ਲੁਧਿਆਣਾ: ਪੰਜਾਬ ਭਰ 'ਚ ਲਗਾਤਾਰ ਬੱਚਾ ਚੁੱਕਣ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਹਨ ਜਿਸ ਦੀਆਂ ਸੋਸ਼ਲ ਮੀਡੀਆ 'ਤੇ ਵੀਡੀਓ ਵੀ ਵਾਇਰਲ ਹੋ ਰਹੀਆਂ ਹਨ। ਅਜਿਹਾ ਹੀ ਇੱਕ ਮਾਮਲਾ ਹੁਣ ਲੁਧਿਆਣਾ ਦੇ ਮਾਡਲ ਟਾਊਨ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਘਰ 'ਚੋਂ ਬੱਚੇ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ।
ਇਹ ਸਾਰੀ ਘਟਨਾ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ। ਵੀਡੀਓ 'ਚ ਵੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਘਰ ਵਿੱਚ ਬੱਚਾ ਖੇਡ ਰਿਹਾ ਹੈ ਅਤੇ ਉਹ ਉਸ ਨੂੰ ਵਾਰ-ਵਾਰ ਬੁਲਾ ਵੀ ਰਿਹਾ ਹੈ ਜਿਸ ਸਬੰਧੀ ਪਰਿਵਾਰਕ ਮੈਂਬਰਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬੱਚੇ ਦੇ ਪਿਤਾ ਤਰਨਜੀਤ ਸਿੰਘ ਨੇ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਰੱਬ ਆਸਰੇ ਹੈ ਅਤੇ ਪੁਲਿਸ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ। ਉੱਧਰ ਮੌਕੇ 'ਤੇ ਪੁੱਜੇ ਐੱਸਐੱਚਓ ਪਵਨ ਕੁਮਾਰ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ 'ਤੇ ਉਹ ਘਰ ਵਿੱਚ ਪਹੁੰਚੇ ਅਤੇ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ।