ਲੁਧਿਆਣਾ: ਲਕਸ਼ਮੀ ਨਗਰ ਦੀ ਗਲੀ ਨੰਬਰ 11 ਵਿੱਚ ਸਥਿਤ ਇੱਕ ਕੱਪੜਾ ਫੈਕਟਰੀ ਵਿੱਚ ਅੱਗ ਲੱਗਣ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। ਜਦੋਂ ਫੈਕਟਰੀ ਵਿੱਚ ਅੱਗ ਲੱਗੀ ਤਾਂ 15 ਤੋਂ 20 ਮਜ਼ਦੂਰ ਫੈਕਟਰੀ ਵਿੱਚ ਕੰਮ ਕਰ ਰਹੇ ਸਨ। ਅੱਗ ਲੱਗਦਿਆਂ ਹੀ ਉਹ ਤੁਰੰਤ ਫੈਕਟਰੀ ਤੋਂ ਬਾਹਰ ਭੱਜ ਆਏ। ਕਈ ਮਜ਼ਦੂਰਾਂ ਨੇ ਆਪਣੀ ਜਾਨ ਬਚਾਉਣ ਲਈ ਫੈਕਟਰੀ ਦੇ ਪਿਛਲੇ ਹਿੱਸੇ ਤੋਂ ਵੀ ਛਾਲ ਮਾਰ ਦਿੱਤੀ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ ਅਤੇ ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਹ ਫੈਕਟਰੀ ਰਿਹਾਇਸ਼ੀ ਖੇਤਰ 'ਚ ਚੱਲ ਰਹੀ ਹੈ, ਜਿਸ ਸਬੰਧੀ ਅਜੇ ਤੱਕ ਕਿਸੇ ਨੇ ਵੀ ਸ਼ਿਕਾਇਤ ਨਹੀਂ ਕੀਤੀ ਹੈ।
ਅੱਗ 'ਤੇ ਕਾਬੂ ਪਾ ਲਿਆ: ਦੂਜੇ ਪਾਸੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਚਾਰ ਗੱਡੀਆਂ ਨੇ ਅੱਗ 'ਤੇ ਕਾਬੂ ਪਾ ਲਿਆ ਹੈ ਅਤੇ ਅੱਗ ਕਾਰਨ ਫੈਕਟਰੀ 'ਚ ਪਈ ਹੀਟ ਨੂੰ ਠੰਡਾ ਕੀਤਾ ਜਾ ਰਿਹਾ ਹੈ। ਫਾਇਰ ਬ੍ਰਿਗੇਡ ਅਧਿਕਾਰੀ ਮਨਿੰਦਰ ਸਿੰਘ ਨੇ ਦੱਸਿਆ ਕਿ 2 ਵਜੇ ਦੇ ਕਰੀਬ ਉਹਨਾਂ ਨੂੰ ਇਤਲਾਹ ਮਿਲੀ ਸੀ, ਜਿਸ ਤੋਂ ਬਾਅਦ ਉਹ ਮੌਕੇ ਉੱਤੇ ਪਹੁੰਚੇ ਅਤੇ ਡੇਢ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ਉੱਤੇ ਕਾਬੂ ਪਾਇਆ ਗਿਆ ਹੈ। ਅੱਗ ਉੱਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਦਾ ਇਸਤੇਮਾਲ ਕਰਨਾ ਪਿਆ। ਉਨ੍ਹਾਂ ਕਿਹਾ ਕਿ ਫੈਕਟਰੀ ਵਿੱਚ ਅੱਗ ਕਿਉਂ ਲੱਗੀ ਇਹ ਤਾਂ ਫੈਕਟਰੀ ਮਾਲਕ ਹੀ ਦੱਸ ਸਕਦਾ ਹੈ ਪਰ ਜਦੋਂ ਅਸੀਂ ਅੱਗ ਬੁਝਾਉਣ ਲਈ ਮੌਕੇ ’ਤੇ ਪਹੁੰਚੇ ਤਾਂ ਅੰਦਰ ਕੋਈ ਮਜ਼ਦੂਰ ਮੌਜੂਦ ਨਹੀਂ ਸੀ।
- ਪੰਜਾਬ ਵਿਧਾਨ ਸਭਾ 'ਚ ਸਿੱਖ ਗੁਰੂਦੁਆਰਾ ਸੋਧ ਬਿੱਲ ਕੀਤਾ ਗਿਆ ਪਾਸ, ਗੁਰਬਾਣੀ ਪ੍ਰਸਾਰਣ ਲਈ ਵਿਸ਼ੇਸ਼ ਪਰਿਵਾਰ ਦੇ ਕੰਟਰੋਲ ਤੋਂ ਮਿਲੇਗੀ ਛੋਟ, ਪੜ੍ਹੋ ਕੀ ਬੋਲੇ ਮੁੱਖ ਮੰਤਰੀ ਮਾਨ...
- ਖਾਣ-ਪੀਣ ਵਾਲੀਆਂ ਵਸਤਾਂ ਦੀ ਚੈਕਿੰਗ ਲਈ ਘਰ-ਘਰ ਪਹੁੰਚ ਰਹੀ FSSAI ਦੀ ਵੈਨ, ਵੇਖੋ ਖਾਸ ਰਿਪੋਰਟ
- PM ਦਾ ਨਾਂ ਨਹੀਂ ਦੱਸ ਸਕਿਆ ਲਾੜਾ, ਲਾੜੀ ਪੱਖ ਨੇ ਹਥਿਆਰ ਦਿਖਾ ਕੇ ਲਾੜੇ ਦੇ ਛੋਟੇ ਭਰਾ ਨਾਲ ਕਰ ਦਿੱਤਾ ਵਿਆਹ
ਹਫੜਾ-ਦਫੜੀ ਦਾ ਮਾਹੌਲ: ਜਿਸ ਫੈਕਟਰੀ ਦੇ ਵਿੱਚ ਅੱਗ ਲੱਗੀ ਹੈ ਉਸ ਫੈਕਟਰੀ ਦੇ ਵਿੱਚ ਫਾਇਰ ਸੇਫਟੀ ਦੇ ਕਿੰਨੇ ਪ੍ਰਬੰਧ ਸਨ ਇਸ ਸਬੰਧੀ ਵੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਅੱਗ ਉੱਤੇ ਕਾਬੂ ਪਾਉਣ ਲਈ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ ਕਿਉਂਕਿ ਕਾਫੀ ਤੰਗ ਗਲੀ ਦੇ ਵਿੱਚ ਇਹ ਫੈਕਟਰੀ ਮੌਜੂਦ ਸੀ। ਅੱਗ ਲੱਗਣ ਤੋਂ ਬਾਅਦ ਤੁਰੰਤ ਇਲਾਕੇ ਦੇ ਵਿੱਚ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ। ਜਾਣਕਾਰੀ ਮੁਤਾਬਕ ਫ਼ੈਕਟਰੀ ਦੇ ਵਿੱਚ ਜ਼ਿਆਦਾਤਰ ਕੰਮ ਕੱਪੜੇ ਦਾ ਹੁੰਦਾ ਸੀ, ਇਸ ਕਰਕੇ ਅੱਗ ਤੇਜ਼ੀ ਨਾਲ ਫੈਲੀ। ਫੈਕਟਰੀ ਦੀ ਉੱਪਰਲੀ ਮੰਜ਼ਿਲ ਉੱਤੇ ਅੱਗ ਫੈਲੀ ਸੀ। ਜਿਸ ਨੂੰ ਸਮਾਂ ਰਹਿੰਦਿਆਂ ਫਾਇਰ ਬ੍ਰਿਗੇਡ ਵੱਲੋਂ ਕਾਬੂ ਕਰ ਲਿਆ ਗਿਆ ਨਹੀਂ ਤਾਂ ਵੱਡਾ ਨੁਕਸਾਨ ਵੀ ਹੋ ਸਕਦਾ ਸੀ।