ਲੁਧਿਆਣਾ: ਪੰਜਾਬ ਹਿਮਾਚਲ ਹਰਿਆਣਾ ਦੇ 6 ਨੌਜਵਾਨ ਸਾਲ 2017 ਵਿੱਚ ਆਪਣੇ ਸੁਨਹਿਰੇ ਭਵਿੱਖ ਲਈ ਵਿਦੇਸ਼ ਗਏ ਸਨ, ਉਹ ਸਾਰੇ ਤੁਰਕੀ ਤੋਂ ਲਪਤਾ ਹੋ ਗਏ ਸਨ ਅਤੇ ਇਸ ਤੋਂ ਬਾਅਦ ਉਨ੍ਹਾ ਦਾ ਕੁਝ ਪਤਾ ਨਹੀਂ ਚੱਲ ਸਕਿਆ ਹੈ। ਇਨ੍ਹਾਂ ਦੇ ਪਰਿਵਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਤੋਂ ਲੱਖਾਂ ਰੁਪਏ ਪੈਸੇ ਦੀ ਠਗੀ ਮਾਰੀ ਗਈ ਅਤੇ ਬੱਚਿਆਂ ਦਾ ਵੀ ਕੋਈ ਪਤਾ ਨਹੀਂ ਚੱਲ ਰਿਹਾ ਹੈ। ਪਰਿਵਾਰਕ ਮੈਬਰਾਂ ਨੇ ਕਿਹਾ ਕਿ 5 ਸਾਲ ਪਹਿਲਾਂ ਉਨ੍ਹਾਂ ਦੇ ਬੱਚਿਆਂ ਨਾਲ ਫੋਨ ਉੱਤੇ ਉਨ੍ਹਾਂ ਦੀ ਗੱਲ ਹੋਈ ਸੀ। ਉਸ ਤੋਂ ਬਾਅਦ ਫਿਰ ਕਦੇ ਸੰਪਰਕ ਵਿੱਚ ਨਹੀਂ ਆਏ। ਤੁਰਕੀ ਵਿੱਚ ਆਏ ਭੂਚਾਲ ਤੋਂ ਬਾਅਦ ਮਾਤਾ- ਪਿਤਾ ਦੀ ਚਿੰਤਾ ਹੋਰ ਵਧ ਗਈ ਹੈ। ਅੱਜ 6 ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਲੁਧਿਆਣਾ ਪੁੱਜ ਕੇ ਬਲਵੰਤ ਸਿੰਘ ਰਾਮੂਵਾਲੀਆ ਅਤੇ ਹੋਰ ਸਮਾਜਸੇਵੀ ਸੰਸਥਾਵਾਂ ਨਾਲ ਗੱਲਬਾਤ ਕਰਦੇ ਹੋਏ ਦਰਦ ਸਾਂਝਾ ਕੀਤਾ।
3 ਸੂਬਿਆਂ ਨਾਲ ਸਬੰਧਿਤ ਨੌਜਵਾਨ: ਦਰਅਸਲ ਇਹ ਨੌਜਵਾਨ ਤਿੰਨ ਸੂਬਿਆਂ ਦੇ ਨਾਲ ਸਬੰਧਤ ਹਨ, ਜਿਨ੍ਹਾਂ ਵਿੱਚੋ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਤੋਂ ਗੁਰਵਿੰਦਰ ਸਿੰਘ, ਅੰਮ੍ਰਿਤਸਰ ਤੋਂ ਨਵਜੋਤ ਸਿੰਘ, ਪਟਿਆਲਾ ਤੋਂ ਲਵਜੀਤ ਸਿੰਘ ਅਤੇ ਭਾਗਰਣ ਪੰਜਾਬ ਤੋਂ ਗੁਰਪ੍ਰੀਤ ਸਿੰਘ, ਹਰਿਆਣਾ ਦੇ ਕਰਨਾਲ ਤੋਂ ਧਰਮਪਾਲ ਸਿੰਘ ਅਤੇ ਹਿਮਾਚਲ ਦੇ ਸੋਲਨ ਤੋਂ ਬੂਟਾ ਸਿੰਘ ਸ਼ਾਮਿਲ ਨੇ। 2017 ਚ ਇਨ੍ਹਾ ਸਾਰੇ ਹੀ ਨੌਜਵਾਨਾਂ ਨੂੰ ਵੱਖ ਵੱਖ ਟਰੈਵਲ ਏਜੰਟਾਂ ਵੱਲੋਂ ਤੁਰਕੀ, ਇਟਲੀ ਆਦਿ ਕਹਿ ਕੇ ਭੇਜਿਆ ਸੀ ਜਿਸ ਤੋਂ ਬਾਅਦ 2017 ਤੋਂ ਇਨ੍ਹਾਂ ਨੌਜਵਾਨਾਂ ਦਾ ਕੋਈ ਅਤਾ ਪਤਾ ਨਹੀਂ ਹੈ।
ਪਰਿਵਾਰ ਦੀ ਅਪੀਲ: ਪਰਿਵਾਰਕ ਮੈਂਬਰਾਂ ਨੇ ਕਿਹਾ ਹੈ ਕਿ ਜਿਨ੍ਹਾਂ ਟਰੈਵਲ ਏਜੰਟਾਂ ਵੱਲੋਂ ਸਾਡੇ ਨਾਲ ਠੱਗੀ ਮਾਰੀ ਗਈ ਅਤੇ ਸਾਡੇ ਨੌਜਵਾਨਾਂ ਦੀ ਜਾਨ ਨੂੰ ਖ਼ਤਰੇ ਦੇ ਵਿੱਚ ਪਾ ਦਿੱਤਾ ਗਿਆ ਅੱਜ ਉਹ ਖੁੱਲੇਆਮ ਘੁੰਮ ਰਹੇ ਨੇ ਜਦੋਂ ਕੇ ਸਾਡੇ ਬੱਚਿਆਂ ਦਾ ਕੋਈ ਪਤਾ ਟਿਕਾਣਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ ਪਰ ਹਾਲੇ ਤੱਕ ਸਾਨੂੰ ਪਤਾ ਹੀ ਨਹੀਂ ਚੱਲ ਸਕਿਆ ਹੈ ਕਿ ਸਾਡੇ ਬੱਚੇ ਕਿੱਥੇ ਨੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਪਰਿਵਾਰ ਦੇ ਮੈਂਬਰਾਂ ਨੇ ਸਰਕਾਰ ਨੂੰ ਅਪੀਲ ਕੀਤੀ ਅਤੇ ਕਿਹਾ ਕਿ 6 ਨੌਜਵਾਨਾਂ ਬਾਰੇ ਪਤਾ ਕੀਤਾ ਜਾਵੇ ਕਿ ਉਹ ਕਿਥੇ ਨੇ ਅਤੇ ਕਿਸ ਹਾਲਤ ਦੇ ਵਿੱਚ ਹਨ ਉਨ੍ਹਾਂ ਕਿਹਾ ਕਿ ਜਿੰਨਾ ਫਰਜ਼ੀ ਟਰੈਵਲ ਏਜੰਟਾਂ ਤੇ ਉਨ੍ਹਾਂ ਨੂੰ ਅਜਿਹੇ ਹਲਾਤਾਂ ਦੇ ਵਿਚ ਪਹੁੰਚਾਇਆ ਹੈ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ: Courier Company lost Passport : ਕੋਰੀਅਰ ਕੰਪਨੀ ਨੇ ਕੁਵੈਤ ਜਾਣ ਦੀ ਤਿਆਰੀ ਕਰ ਰਹੇ ਨੌਜਵਾਨ ਦਾ ਪਾਸਪੋਰਟ ਗੁਆਇਆ
ਕੀ ਬੋਲੇ ਰਾਮੂਵਾਲੀਆ: ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆਂ ਨੇ ਇਨ੍ਹਾਂ ਪਰਿਵਾਰਾਂ ਨਾਲ ਅੱਜ ਮੁਲਾਕਾਤ ਕੀਤੀ ਅਤੇ ਕਿਹਾ ਕਿ ਨਾ ਤਾਂ ਬਾਦਲ ਸਰਕਾਰ ਨੇ ਅਤੇ ਨਾ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੌਜੂਦਾ ਜਥੇਦਾਰ ਨੇ ਪੰਜਾਬ ਦੇ ਨੌਜਵਾਨ ਲੜਕੇ ਅਤੇ ਲੜਕੀਆਂ ਲਈ ਕੁਝ ਵੀ ਨਹੀਂ ਕੀਤਾ। ਉਨ੍ਹਾ ਕਿਹਾ ਜਦੋਂ ਕਿ ਸਾਡੇ ਨੌਜਵਾਨ ਲੜਕੇ ਲੜਕੀਆਂ ਦੀ ਤਸਕਰੀ ਹੋ ਰਹੀ ਹੈ। ਉਨ੍ਹਾ ਕਿਹਾ ਕਿ ਫ਼ਰਜ਼ੀ ਟਰੈਵਲ ਏਜੰਟਾਂ ਨੂੰ ਕੋਈ ਡਰ ਨਹੀਂ ਹੈ ਨਾ ਹੀ ਉਹ ਸਰਕਾਰ ਤੋਂ ਡਰਦੇ ਹਨ।
ਏਡੀਸੀ ਨੇ ਕਾਰਵਾਈ ਦੀ ਕਹੀ ਗੱਲ: ਉਧਰ, ਦੂਜੇ ਪਾਸੇ ਲੁਧਿਆਣਾ ਤੋਂ ਹੀ ਏਡੀਸੀ ਰਾਹੁਲ ਚਾਬਾ ਨੇ ਕਿਹਾ ਹੈ ਕਿ ਅਸੀਂ ਜਿੰਨੇ ਵੀ ਟਰੈਵਲ ਏਜੰਟ ਹਨ, ਉਨ੍ਹਾਂ ਨੂੰ ਅਪਣੇ ਦਸਤਾਵੇਜ਼ ਪੂਰੇ ਕਰਨ ਲਈ ਨੋਟਿਸ ਜਾਰੀ ਕੀਤੇੇ ਹਨ। ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਨੂੰ ਵੀ ਇਹ ਅਪੀਲ ਕਰ ਰਹੇ ਹਾਂ ਕਿ ਉਹ ਲਾਇਸੰਸ ਧਾਰਕ ਟਰੈਵਲ ਏਜੰਟਾਂ ਦੇ ਕੋਲ ਹੀ ਜਾਣ। ਉਨਾਂ ਕਿਹਾ ਕਿ 2021 ਵਿੱਚ ਉਨ੍ਹਾਂ ਨੇ ਜਵਾਇਨ ਕੀਤਾ ਹੈ ਅਤੇ ਜੇਕਰ ਇਸ ਤਰ੍ਹਾਂ ਦਾ ਕੋਈ ਪੁਰਾਣਾ ਮਾਮਲਾ ਹੈ ਸਾਡੇ ਧਿਆਨ ਵਿੱਚ ਆਉਂਦਾ ਹੈ ਤਾਂ ਅਸੀਂ ਇਸ ਸਬੰਧੀ ਜਰੂਰ ਪਰਿਵਾਰਾਂ ਦੀ ਮਦਦ ਕੀਤੀ ਜਾਵੇਗੀ।