ਲੁਧਿਆਣਾ: ਸਿਵਲ ਹਸਪਤਾਲ ਦੇ ਜੱਚਾ-ਬੱਚਾ ਕੇਂਦਰ ਵਿੱਚੋਂ ਬੀਤੀ ਦੇਰ ਰਾਤ ਅਣਪਛਾਤੀ ਮਹਿਲਾ ਵੱਲੋਂ ਤਿੰਨ ਦਿਨ ਦਾ ਬੱਚਾ ਚੋਰੀ ਕਰ ਲਿਆ ਗਿਆ । ਰਾਤ ਲਗਭਗ 12 ਵਜੇ ਦੀ ਇਹ ਘਟਨਾ ਹੈ ਜਦੋਂ ਸਿਵਲ ਹਸਪਤਾਲ ਦੇ ਵਿੱਚ ਜੱਚਾ-ਬੱਚਾ ਕੇਂਦਰ ਅੰਦਰ ਦਾਖਲ ਹੋਈ ਮਹਿਲਾ ਬੱਚੇ ਨੂੰ ਘੁਮਾਉਣ ਦਾ ਬਹਾਨਾ ਬਣਾ ਕੇ ਨਾਲ ਹੀ ਲੈ ਕੇ ਚਲੀ ਗਈ। ਜਿਸ ਦਾ ਪਤਾ ਬੱਚੇ ਦੇ ਮਾਤਾ-ਪਿਤਾ ਨੂੰ ਬਾਅਦ ਵਿੱਚ ਲੱਗਾ। ਬੱਚੇ ਦੇ ਮਾਤਾ-ਪਿਤਾ ਵੱਲੋਂ ਹੰਗਾਮਾ ਕੀਤਾ ਗਿਆ। ਮੌਕੇ ਉੱਤੇ ਪਹੁੰਚੀ ਪੁਲਿਸ ਵੱਲੋਂ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਹੈ।
ਸੀਸੀਟੀਵੀ ਆਈ ਸਾਹਮਣੇ: ਬੱਚੇ ਨੂੰ ਲਿਜਾਂਉਂਦੇ ਹੋਏ ਮਹਿਲਾ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ ਵੇਖਿਆ ਜਾ ਸਕਦਾ ਹੈ ਕਿ ਬੜੀ ਅਸਾਨੀ ਨਾਲ ਮਹਿਲਾ ਬਿਨਾਂ ਕਿਸੇ ਰੋਕ-ਟੋਕ ਤੋਂ ਹਸਪਤਾਲ ਵਿੱਚ ਦਾਖਲ ਹੁੰਦੀ ਹੈ ਅਤੇ ਫਿਰ ਜੱਚਾ ਬੱਚਾ ਕੇਂਦਰ ਦੇ ਅੰਦਰ ਜਾਕੇ, ਬੱਚੇ ਨੂੰ ਗੋਦੀ ਵਿੱਚ ਚੁੱਕ ਕੇ ਬਾਹਰ ਲਿਆਉਂਦੀ ਹੈ। ਇਸ ਦੌਰਾਨ ਵੇਖਿਆ ਜਾ ਸਕਦਾ ਹੈ ਕਿ ਸਾਰੇ ਲੋਕ ਸੁੱਤੇ ਪਏ ਨੇ ਅਤੇ ਉਹ ਇਸ ਘਟਨਾ ਨੂੰ ਅੰਜਾਮ ਦਿੰਦੀ ਹੈ।
ਮਾਤਾ-ਪਿਤਾ ਵੱਲੋਂ ਇਨਸਾਫ਼ ਦੀ ਮੰਗ: ਇਸ ਪੂਰੀ ਘਟਨਾ ਬਾਰੇ ਦੱਸਦੇ ਹੋਏ ਬੱਚੇ ਦੀ ਮਾਮੀ ਅਤੇ ਮਾਮੇ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਬੱਚਾ ਹੋਇਆ ਸੀ ਅਤੇ ਹਸਪਤਾਲ ਦੇ ਵਿੱਚ ਹੀ ਹਾਲੇ ਉਹ ਦਾਖਲ ਸਨ ਕਿ ਰਾਤ ਸਮੇਂ ਇੱਕ ਮਹਿਲਾ ਬੱਚੇ ਨੂੰ ਚੁੱਕ ਕੇ ਲੈ ਗਈ। ਉਨ੍ਹਾਂ ਨੇ ਕਿਹਾ ਕਿ ਮੁਲਜ਼ਮਾਂ ਉੱਤੇ ਕਾਰਵਾਈ ਕਰਨ ਦੀ ਥਾਂ ਜਦੋਂ ਅਸੀਂ ਹੰਗਾਮਾ ਕੀਤਾ ਤਾਂ ਪੁਲਿਸ ਮੁਲਾਜ਼ਮ ਨੇ ਸਾਡੇ ਨਾਲ ਹੀ ਗਲਤ ਭਾਸ਼ਾ ਦੀ ਵਰਤੋਂ ਕੀਤੀ ਅਤੇ ਸਾਨੂੰ ਗ੍ਰਿਫਤਾਰ ਕਰਨ ਦੀਆਂ ਧਮਕੀਆਂ ਦਿੱਤੀਆਂ। ਪੀੜਤ ਪਰਿਵਾਰ ਨੇ ਇਨਸਾਫ਼ ਦੀ ਮੰਗ ਕੀਤੀ ਅਤੇ ਕਿਹਾ ਕਿ ਪੁਲਿਸ ਉਨ੍ਹਾਂ ਉੱਤੇ ਹੀ ਦਬਾਅ ਪਾ ਰਹੀ ਸੀ, ਜਿਸ ਤੋਂ ਬਾਅਦ ਪੁਲਿਸ ਦੇ ਸੀਨੀਅਰ ਅਫਸਰ ਮੌਕੇ ਉੱਤੇ ਪਹੁੰਚੇ ਅਤੇ ਜਦੋਂ ਮੀਡੀਆ ਆਇਆ ਤਾਂ ਉਹ ਚੁੱਪ ਹੋ ਗਏ।
ਐੱਸਐੱਮਓ ਵੱਲੋਂ ਸਫ਼ਾਈ: ਲੁਧਿਆਣਾ ਸਿਵਲ ਹਸਪਤਾਲ ਦੀ ਐਸਐੱਮਓ ਦਾ ਇਸ ਮਾਮਲੇ ਨੂੰ ਲੈ ਕੇ ਸਪੱਸ਼ਟੀਕਰਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਹੈ ਕਿ ਬੱਚੇ ਨੂੰ ਕਿਸੇ ਅਣਪਛਾਤੀ ਮਹਿਲਾ ਵੱਲੋਂ ਖਿਡਾਉਣ ਦੇ ਬਹਾਨੇ ਲਿਆ ਗਿਆ ਸੀ ਅਤੇ ਉਸ ਤੋਂ ਬਾਅਦ ਉਹ ਉਸ ਨੂੰ ਲੈ ਕੇ ਫਰਾਰ ਹੋ ਗਈ। ਐੱਸਐੱਮਓ ਨੇ ਕਿਹਾ ਹੈ ਕਿ ਇਸ ਵਿੱਚ ਜਿਸ ਕਿਸੇ ਦੀ ਵੀ ਗ਼ਲਤੀ ਹੋਵੇਗੀ ਉਸ ਉੱਤੇ ਕਾਰਵਾਈ ਹੋਵੇਗੀ। ਉਨ੍ਹਾਂ ਦੱਸਿਆ ਕਿ ਮਾਤਾ-ਪਿਤਾ ਦੀ ਜ਼ਿੰਮੇਵਾਰੀ ਵੀ ਹੋਣੀ ਚਾਹੀਦੀ ਹੈ ਉਨ੍ਹਾਂ ਵੱਲੋਂ ਬੱਚੇ ਨੂੰ ਇਸ ਤਰ੍ਹਾਂ ਛੱਡ ਦੇਣਾ ਸਹੀ ਨਹੀਂ ਹੈ।
ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ: ਮੌਕੇ ਉੱਤੇ ਪਹੁੰਚੀ ਪੁਲਿਸ ਵੱਲੋਂ ਬੱਚੇ ਨੂੰ ਚੋਰੀ ਕਰਨ ਦੇ ਮਾਮਲੇ ਨੂੰ ਲੈਕੇ ਅਣਪਛਾਤੇ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਏਸੀਪੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਬੱਚਾ ਪੈਦਾ ਹੋਇਆ ਸੀ ਅਤੇ ਬੀਤੀ ਦੇਰ ਰਾਤ ਉਸ ਨੂੰ ਕੋਈ ਚੋਰੀ ਕਰ ਕੇ ਲੈ ਗਿਆ ਹੈ। ਉਸ ਦੀ ਉਮਰ ਮਹਿਜ਼ 3 ਦਿਨ ਦੀ ਹੀ ਸੀ। ਉਨ੍ਹਾਂ ਕਿਹਾ ਕਿ ਅਸੀਂ ਬੱਚੇ ਨੂੰ ਜਲਦ ਬਰਾਮਦ ਕਰ ਲਵਾਂਗੇ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਵਾਂਗੇ।
ਇਹ ਵੀ ਪੜ੍ਹੋ: Jalandhar by-election: ਜ਼ਿਮਨੀ ਚੋਣ ਲਈ "ਆਪ" ਦੇ ਉਮੀਦਵਾਰ ਵੱਲੋਂ ਅੱਜ ਭਰੀ ਜਾਵੇਗੀ ਨਾਮਜ਼ਦਗੀ, ਸੀਐਮ ਮਾਨ ਨੇ ਕੀਤਾ ਟਵੀਟ