ਲੁਧਿਆਣਾ: ਪੰਜਾਬ ਦੇ ਵਿੱਚ ਸਨਅਤ ਨੂੰ ਵੱਧ ਤੋਂ ਵੱਧ ਪ੍ਰਫੂਲਿਤ ਕਰਨ ਲਈ 1998 ਵਿੱਚ ਫੋਕਲ ਪੁਆਇੰਟ ਦਾ ਨਿਰਮਾਣ ਕੀਤਾ ਗਿਆ ਸੀ। ਪੰਜਾਬ ਦੇ ਲਗਭਗ ਹਰ ਵੱਡੇ ਸ਼ਹਿਰ ਦੇ ਵਿੱਚ ਇੱਕ ਫੋਕਲ ਪੁਆਇੰਟ ਬਣਾਇਆ ਗਿਆ ਸੀ, ਲੁਧਿਆਣਾ ਦੇ ਵਿਚ ਕੁੱਲ 8 ਫੋਕਲ ਪੁਆਇੰਟ ਬਣਾਏ ਗਏ। ਪੰਜਾਬ ਦੇ ਨਾਲ ਹੀ ਲੁਧਿਆਣਾ ਦੇ ਵਿੱਚ ਬਣੇ ਫੋਕਲ ਪੁਆਇੰਟ ਦੀ ਹਾਲਤ ਤਰਸਯੋਗ ਹੈ ਉਨ੍ਹਾਂ ਦੀ ਮੁਰੰਮਤ ਦਾ ਕੰਮ ਬੀਤੇ ਕਈ ਸਾਲਾਂ ਤੋਂ ਨਹੀਂ ਹੋ ਸਕਿਆ ਹੈ। ਹਾਲਾਂਕਿ ਸਰਕਾਰ ਵੱਲੋਂ ਦਾਅਵੇ ਕੀਤੇ ਜਾ ਰਹੇ ਹਨ ਕਿ ਫੋਕਲ ਪੁਆਇੰਟ ਦੀ ਨੁਹਾਰ ਬਦਲ ਜਾਵੇਗੀ ਪਰ ਇੱਕ ਬਾਰਿਸ਼ ਪੈਣ ਤੋਂ ਬਾਅਦ ਫੋਕਲ ਪੁਆਇੰਟਾਂ ਦੇ ਹਾਲਾਤ ਤਰਸਯੋਗ ਬਣ ਜਾਂਦੇ ਹਨ। ਕਾਰੋਬਾਰੀਆਂ ਨੇ ਵਿਚ ਮਲਾਲ ਹੈ ਕੇ ਅਜੇਹੀ ਹਾਲਤ ਹੋਣ ਕਰਕੇ ਬਾਹਰਲੇ ਕਲਾਇੰਟ ਫੋਕਲ ਪੁਆਇੰਟ ਵਿੱਚ ਆਉਣ ਤੋਂ ਕਤਰਾਉਂਦੇ ਨੇ ਅਤੇ ਜੇਕਰ ਉਨ੍ਹਾਂ ਨੇ ਕੁਝ ਨਿਵੇਸ਼ ਕਰਨਾ ਵੀ ਹੈ ਤਾਂ ਹਾਲਾਤ ਵੇਖ ਕੇ ਮੁਨਕਰ ਹੋ ਜਾਂਦੇ ਹਨ।
50 ਕਰੋੜ ਦੀ ਗ੍ਰਾਂਟ: ਪੰਜਾਬ ਭਰ ਦੇ 20 ਫੋਕਲ ਪੁਆਇੰਟਾਂ ਲਈ ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀਂ ਪੇਸ਼ ਕੀਤੇ ਗਏ ਬਜਟ ਵਿੱਚ 50 ਕਰੋੜ ਰੁਪਏ ਉਹਨਾਂ ਦੇ ਵਿਕਾਸ ਲਈ ਰਾਖਵੇਂ ਰੱਖੇ ਗਏ ਹਨ ਇਸ ਮੁਤਾਬਕ 1 ਫੋਕਲ ਪੁਆਇੰਟ ਦੇ ਹਿੱਸੇ ਦੇ ਵਿਚ ਮਹਿਜ਼ 50 ਲੱਖ ਰੁਪਏ ਹੀ ਆਉਣਗੇ। ਕਾਰੋਬਾਰੀਆਂ ਨੇ ਸਵਾਲ ਖੜੇ ਕੀਤੇ ਹਨ ਕੇ 50 ਲੱਖ ਰੁਪਏ ਵਿੱਚ ਇੱਕ ਫੋਕਲ ਪੁਆਇੰਟ ਦੀ ਨੁਹਾਰ ਕਿਵੇਂ ਬਦਲ ਸਕਦੀ ਹੈ ਉਨ੍ਹਾਂ ਨੇ ਕਿਹਾ ਕਿ ਇਨ੍ਹੇ ਵਿੱਚ ਤਾਂ ਫੋਕਲ ਪੁਆਇੰਟ ਦੀ ਸਫ਼ਾਈ ਦਾ ਕੰਮ ਵੀ ਪੂਰਾ ਨਹੀਂ ਹੋ ਸਕੇਗਾ ਸੜਕਾਂ ਬਣਾਉਣੀਆਂ ਤਾਂ ਦੂਰ ਦੀ ਗੱਲ ਹੈ। ਕਾਰੋਬਾਰੀਆਂ ਨੇ ਇਸ ਨੂੰ ਲੈ ਕੇ ਰੋਸ ਜਤਾਇਆ ਹੈ।
ਕੁੱਲ 20 ਫੋਕਲ ਪੁਆਇੰਟ: ਪੰਜਾਬ ਦੇ ਵਿੱਚ ਜੇਕਰ ਫੋਕਲ ਪੁਆਇੰਟਾਂ ਦੀ ਗੱਲ ਕੀਤੀ ਜਾਵੇ ਤਾਂ ਅਬੋਹਰ, ਅੰਮ੍ਰਿਤਸਰ ਐਕਸਟੈਂਸ਼ਨ, ਅੰਮ੍ਰਿਤਸਰ ਨਵਾਂ, ਅੰਮ੍ਰਿਤਸਰ ਪੁਰਾਣਾ, ਮੋਗਾ, ਪਠਾਨਕੋਟ, ਨਾਭਾ, ਸੰਗਰੂਰ, ਪਟਿਆਲਾ, ਬਟਾਲਾ, ਬਠਿੰਡਾ, ਚੁਣਾਲੋਂ, ਡੇਰਾ ਬੱਸੀ, ਗੋਇੰਦਵਾਲ ਸਾਹਿਬ, ਹੁਸ਼ਿਆਰਪੁਰ, ਜਲੰਧਰ ਲੈਦਰ, ਜਲੰਧਰ ਸਰਜਿਕਲ ਸਪੋਰਟਸ ਕਪਲੈਕਸ, ਲੁਧਿਆਣਾ, ਤਾਜਪੁਰ ਰੋਡ, ਸਾਇਕਲ ਵੈਲੀ, ਮੁਹਾਲੀ, ਨਿਆ ਨੰਗਲ, ਢੰਡਾਰੀ ਕਲਾਂ ਫੋਕਲ ਪੁਆਇੰਟ, ਮੰਡੀ ਗੋਬਿੰਦਗੜ੍ਹ, ਤਰਨਤਾਰਨ ਆਦਿ ਥਾਵਾਂ ਤੇ ਫੋਕਲ ਪੁਆਇੰਟ ਬਣਾਏ ਗਏ ਸਨ।
ਕਿਉਂ ਸੀ ਲੋੜ: ਦਰਅਸਲ ਦੋ ਦਹਾਕਿਆਂ ਸਰਕਾਰਾਂ ਵੱਲੋਂ ਇਹ ਸਮਝਿਆ ਗਿਆ ਸੀ ਕਿ ਫੋਕਲ ਪੁਇੰਟ ਦੀ ਭਵਿੱਖ ਵਿੱਚ ਜਾ ਕੇ ਲੋੜ ਪਵੇਗੀ। ਕਿਉਂਕਿ ਸ਼ਹਿਰਾਂ ਦੇ ਵਿਚ ਵੱਧ ਫੁੱਲ ਰਹੀ ਇੰਡਸਟਰੀਜ਼ ਸ਼ਹਿਰ ਦੀ ਆਬੋ ਹਵਾ ਲਈ ਸਹੀ ਨਹੀਂ ਸੀ। ਇਸ ਕਰਕੇ ਸਰਕਾਰ ਵੱਲੋਂ ਸ਼ਹਿਰ ਦੇ ਨੇੜੇ ਅਜਿਹੇ ਕਸਬਿਆਂ ਦੀ ਚੋਣ ਕੀਤੀ ਗਈ ਜਿੱਥੇ ਸ਼ਹਿਰ ਦੇ ਨਾਲ ਕਨੈਕਟੀਵਿਟੀ ਵੀ ਹੋਵੇ ਅਤੇ ਨਾਲ ਫੋਕਲ ਪੁਆਇੰਟ ਤੱਕ ਪਹੁੰਚਣ ਵਾਲੀਆਂ ਸਾਰੀਆਂ ਸੁਵਿਧਾਵਾਂ ਵੀ।
ਖਸਤਾ ਹਾਲਤ 'ਚ ਫੋਕਲ ਪੁਆਇੰਟ: ਪੰਜਾਬ ਦੇ ਕਈ ਫੋਕਲ ਪੁਆਇੰਟਾਂ ਦੀ ਹਾਲਤ ਕਾਫ਼ੀ ਖਸਤਾ ਬਣ ਚੁੱਕੀ ਹੈ ਜੇਕਰ ਗੱਲ ਇਕੱਲੇ ਲੁਧਿਆਣਾ ਦੀ ਹੀ ਕੀਤੀ ਜਾਵੇ ਤਾਂ ਸੈਂਕੜੇ ਏਕੜ ਦੇ ਵਿੱਚ ਫੈਲੇ ਇਸ ਫੋਕਲ ਪੁਆਇੰਟ ਦੀ ਹਾਲਤ ਤਰਸਯੋਗ ਹੈ। ਸਮੇਂ ਦੀਆਂ ਸਰਕਾਰਾਂ ਵੱਲੋਂ ਇੰਡਸਟਰੀ ਲਈ ਨਵੀਂ ਥਾਂ ਅਤੇ ਨਵੇਂ ਫੋਕਲ ਪੁਆਇੰਟ ਤਾਂ ਬਣਾ ਦਿੱਤੇ ਗਏ ਪਰ ਜੋ ਪੁਰਾਣੇ ਫੋਕਲ ਪੁਇੰਟ ਸਨ ਉਨ੍ਹਾਂ ਦੀ ਹਾਲਤ ਦਿਨੋਂ-ਦਿਨ ਖਸਤਾ ਹੁੰਦੀ ਜਾ ਰਹੀ ਹੈ। ਲੁਧਿਆਣਾ ਦੇ ਫੋਕਲ ਪੁਆਇੰਟ ਇਲਾਕੇ ਦੇ ਵਿੱਚ ਸੜਕਾਂ ਦੀ ਹਾਲਤ ਇੰਨੀ ਖਸਤਾ ਹੋ ਚੁੱਕੀ ਹੈ ਕਿ ਉਥੋਂ ਲੰਘਣਾ ਵੀ ਮੁਸ਼ਕਲ ਹੋ ਗਿਆ ਹੈ।
ਸਰਕਾਰ ਦਾ ਪੱਖ: ਉਥੇ ਹੀ ਇਸ ਸੰਬੰਧੀ ਜਦੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੂੰ ਇਹ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ ਫੋਕਲ ਪੁਆਇੰਟ ਅਤੇ ਨੇੜੇ-ਤੇੜੇ ਦੇ ਇਲਾਕੇ ਦੀਆਂ ਸੜਕਾਂ ਦੀ ਮੁਰੰਮਤ ਲਈ ਅਤੇ ਨਵੀਨੀਕਰਨ ਦਾ ਕੰਮ ਜਾਰੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ। ਇਨ੍ਹੀ ਗਰਾਂਟ ਜਿੰਨੀ ਜਾਰੀ ਕੀਤੀ ਗਈ ਹੈ ਕਾਫੀ ਹੈ ਜੇਕਰ ਹੋਰ ਗਰਾਂਟ ਦੀ ਲੋੜ ਹੋਵੇਗੀ ਤਾਂ ਉਹ ਕਿ ਲਿਆਂਦੀ ਜਾਵੇਗੀ ਉਨ੍ਹਾਂ ਕਿਹਾ ਕਿ ਅਸੀਂ ਕੰਮ ਕਰਵਾ ਰਹੇ ਹਨ। ਫੇਜ਼ 5 ਦੀਆਂ ਸੜਕਾਂ ਦਾ ਨਿਰਮਾਣ ਵੀ ਕੀਤਾ ਜਾ ਰਿਹਾ ਹੈ, ਸਰਕਾਰ ਦਾ ਸਨਅਤ ਨੂੰ ਲੈ ਕੇ ਵੀਜ਼ਨ ਸਾਫ ਹੈ।