ਦਾ ਅਲਟੀਮੇਟਮ ਦਿੱਤਾ ਅਤੇ ਕਿਹਾ ਕਿ ਜੇਕਰ ਸਾਰੇ ਬੱਚਿਆਂ ਦੇ ਪੈਸੇ ਨਹੀਂ ਮੋੜੇ ਗਏ ਤਾਂ ਉਹ ਉਸ ਦੇ ਦਫ਼ਤਰ ਤੇ ਇੰਨ੍ਹਾਂ ਮ਼ਜਬੂਰ ਬੱਚਿਆਂ ਦਾ ਹੀ ਕਬਜ਼ਾ ਕਰਵਾ ਦੇਵੇਗਾ ਜਿਸ ਤੋਂ ਬਾਅਦ ਉਹ ਉਥੇ ਜੋ ਮਰਜ਼ੀ ਕੰਮ ਕਰਨ।
ਗੁਰਪ੍ਰੀਤ ਗੋਗੀ ਨੇ ਕਿਹਾ ਕਿ ਕਿਸੇ ਨੇ ਕਰਜ਼ਾ ਚੁੱਕ ਕੇ ਇਮੀਗ੍ਰੇਸ਼ਨ ਕੰਪਨੀ ਦੇ ਮਾਲਿਕ ਨੂੰ ਪੈਸੇ ਦਿੱਤੇ ਅਤੇ ਕਿਸੇ ਨੇ ਰਿਸ਼ਤੇਦਾਰਾਂ ਤੋਂ ਫੜ ਕੇ ਪੈਸੇ ਦਿੱਤੇ ਹਨ। ਉਨ੍ਹਾਂ ਕਿਹਾ ਕਿ ਭੋਲੇ ਭਾਲੇ ਬੱਚਿਆਂ ਨੂੰ ਵਿਦੇਸ਼ ਭੇਜਣ ਦੇ ਨਾਂ ਤੇ ਠੱਗਿਆ ਜਾ ਰਿਹਾ ਹੈ ਅਤੇ ਇਹ ਸਿਰਫ ਲੁਧਿਆਣਾ ਦੇ ਹੀ ਨਹੀਂ ਪੂਰੇ ਪੰਜਾਬ ਭਰਦੇ ਵਿੱਚ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਉਹ ਬਾਕੀ ਵਿਧਾਇਕਾਂ ਨੂੰ ਵੀ ਅਪੀਲ ਕਰਨਗੇ ਕਿ ਆਪੋ ਆਪਣੇ ਇਲਾਕਿਆਂ ਦੇ ਵਿੱਚ ਅਜਿਹੇ ਫਰਜ਼ੀ ਏਜੰਟਾਂ ਦੇ ਖ਼ਿਲਾਫ਼ ਆਪਣੀ ਮੁਹਿੰਮ ਚਲਾਉਣ ਅਤੇ ਉਨ੍ਹਾਂ ਨੂੰ ਭੋਲੇ ਭਾਲੇ ਬੱਚਿਆਂ ਦਾ ਸੁਨਹਿਰੀ ਭਵਿੱਖ ਖ਼ਰਾਬ ਨਾ ਕਰਨ ਦੇਣ।
ਇਹ ਵੀ ਪੜ੍ਹੋ: ਕਾਂਗਰਸ ਲਈ ਵੱਡੀ ਚੁਣੌਤੀ ਬਣੇ ਸਿੱਧੂ ਤੇ ਜਾਖੜ !