ਲੁਧਿਆਣਾ: ਗੁਰੂ ਨਾਨਕ ਸਟੇਡੀਅਮ ਵਿੱਚ 65ਵੀਂ ਕੌਮੀ ਸਕੂਲ ਖੇਡਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਜਿਸ ਦੀ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਨੇ ਰਸਮੀ ਤੌਰ 'ਤੇ ਸ਼ੁਰੂਆਤ ਕੀਤੀ। ਇਸ ਮੌਕੇ ਕੈਬਿਨੇਟ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਲੁਧਿਆਣਾ ਦੀ ਕਾਂਗਰਸ ਲੀਡਰਸ਼ਿਪ ਵੀ ਮੌਜੂਦ ਰਹੀ। ਸਕੂਲੀ ਖਿਡਾਰੀਆਂ ਨੇ ਮਾਰਚ ਪਾਸ ਕੀਤਾ ਤੇ ਮੰਤਰੀਆਂ ਵੱਲੋਂ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਵੀ ਕੀਤੀ ਗਈ।
ਕੈਬਿਨੇਟ ਮੰਤਰੀ ਵਿਜੇਇੰਦਰ ਸਿੰਗਲਾ ਨੇ ਹਾਲਾਂਕਿ ਪੱਤਰਕਾਰਾਂ ਤੋਂ ਦੂਰੀ ਬਣਾਈ ਰੱਖੀ ਪਰ ਸਿਰਫ ਖੇਡਾਂ ਬਾਰੇ ਅਤੇ ਕੈਂਪ ਦੇ ਬਾਰੇ ਉਨ੍ਹਾਂ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਮੰਤਵ ਸਾਰੇ ਸੂਬੇ ਦੀਆਂ ਸਕੂਲਾਂ ਦੀਆਂ ਖੇਡਾਂ ਕਰਵਾ ਕੇ ਸਭ ਨੂੰ ਇਕਜੁੱਟ ਕਰਨਾ ਹੈ। ਇਸ ਦੇ ਨਾਲ ਹੀ CAA ਨੂੰ ਲੈ ਕੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਕੈਬਿਨੇਟ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਲਿਆ ਗਿਆ ਫ਼ੈਸਲਾ ਸਹੀ ਹੈ।
ਉਧਰ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਵੀ ਉਨ੍ਹਾਂ ਕਿਹਾ ਕਿ CAA ਦੇ ਮਾਮਲੇ 'ਤੇ ਮੁੱਖ ਮੰਤਰੀ ਪਹਿਲਾਂ ਹੀ ਆਪਣਾ ਸਟੈਂਡ ਸਾਫ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਕੂਲਾਂ ਦੇ ਵਿੱਚ ਜੋ ਹਾਲਾਤ ਅਕਾਲੀ ਭਾਜਪਾ ਸਰਕਾਰ ਸਮੇਂ ਸੀ ਹੁਣ ਉਹ ਕਾਫੀ ਬਦਲ ਗਏ ਹਨ। ਭਾਰਤ ਭੂਸ਼ਣ ਆਸ਼ੂ ਨੇ ਅੱਗੇ ਕਿਹਾ ਕਿ ਧਨੰਜੇ ਮਾਮਲੇ 'ਤੇ ਜਿਸ ਦਾ ਵੀ ਕਸੂਰ ਹੋਵੇਗਾ ਉਸ ਨੂੰ ਛੱਡਿਆ ਨਹੀਂ ਜਾਵੇਗਾ। ਇਸ ਮੌਕੇ ਉਨ੍ਹਾਂ ਡੀਐਸਪੀ ਸੇਖੋਂ ਮਾਮਲੇ ਤੇ ਵੀ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਆਸ਼ੂ ਨੇ ਕਿਹਾ ਕਿ ਤੁਸੀਂ ਮੈਨੂੰ ਮੇਰੇ ਵਿਭਾਗ ਜਾਂ ਕੰਮਾਂ ਬਾਰੇ ਕੋਈ ਸਵਾਲ ਕਰ ਸਕਦੇ ਹੋ।
ਜ਼ਿਕਰਯੋਗ ਹੈ ਕਿ 19-24 ਦਸੰਬਰ ਤੱਕ ਕੌਮੀ ਸਕੂਲ ਖੇਡਾਂ ਕਰਵਾਈਆਂ ਜਾਣਗੀਆਂ ਜਿਸ ਵਿੱਚ ਦੇਸ਼ ਦੀਆਂ ਵੱਖ-ਵੱਖ ਸਟੇਟਾਂ ਦੇ ਸਕੂਲੀ ਵਿਦਿਆਰਥੀ ਹਿੱਸਾ ਲੈ ਰਹੇ ਹਨ। ਰੇਸ ਦੌਰਾਨ ਵੱਖ-ਵੱਖ ਖੇਡਾਂ ਕਰਵਾਈਆਂ ਜਾਣਗੀਆਂ ਅਤੇ ਖੇਡਾਂ ਦਾ ਮਹਾਂਕੁੰਭ 24 ਤਨਵੀ ਦਸੰਬਰ ਤੱਕ ਚੱਲੇਗਾ।