ਲੁਧਿਆਣਾ: ਪੰਜਾਬ ਵਿੱਚ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਸੀ ਜਿਸ ਨੂੰ ਕਿਸਾਨਾਂ ਨੇ ਮੀਟਿੰਗ ਦੌਰਾਨ ਕੁਝ ਸਮੇਂ ਲਈ ਮੁਲਤਵੀ ਕਰ ਦਿੱਤਾ ਹੈ ਜਿਸ ਕਾਰਨ ਪੰਜਾਬ ਦੀਆਂ ਪੱਟੜੀਆਂ ਉੱਤੇ ਮੁੜ ਤੋਂ ਮਾਲਗੱਡੀਆਂ ਦੌੜਨ ਲੱਗ ਗਈਆਂ ਹਨ।
ਅੱਜ ਕੌਲੇ ਨਾਲ ਭਰੀ ਹੋਈ ਟ੍ਰੇਨ ਲੁਧਿਆਣਾ ਦੇ ਰੇਲਵੇ ਸਟੇਸ਼ਨ ਪਹੁੰਚੀ ਹੈ ਜੋ ਕਿ ਮੱਧ ਪ੍ਰਦੇਸ਼ ਤੋਂ ਚੱਲੀ ਸੀ ਅਤੇ ਅੱਗੇ ਜੰਮੂ-ਕਸ਼ਮੀਰ ਜਾਣੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮਾਲਗੱਡੀ ਵਿੱਚੋਂ ਕੁਝ ਕੋਲਾ ਪੰਜਾਬ ਲਈ ਵੀ ਉਤਾਰਿਆ ਜਾਣਾ ਹੈ।
ਮੁਲਾਜ਼ਮ ਰਵਿੰਦਰ ਠਾਕੁਰ ਨੇ ਕਿਹਾ ਕਿ ਇੱਕ ਮਹੀਨੇ ਬਾਅਦ ਅੱਜ ਟਰੇਨ ਸਟੇਸ਼ਨ ਉੱਤੇ ਆਈ ਹੈ। ਹਾਲਾਂਕਿ ਫਿਲਹਾਲ ਯਾਤਰੀ ਗੱਡੀਆਂ ਨਹੀਂ ਚੱਲ ਰਹੀਆਂ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਕਰਕੇ ਰੇਲ ਗੱਡੀਆਂ ਬੰਦ ਹੋ ਗਈਆਂ ਸਨ ਜਿਸ ਕਰਕੇ ਉਨ੍ਹਾਂ ਦਾ ਵੀ ਵੱਡਾ ਨੁਕਸਾਨ ਹੋ ਰਿਹਾ ਸੀ।
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਹੋ ਰਹੀ ਬਿਜਲੀ ਮਾਰ ਨੂੰ ਲੈ ਕੇ ਪੰਜਾਬ ਸਰਕਾਰ ਨੇ ਕਿਸਾਨਾਂ ਜਥੇਬੰਦੀਆਂ ਨੂੰ ਰੇਲ ਰੋਕੋ ਅੰਦਲੋਨ ਨੂੰ ਬੰਦ ਕਰਨ ਦੀ ਬੇਨਤੀ ਕੀਤੀ ਜਿਸ ਤੋਂ ਬਾਅਦ ਹੀ ਕਿਸਾਨ ਜਥੇਬੰਦੀਆਂ ਨੇ ਮੀਟਿੰਗ ਦੌਰਾਨ ਕੁਝ ਸਮੇਂ ਲਈ ਰੇਲ ਰੋਕੋ ਅੰਦਲੋਨ ਨੂੰ ਮੁਲਤਵੀ ਕਰ ਦਿੱਤਾ ਹੈ।