ਲੁਧਿਆਣਾ: ਬੀਤੀ ਦੇਰ ਰਾਤ ਲੁਧਿਆਣਾ ਦੇ ਪੋਸ਼ ਇਲਾਕੇ ਸੈਂਟਰਾ ਗ੍ਰੀਨ ਫਲੈਟ ਵਿੱਚ ਤੇਂਦੂਆ ਵੇਖਿਆ ਗਿਆ। ਇਸ ਤੋਂ ਬਾਅਦ ਸੁਰੱਖਿਆ ਮੁਲਾਜ਼ਮਾਂ ਵਿੱਚ ਹੜਕੰਪ ਮਚਿਆ ਹੈ। ਪਾਰਕਿੰਗ ਵਿੱਚ ਜਾਣ ਤੋਂ ਲੋਕਾਂ ਨੂੰ ਮਨਾਹੀ ਕੀਤੀ ਗਈ ਹੈ। ਸੁਰੱਖਿਆ ਮੁਲਾਜ਼ਮ ਵੀ ਡੰਡੇ ਲੈ ਕੇ ਘੁੰਮਦੇ ਵਿਖਾਈ ਦਿੱਤੇ। ਸੈਂਟਰਾ ਗ੍ਰੀਨ ਲੁਧਿਆਣਾ ਦੇ ਪੱਖੋਵਾਲ ਰੋਡ ਉੱਤੇ ਸਥਿਤ ਹੈ। ਪੁਲਿਸ ਮੁਲਾਜ਼ਮ ਵੀ ਮੌਕੇ ਉੱਤੇ ਪਹੁੰਚ ਕੇ ਜਾਂਚ ਕਰ ਰਹੀ ਹੈ। ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
ਅੰਦਰ ਰਹਿਣ ਵਾਲਿਆਂ ਨੂੰ ਅਲਰਟ ਮੈਸੇਜ ਜਾਰੀ: ਸਥਾਨਕ ਲੋਕਾਂ ਨੇ ਵੀ ਇਸ ਦੀ ਪੁਸ਼ਟੀ ਕਰਦਿਆ ਕਿਹਾ ਕਿ ਡਰ ਦਾ ਮਾਹੌਲ ਹੈ। ਉਨ੍ਹਾਂ ਨੂੰ ਐਮਰਜੈਂਸੀ ਅਲਰਟ ਦਾ ਮੈਸੇਜ ਜਾਰੀ ਕੀਤਾ ਗਿਆ ਹੈ। ਅੰਦਰ ਰਹਿਣ ਵਾਲੇ ਲੋਕਾਂ ਨੇ ਕਿਹਾ ਕਿ ਵੀਡੀਓ ਵਿੱਚ ਤੇਂਦੂਆ ਵੇਖਿਆ ਗਿਆ ਹੈ। ਹੁਣ ਮੌਕੇ ਉੱਤੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਅਤੇ ਜੰਗਲਾਤ ਮਹਿਕਮੇ ਦੀਆਂ ਟੀਮਾਂ ਇੱਥੇ ਮੌਜੂਦ ਹਨ।
ਮੌਕੇ ਉੱਤੇ ਪਹੁੰਚੀ ਪੁਲਿਸ ਵਲੋਂ ਜਾਂਚ ਜਾਰੀ: ਮੌਕੇ ਉੱਤੇ ਪਹੁੰਚੇ ਏਐਸਆਈ ਲਲਤੋਂ ਨੇ ਵੀ ਪੁਸ਼ਟੀ ਕਰਦਿਆ ਕਿਹਾ ਦੇਰ ਰਾਤ ਸੂਚਨਾ ਮਿਲੀ ਸੀ ਕਿ ਫਲੈਟ ਵਿੱਚ ਤੇਂਦੂਆ ਦੇਖਿਆ ਗਿਆ ਹੈ। ਹੁਣ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਫੋਰਸ ਮੌਕੇ ਉੱਤੇ ਪਹੁੰਚੀ ਹੋਈ ਹੈ।
ਸੀਸੀਟੀਵੀ 'ਚ ਕੈਦ ਹੋਈਆਂ ਤਸਵੀਰਾਂ: ਸੈਂਟਰਾ ਗ੍ਰੀਨ ਦੇ ਸਕੱਤਰ ਮੋਹਿੰਦਰ ਨੇ ਦੱਸਿਆ ਕਿ ਜੋ ਸੀਸੀਟੀਵੀ ਫੁਟੇਜ ਦੇਖਿਆ ਗਿਆ ਹੈ ਕਿ ਤੇਂਦੂਆ ਦੀ ਹਾਈਟ ਕਰੀਬ ਢਾਈ-ਤਿੰਨ ਫੁੱਚ ਉੱਚਾ ਸੀ, ਜੋ ਕਿ ਕੰਧਾਂ ਟੱਪ ਕੇ ਬਾਹਰ ਚਲਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਦੋਂ ਤੇਂਦੂਆ ਦੇਖਿਆ ਗਿਆ ਤਾਂ ਜਲਦ ਹੀ ਅੰਦਰ ਰਹਿ ਰਹੇ ਲੋਕਾਂ ਨੂੰ ਐਮਰਜੈਂਸੀ ਮੈਸੇਜ ਜਾਰੀ ਕੀਤਾ ਗਿਆ। ਉਨ੍ਹਾਂ ਨੂੰ ਬਾਹਰ-ਅੰਦਰ ਜਾਣ ਤੋਂ ਮਨਾ ਕੀਤਾ ਅਤੇ ਸੁੱਰਖਿਆ ਮੁਲਾਜ਼ਮਾਂ ਨੂੰ ਅਲਰਟ ਕੀਤਾ ਗਿਆ। ਨਾਲ ਦੀ ਨਾਲ ਹੀ, ਪੁਲਿਸ ਨੂੰ ਇਸ ਦੀ ਸੂਚਨਾ ਪਾਈ ਗਈ ਅਤੇ ਮੌਕੇ ਉੱਤੇ ਟੀਮ ਪਹੁੰਚੀ ਜਿਨ੍ਹਾਂ ਨੇ ਭਾਲ ਸ਼ੁਰੂ ਕੀਤੀ। ਪਰ, ਹੁਣ ਤੇਂਦੂਆ ਬਾਹਰ ਜਾ ਚੁੱਕਾ ਹੈ। ਇਸ ਲਈ ਹੋਰ ਨੇੜਲੇ ਇਲਾਕਿਆਂ ਵਿੱਚ ਅਲਰਟ ਹੋਣ ਦੀ ਲੋੜ ਹੈ।
ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਅਸੀ ਸੂਚਨਾ ਮਿਲਣ ਉੱਤੇ ਇੱਥੇ ਪਹੁੰਚੇ ਅਤੇ ਭਾਲ ਕੀਤੀ, ਪਰ ਤੇਂਦੁਆ ਅਜੇ ਮਿਲਿਆ ਨਹੀਂ। ਉਨ੍ਹਾਂ ਦੱਸਿਆ ਕਿ ਬੈਸਮੈਂਟ ਅੰਦਰ ਪੈੜਾਂ ਦੇਖੀਆਂ ਗਈਆਂ ਹਨ ਅਤੇ ਇਸ ਦੀ ਅਜੇ ਜਾਂਚ ਹੋ ਰਹੀ ਹੈ। ਮੁਲਾਜ਼ਮ ਨੇ ਦੱਸਿਆ ਕੇ ਸੈਂਟਰਾ ਗ੍ਰੀਨ ਦੇ ਆਲੇ-ਦੁਆਲੇ ਦੇ ਇਲਾਕੇ ਵਿੱਚ ਅਨਾਊਂਸਮੈਂਟ ਕਰਨ ਜਾ ਰਹੇ ਹਾਂ, ਤਾਂ ਲੋਕ ਸੁਚੇਤ ਹੋ ਸਕਣ।