ਲੁਧਿਆਣਾ: ਉੱਤਰੀ ਭਾਰਤ ਵਿੱਚ ਗਰਮੀ ਕਰਕੇ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸੇ ਤਹਿਤ ਹੀ ਲੁਧਿਆਣਾ ਦੇ ਤਾਜਪੁਰ ਰੋਡ ਉੱਤੇ ਸਥਿਤ ਪੰਮੀ ਡਾਇੰਗ ਫੈਕਟਰੀ ਨੂੰ ਭਿਆਨਕ ਅੱਗ ਲੱਗ ਗਈ। ਇਹ ਅੱਗ ਇੰਨੀ ਭਿਆਨਕ ਸੀ ਕਿ ਇਸ ਦੀਆਂ ਲਪਟਾਂ ਦੂਰ-ਦੂਰ ਤੱਕ ਵੇਖਣ ਨੂੰ ਮਿਲੀਆਂ।
ਅੱਗ ਬੁਝਾਊ ਅਮਲੇ ਦੀਆਂ ਗੱਡੀਆਂ ਤੈਨਾਤ:- ਇਸ ਮੌਕੇ ਉੱਤੇ ਅੱਗ ਉੱਤੇ ਕਾਬੂ ਪਾਉਣ ਲਈ ਅੱਗ ਬੁਝਾਊ ਅਮਲੇ ਦੀਆਂ ਟੀਮਾਂ ਵੱਲੋਂ ਪਹੁੰਚ ਕੇ ਅੱਗ ਉੱਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪਰ ਹੁਣ ਤੱਕ 8 ਅੱਗ ਬੁਝਾਊ ਅਮਲੇ ਦੀਆਂ ਗੱਡੀਆਂ ਵੱਲੋਂ ਅੱਗ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪਰ ਅੱਗ ਇੰਨੀ ਜ਼ਿਆਦਾ ਭਿਆਨਕ ਹੈ ਕਿ ਪਹਿਲੀ ਮੰਜ਼ਿਲ ਤੋਂ ਦੂਜੀ ਮੰਜ਼ਿਲ ਵੱਲ ਵੀ ਫੈਲ ਗਈ।
ਅੱਗ ਨਾਲ ਹੋਏ ਨੁਕਸਾਨ ਬਾਰੇ ਨਹੀਂ ਜਾਣਕਾਰੀ:- ਇਸ ਮੌਕੇ ਫਾਇਰ ਬ੍ਰਿਗੇਡ ਸੀਨੀਅਰ ਅਫ਼ਸਰ ਰਵਿੰਦਰ ਸਿੰਘ ਨੇ ਕਿਹਾ ਕਿ ਅੱਗੇ ਉੱਤੇ ਕਾਬੂ ਪਾਉਣ ਲਈ ਹੁਣ ਤੱਕ 8 ਗੱਡੀਆਂ ਲਗਾਈਆਂ ਜਾ ਚੁੱਕੀਆਂ ਹਨ। ਉਹਨਾਂ ਕਿਹਾ ਅੱਗ ਉੱਤੇ ਜਲਦ ਹੀ ਕਾਬੂ ਪਾ ਲਿਆ ਜਾਵੇਗਾ। ਉਹਨਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦੀ ਚੱਲ ਰਹੀ ਜਾਂਚ ਹੈ ਅਤੇ ਫਿਲਹਾਲ ਅੱਗ ਨਾਲ ਹੋਏ ਨੁਕਸਾਨ ਬਾਰੇ ਅਜੇ ਤੱਕ ਨਹੀਂ ਹੈ ਕਿ ਕਿੰਨ੍ਹਾ ਨੁਕਸਾਨ ਫੈਕਟਰੀ ਵਿੱਚ ਅੱਗ ਕਰਕੇ ਹੋਇਆ ਹੈ।
ਇਹ ਦੱਸਿਆ ਜਾ ਰਿਹਾ ਹੈ ਕਿ ਡਾਇੰਗ ਫੈਕਟਰੀ ਹੋਣ ਕਰਕੇ ਅੱਗ ਕਾਫੀ ਤੇਜ਼ੀ ਦੇ ਨਾਲ ਫੈਲੀ ਹੈ। ਕਿਉਂਕਿ ਅਕਸਰ ਹੀ ਅਜਿਹੀ ਫੈਕਟਰੀਆਂ ਦੇ ਵਿੱਚ ਕੈਮੀਕਲ ਦੀ ਵਰਤੋਂ ਕੀਤੀ ਜਾਂਦੀ ਹੈ, ਕੈਮੀਕਲ ਤੇਜ਼ੀ ਦੇ ਨਾਲ ਅੱਗ ਫੜਦਾ ਹੈ। ਫਾਇਰ ਬ੍ਰਿਗੇਡ ਦੇ ਵਿਭਾਗ ਵੱਲੋਂ ਇਤਿਹਾਤ ਦੇ ਤੌਰ ਫੈਕਟਰੀ ਨੂੰ ਹੋਣ ਵਾਲੇ ਰਸਤੇ ਨੂੰ ਕੁੱਝ ਸਮੇਂ ਲਈ ਫਿਲਹਾਲ ਬੰਦ ਕਰ ਦਿੱਤਾ ਗਿਆ ਹੈ।
ਪਰ ਅੱਗ ਬੁਝਾਊ ਅਮਲੇ ਦੇ ਸੀਨੀਅਰ ਅਧਿਕਾਰੀ ਵੀ ਮੌਕੇ ਉੱਤੇ ਪਹੁੰਚ ਚੁੱਕੇ ਹਨ ਅਤੇ ਅੱਗ ਉੱਤੇ ਕਾਬੂ ਪਾਉਣ ਲਈ ਲਗਾਤਾਰ ਕੋਸ਼ਿਸ਼ ਕਰ ਰਹੇ ਹਨ। ਜਿਸ ਇਮਾਰਤ ਨੂੰ ਅੱਗ ਲੱਗੀ ਹੈ ਉਹ ਵੀ ਕਾਫੀ ਤੰਗ ਗਲੀ ਦੇ ਵਿੱਚ ਹੈ, ਇਸ ਕਰਕੇ ਅੱਗ ਉੱਤੇ ਕਾਬੂ ਪਾਉਣ ਵਿੱਚ ਵੀ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਫਾਇਰ ਬ੍ਰਿਗੇਡ ਵਿਭਾਗ ਨੂੰ ਕਰਨਾ ਪੈ ਰਿਹਾ ਹੈ। ਫਾਇਰ ਬ੍ਰਿਗੇਡ ਦੀਆਂ ਕੁਝ ਗੱਡੀਆਂ ਬਾਹਰ ਖੜ੍ਹੀਆਂ ਕਰਕੇ ਪਾਈਪ ਲਾਈਨ ਜਿੱਥੇ ਅੱਗ ਲੱਗੀ ਹੈ, ਉੱਥੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਫੈਕਟਰੀ ਵਿੱਚ ਅੱਗ ਦੀਆਂ ਲਪਟਾਂ ਦੂਰ ਤੱਕ ਦਿਖਾਈ ਦੇ ਰਹੀਆਂ ਹਨ, ਜਿਸ ਕਰਕੇ ਨੇੜੇ-ਤੇੜੇ ਦੇ ਲੋਕ ਵੀ ਇਸ ਫੈਕਟਰੀ ਦੇ ਕੋਲ ਇਕੱਠੇ ਹੋ ਗਏ ਹਨ। ਜਿਨ੍ਹਾਂ ਨੂੰ ਹਟਾਉਣ ਲਈ ਪੁਲਿਸ ਵੱਲੋਂ ਵੀ ਮਦਦ ਲਈ ਜਾ ਰਹੀ ਹੈ। ਫਾਇਰ ਬ੍ਰਿਗੇਡ ਵੱਲੋਂ ਰਾਹਤ ਕਾਰਜ ਚਲਾਏ ਜਾ ਰਹੇ ਹਨ, ਹਾਲਾਕਿ ਫੈਕਟਰੀ ਦੇ ਵਿੱਚ ਕੋਈ ਅੰਦਰ ਮੌਜੂਦ ਸੀ ਜਾਂ ਨਹੀਂ ਇਸ ਬਾਰੇ ਫਿਲਹਾਲ ਕੋਈ ਖੁਲਾਸਾ ਨਹੀਂ ਹੋ ਪਾਇਆ ਹੈ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਅੱਗ ਦੀ ਲਪੇਟ ਵਿਚ ਫਿਲਹਾਲ ਕੋਈ ਨਹੀਂ ਆਇਆ ਹੈ। ਅੱਗ ਲੱਗਣ ਵੇਲੇ ਫੈਕਟਰੀ ਦੇ ਵਿਚ ਮੌਜੂਦ ਮਜ਼ਦੂਰ ਬਾਹਰ ਨਿਕਲ ਆਏ ਸਨ।