ਖੰਨਾ : ਖੰਨਾ ਦੀ ਏ-ਸ਼੍ਰੇਣੀ ਨਗਰ ਕੌਂਸਲ ਅੰਦਰ ਲੰਮੇ ਸਮੇਂ ਤੋਂ ਸੀਵਰੇਜ ਸਮੱਸਿਆ ਤੋਂ ਪ੍ਰੇਸ਼ਾਨ ਲੋਕਾਂ ਨੂੰ ਰਾਹਤ ਮਿਲੇਗੀ। ਸੀਵਰੇਜ ਦੀ ਸਫ਼ਾਈ ਲਈ 53 ਲੱਖ ਰੁਪਏ ਦੀ ਅਤਿ ਆਧੁਨਿਕ ਮਸ਼ੀਨ ਖਰੀਦੀ ਗਈ ਹੈ, ਜਿਸਦਾ ਰਸਮੀ ਉਦਘਾਟਨ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਧ ਨੇ ਕੀਤਾ। ਵਿਧਾਇਕ ਨੇ ਕਿਹਾ ਕਿ ਚੰਡੀਗੜ੍ਹ ਤੇ ਇੰਦੌਰ ਵਰਗੇ ਸ਼ਹਿਰਾਂ ਦੀ ਮਸ਼ੀਨਰੀ ਖੰਨਾ ਵਿਖੇ ਲਿਆ ਕੇ ਇਸ ਸ਼ਹਿਰ ਨੂੰ ਵਿਕਸਿਤ ਕੀਤਾ ਜਾਵੇਗਾ। ਇਸਦੇ ਨਾਲ ਹੀ ਵਿਰੋਧੀ ਦਲਾਂ ਉਪਰ ਤੰਜ਼ ਕੱਸਦੇ ਹੋਏ ਵਿਧਾਇਕ ਸੌਂਧ ਬੋਲੇ ਕਿ 75 ਸਾਲਾਂ ਦੇ ਇਤਿਹਾਸ ਅੰਦਰ ਨਗਰ ਕੌਂਸਲ 'ਚ ਕਿਸੇ ਪਾਰਟੀ ਨੇ ਚਮਚਾ ਤੱਕ ਨਹੀਂ ਖਰੀਦਿਆ ਸੀ।
ਸਰਕਾਰੀ ਪੈਸੇ ਨਾਲ ਨਗਰ ਕੌਂਸਲ ਵਿੱਚ ਅਤਿ ਆਧੁਨਿਕ ਮਸ਼ੀਨ ਦਾ ਪ੍ਰਬੰਧ : ਖੰਨਾ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਧ ਦੇ ਯਤਨਾਂ ਸਦਕਾ ਸ਼ਹਿਰ ਦੇ ਲੋਕਾਂ ਨੂੰ ਸੀਵਰੇਜ ਬਲੌਕ ਦੀ ਸਮੱਸਿਆ ਤੋਂ ਨਿਜ਼ਾਤ ਮਿਲੇਗੀ। ਇਸਦੇ ਲਈ ਹੁਣ ਸਰਕਾਰੀ ਪੈਸੇ ਨਾਲ ਨਗਰ ਕੌਂਸਲ ਵਿੱਚ ਅਤਿ ਆਧੁਨਿਕ ਮਸ਼ੀਨ ਦਾ ਪ੍ਰਬੰਧ ਕੀਤਾ ਗਿਆ ਹੈ। ਸੁਪਰ ਸਕਸ਼ਨ ਮਸ਼ੀਨ 53 ਲੱਖ ਨਾਲ ਖਰੀਦੀ ਗਈ। ਮਸ਼ੀਨ ਦਾ ਉਦਘਾਟਨ ਨਗਰ ਕੌਂਸਲ ਵਿਖੇ ਵਿਧਾਇਕ ਸੌਂਧ ਵੱਲੋਂ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਸੌਂਧ ਨੇ ਕਿਹਾ ਕਿ ਖੰਨਾ ਵਿੱਚ ਸੀਵਰੇਜ ਬਲੌਕ ਦੀ ਸਮੱਸਿਆ ਬਹੁਤ ਵੱਡੀ ਹੈ। ਸੀਵਰੇਜ ਦੇ ਬੰਦ ਹੋਣ ਕਾਰਨ ਰੋਜ਼ਾਨਾ ਲੋਕ ਪ੍ਰੇਸ਼ਾਨ ਹੁੰਦੇ ਸਨ। ਉਥੇ ਹੀ ਸੀਵਰੇਜ ਕਰਮੀਆਂ ਨੂੰ ਸੀਵਰੇਜ ਲਾਈਨਾਂ ਦੇ ਅੰਦਰ ਜਾ ਕੇ ਸਫ਼ਾਈ ਕਰਨ ਲਈ ਆਪਣੀ ਜਾਨ ਜੋਖਮ ਵਿੱਚ ਪਾਉਣੀ ਪੈਂਦੀ ਸੀ।
ਹਰ ਵਾਰਡ ਵਿੱਚ ਦਿੱਤੇ ਜਾ ਰਹੇ 5 ਪੈਡਲ ਰਿਕਸ਼ੇ : ਅੱਜ ਤੱਕ ਕਿਸੇ ਵੀ ਸਰਕਾਰ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ। ਉਨ੍ਹਾਂ ਨੇ ਜ਼ੋਰ ਸ਼ੋਰ ਨਾਲ ਇਹ ਮੰਗ ਸਰਕਾਰ ਤੱਕ ਪਹੁੰਚਾਈ ਅਤੇ ਫਿਰ 53 ਲੱਖ ਰੁਪਏ ਦੀ ਲਾਗਤ ਨਾਲ ਮਸ਼ੀਨ ਖਰੀਦੀ। ਹੁਣ ਸ਼ਹਿਰ ਵਿੱਚ ਸੀਵਰੇਜ ਬਲੌਕ ਦੀ ਕੋਈ ਸਮੱਸਿਆ ਨਹੀਂ ਰਹੇਗੀ। ਜੇਕਰ ਕਿਤੇ ਸੀਵਰੇਜ ਬਲੌਕ ਹੋਵੇਗਾ ਤਾਂ ਇਹ ਮਸ਼ੀਨ ਕੁਝ ਹੀ ਮਿੰਟਾਂ 'ਚ ਬਲਾਕੇਜ ਨੂੰ ਖੋਲ੍ਹ ਦੇਵੇਗੀ। ਇਸਦੇ ਨਾਲ ਹੀ ਸ਼ਹਿਰ ਨੂੰ ਸੁੰਦਰ ਬਣਾਉਣ ਦੇ ਮਕਸਦ ਨਾਲ ਹਰ ਵਾਰਡ ਵਿੱਚ 5 ਪੈਡਲ ਰਿਕਸ਼ੇ ਦਿੱਤੇ ਜਾ ਰਹੇ ਹਨ। 33 ਲੱਖ ਰੁਪਏ ਵਿੱਚ 150 ਰਿਕਸ਼ੇ ਖਰੀਦੇ ਗਏ ਹਨ। ਪਹਿਲੇ ਪੜਾਅ ਵਿੱਚ 14 ਵਾਰਡਾਂ ਵਿੱਚ ਰਿਕਸ਼ੇ ਦਿੱਤੇ ਗਏ।
ਇਨ੍ਹਾਂ ਰਿਕਸ਼ਿਆਂ ਨਾਲ ਕੂੜਾ ਇਕੱਠਾ ਕੀਤਾ ਜਾਵੇਗਾ। ਲੋਕਾਂ ਨੂੰ ਕੂੜੇ ਦੇ ਢੇਰਾਂ ਤੋਂ ਵੀ ਰਾਹਤ ਮਿਲੇਗੀ। ਵਿਧਾਇਕ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਡੇਢ ਕਰੋੜ ਰੁਪਏ ਦੀ ਲਾਗਤ ਨਾਲ ਅਤਿ ਆਧੁਨਿਕ ਸਫ਼ਾਈ ਮਸ਼ੀਨ ਖਰੀਦੀ ਜਾਵੇਗੀ। ਕਾਂਗਰਸੀਆਂ 'ਤੇ ਨਿਸ਼ਾਨਾ ਸਾਧਦੇ ਹੋਏ ਵਿਧਾਇਕ ਸੌਂਧ ਨੇ ਕਿਹਾ ਕਿ ਕਾਂਗਰਸ ਨੇ ਆਪਣੀ ਸਰਕਾਰ 'ਚ ਸ਼ਹਿਰ ਦੇ ਵਿਕਾਸ ਲਈ ਇਕ ਚਮਚਾ ਵੀ ਨਹੀਂ ਖਰੀਦਿਆ। 75 ਸਾਲਾਂ ਦੇ ਇਤਿਹਾਸ ਦੌਰਾਨ ਵਿਰੋਧੀ ਦਲਾਂ ਨੇ ਨਗਰ ਕੌਂਸਲ ਅੰਦਰ ਅਜਿਹੀਆਂ ਮਸ਼ੀਨਾਂ ਨਹੀਂ ਲਿਆਂਦੀਆਂ। ਹੁਣ ਜਦੋਂ ਆਪ ਸਰਕਾਰ ਕੰਮ ਕਰ ਰਹੀ ਹੈ ਤਾਂ ਇਸ ਵਿੱਚ ਅੜਿੱਕੇ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੋਕ ਚੰਗੀ ਤਰ੍ਹਾਂ ਜਾਣਦੇ ਹਨ ਕਿ ਸਰਕਾਰ ਕੀ ਕੰਮ ਕਰ ਰਹੀ ਹੈ।