ਲੁਧਿਆਣਾ: ਰਾਏਕੋਟ ਦੇ ਪਿੰਡ ਸੀਲੋਆਣੀ ਵਿਖੇ ਹੱਡਾਰੋੜੀ ਦੇ ਅਵਾਰਾ ਕੁੱਤਿਆਂ ਦਾ ਕਹਿਰ ਦਿਨੋ-ਦਿਨ ਵੱਧਦਾ ਹੀ ਜਾ ਰਿਹਾ ਹੈ। ਅਵਾਰਾ ਕੁੱਤਿਆਂ ਨੇ ਦੋ ਦਿਨਾਂ ਵਿੱਚ ਦੋ ਪ੍ਰਵਾਸੀ ਮਜ਼ਦੂਰਾਂ ਦੀਆਂ ਢਾਡੀ ਸਾਲਾ ਮਾਸੂਮ ਬੱਚੀਆਂ ਨੂੰ ਆਪਣਾ ਸ਼ਿਕਾਰ ਬਣਾਇਆ। ਪੀੜਤ ਬੱਚੀ ਅਨੰਨਿਆ ਦੇਵੀ ਆਪਣੇ ਭੈਣ-ਭਰਾਵਾਂ ਤੇ ਹੋਰ ਬੱਚਿਆਂ ਨਾਲ ਮੰਜੇ 'ਤੇ ਬੈਠੀ ਨੂੰ 3-4 ਅਵਾਰਾ ਕੁੱਤਿਆਂ ਨੇ ਗਰਦਨ ਤੋਂ ਫੜ ਕੇ ਘੜੀਸਦੇ ਹੋਏ ਖੇਤਾਂ ਵਿੱਚ ਲੈ ਗਏ। ਇਸ ਮੌਕੇ ਕੋਲ ਖੜੇ ਬੱਚਿਆਂ ਵੱਲੋਂ ਰੌਲਾ ਪਾਏ ਜਾਣ 'ਤੇ ਲੋਕ ਇਕੱਠੇ ਹੋਏ। ਉਨ੍ਹਾਂ ਦੇ ਮਾਪਿਆਂ ਨੇ ਭਾਰੀ ਜਦੋਂ ਜਹਿਦ 'ਤੇ ਮਾਸੂਮ ਬੱਚੀ ਨੂੰ ਉਕਤ ਅਵਾਰਾ ਕੁੱਤਿਆਂ ਦੇ ਚੁੰਗਲ 'ਚੋਂ ਛੁਡਾਇਆ।
ਇਸ ਮੌਕੇ ਜਾਣਕਾਰੀ ਦਿੰਦਿਆਂ ਪੀੜਤ ਬੱਚੀ ਦੀ ਚਾਚੀ ਮੀਰਾ ਦੇਵੀ ਨੇ ਨੇ ਦੱਸਿਆ ਕਿ ਉਹ ਪਿਛਲੇ 10 ਸਾਲਾਂ ਤੋਂ ਅੱਧੀ ਦਰਜਨ ਦੇ ਕਰੀਬ ਪ੍ਰਵਾਸੀ ਮਜ਼ਦੂਰ ਪਰਿਵਾਰ ਪਿੰਡ ਸੀਲੋਆਣੀ ਵਿਖੇ ਖੇਤਾਂ ਵਿੱਚ ਕਿਸਾਨ ਚਰਨ ਸਿੰਘ ਅਕਾਲੀ ਦੀ ਮੋਟਰ 'ਤੇ ਰਹਿ ਰਹੇ ਹਨ। ਮਿਹਨਤ ਮਜ਼ਦੂਰੀ ਕਰਕੇ ਆਪਣੇ ਟੱਬਰ ਦਾ ਪਾਲਣ ਪੋਸ਼ਣ ਕਰ ਰਹੇ, ਪਰ ਉਨ੍ਹਾਂ ਦੇ ਪਿੰਡ ਨਜ਼ਦੀਕ ਬਣੀ ਹੱਡਾ ਰੋੜੀ ਦੇ ਅਵਾਰਾ ਕੁੱਤੇ ਰੋਜ਼ਾਨਾ ਹੀ ਕਿਸੇ ਨਾ ਕਿਸੇ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ। ਕੁੱਝ ਮਹੀਨੇ ਪਹਿਲਾਂ ਇੱਕ ਜਿਊਂਦੀ ਆਵਾਰਾ ਗਾਂ ਨੂੰ ਨੋਚ ਨੋਚ ਕੇ ਖਾ ਗਏ ਸਨ ਅਤੇ ਹੁਣ ਇਨ੍ਹਾਂ ਨੇ ਮਾਸੂਮ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾਉਣਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਦਾ 'ਕੌਮਾਂਤਰੀ ਮਾਂ ਬੋਲੀ ਦਿਵਸ' ਸਮਾਗਮ ਹੋਵੇਗਾ ਕਿਸਾਨੀ ਅੰਦੋਲਨ ਨੂੰ ਸਮਰਪਿਤ
ਇਸ ਤਹਿਤ ਕੁੱਝ ਦਿਨ ਪਹਿਲਾਂ ਢਾਈ ਸਾਲਾਂ ਪ੍ਰਿਅੰਕਾ ਦੇਵੀ ਪੁੱਤਰੀ ਰਾਜ ਕੁਮਾਰ ਨੂੰ ਚੁੱਕ ਕੇ ਲੈ ਗਏ ਸਨ ਅਤੇ ਬੁਰੀ ਤਰ੍ਹਾਂ ਨੋਚ ਨੋਚ ਕੇ ਵੱਢ ਦਿੱਤਾ। ਜਿਸ ਦਾ ਇਲਾਜ ਪਹਿਲਾਂ ਰਾਏਕੋਟ ਦੇ ਇੱਕ ਹਸਪਤਾਲ 'ਚ ਕਰਵਾਇਆ ਜਿਥੇ ਡਾਕਟਰਾਂ ਨੇ ਉਸਦੀ ਹਾਲਤ ਗੰਭੀਰ ਵੇਖਦੇ ਹੋਏ, ਉਸ ਨੂੰ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ। ਜਿੱਥੋਂ ਇਲਾਜ ਉਪਰੰਤ ਉਹ ਅਜੇ ਘਰ ਆਈ ਸੀ ਕਿ ਇਨ੍ਹਾਂ ਆਵਾਰਾ ਕੁੱਤਿਆਂ ਨੇ ਉਸ ਦੀ ਭਤੀਜੀ ਅਨੰਨਿਆ 'ਤੇ ਹਮਲਾ ਕਰ ਦਿੱਤਾ, ਜੋ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ ਅਤੇ ਉਸ ਨੂੰ ਰਾਏਕੋਟ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚੋਂ ਇਲਾਜ ਕਰਵਾਇਆ, ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਨ੍ਹਾਂ ਅਵਾਰਾ ਕੁੱਤਿਆਂ 'ਤੇ ਨਕੇਲ ਪਾਈ ਜਾਵੇ ਤਾਂ ਜੋ ਉਨ੍ਹਾਂ ਦੇ ਮਾਸੂਮ ਬੱਚਿਆਂ ਨੂੰ ਬਚਾਇਆ ਜਾ ਸਕੇ।