ਖੰਨਾ : ਖੰਨਾ 'ਚ ਚੋਰੀ ਦੀਆਂ ਵਾਰਦਾਤਾਂ ਰੁਕ ਨਹੀਂ ਰਹੀਆਂ ਹਨ। ਤਾਜ਼ਾ ਘਟਨਾ ਮੁਤਾਬਿਕ 6 ਘੰਟਿਆਂ ਅੰਦਰ 5 ਟਰਾਂਸਫਾਰਮਰ ਚੋਰੀ ਹੋਏ ਹਨ। ਇਹ ਵਾਰਦਾਤਾਂ ਇਕ ਕਿਲੋਮੀਟਰ ਦੇ ਦਾਇਰੇ ਅੰਦਰ ਹੋਈਆਂ ਹਨ। ਜਾਣਕਾਰੀ ਮੁਤਾਬਿਕ ਚੋਰ ਮਹਿੰਦਰਾ ਜੀਪ ਵਿੱਚ ਸਵਾਰ ਹੋ ਕੇ ਦੋ ਪਿੰਡਾਂ ਦਾਊਦਪੁਰ, ਕਲਾਲਮਾਜਰਾ ਵਿੱਚ ਘੁੰਮਦੇ ਰਹੇ ਅਤੇ ਟਰਾਂਸਫਾਰਮਰ ਚੋਰੀ ਕਰਕੇ ਲੈ ਲਏ। ਇਸ ਘਟਨਾ ਕਾਰਨ ਜਿੱਥੇ ਵਿਭਾਗ ਦਾ ਕਰੀਬ 5 ਲੱਖ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ, ਉੱਥੇ ਹੁਣ 40 ਕਿਸਾਨਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ ਹੈ। ਇਸ ਕਾਰਨ ਝੋਨੇ ਦੀ ਫ਼ਸਲ ਨੂੰ ਨੁਕਸਾਨ ਹੋਣ ਦਾ ਖਤਰਾ ਬਣਿਆ ਹੋਇਆ ਹੈ।
ਸੀਸੀਟੀਵੀ ਕੈਮਰੇ ਵਿੱਚ ਘਟਨਾ ਕੈਦ : ਜਾਣਕਾਰੀ ਮੁਤਾਬਿਕ ਇਹ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਕਿਸਾਨਾਂ ਨੇ ਚੋਰੀ ਦੀ ਘਟਨਾ ਸਬੰਧੀ ਪੁਲੀਸ ਅਤੇ ਬਿਜਲੀ ਵਿਭਾਗ ਨੂੰ ਸੂਚਿਤ ਕਰ ਦਿੱਤਾ। ਬਿਜਲੀ ਮਹਿਕਮੇ ਦੀ ਸ਼ਿਕਾਇਤ ’ਤੇ ਪੁਲੀਸ ਨੇ ਸੀਸੀਟੀਵੀ ਕੈਮਰੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਕਾਰਨ ਕਰੀਬ ਪੰਜ ਦਿਨ ਤੋਂ ਇੱਕ ਹਫ਼ਤੇ ਤੱਕ ਬਿਜਲੀ ਸਪਲਾਈ ਪ੍ਰਭਾਵਿਤ ਰਹਿਣ ਦਾ ਖਦਸ਼ਾ ਹੈ। ਕਿਸਾਨ ਜਗਪਾਲ ਸਿੰਘ ਅਤੇ ਅਮਰਜੀਤ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਖੇਤਾਂ ਵਿੱਚ ਮੋਟਰ ਚਲਾ ਕੇ ਫਸਲਾਂ ਨੂੰ ਪਾਣੀ ਲਾਉਣ ਲਈ ਗਏ ਸਨ। ਜਦੋਂ ਉਹ ਖੇਤਾਂ ਵਿੱਚ ਪਹੁੰਚੇ ਤਾਂ ਦੇਖ ਕੇ ਹੈਰਾਨ ਰਹਿ ਗਏ ਕਿ ਉਹਨਾਂ ਦੀਆਂ ਮੋਟਰਾਂ ਨੂੰ ਬਿਜਲੀ ਸਪਲਾਈ ਕਰਨ ਵਾਲਾ ਟਰਾਂਸਫਾਰਮਰ ਚੋਰੀ ਹੋ ਗਿਆ ਸੀ। ਆਲੇ-ਦੁਆਲੇ ਪੁੱਛਗਿੱਛ ਕਰਨ 'ਤੇ ਪਤਾ ਲੱਗਾ ਕਿ ਚੋਰਾਂ ਨੇ ਦੇਰ ਰਾਤ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਸੀਸੀਟੀਵੀ ਕੈਮਰਿਆਂ ਨੂੰ ਦੇਖਣ 'ਤੇ ਸਾਹਮਣੇ ਆਇਆ ਕਿ ਜੀਪ 'ਚ ਆਏ ਚੋਰ ਟਰਾਂਸਫਾਰਮਰ ਚੋਰੀ ਕਰਕੇ ਜੀਪ 'ਚ ਹੀ ਲੈ ਗਏ। ਕਿਸਾਨਾਂ ਨੇ ਚੋਰੀ ਦੀ ਘਟਨਾ ਦੀ ਸੂਚਨਾ ਥਾਣਾ ਸਦਰ ਨੂੰ ਦਿੱਤੀ, ਜਿੱਥੇ ਉਨ੍ਹਾਂ ਨੂੰ ਬਿਜਲੀ ਵਿਭਾਗ ਨੂੰ ਸੂਚਿਤ ਕਰਨ ਲਈ ਕਿਹਾ ਗਿਆ। ਬਿਜਲੀ ਵਿਭਾਗ ਨੂੰ ਸੂਚਿਤ ਕਰਨ 'ਤੇ ਓਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਕਿਸਾਨਾਂ ਨੇ ਭਰੇ ਮਨ ਨਾਲ ਕਿਹਾ ਕਿ ਪਹਿਲਾਂ ਹੀ ਮੀਂਹ ਨੇ ਉਨ੍ਹਾਂ ਦਾ ਕਾਫੀ ਨੁਕਸਾਨ ਕੀਤਾ ਹੈ। ਹੁਣ ਟਰਾਂਸਫਾਰਮਰ ਚੋਰੀ ਹੋਣ ਕਾਰਨ ਬਿਜਲੀ ਸਪਲਾਈ ਠੱਪ ਹੋ ਗਈ ਹੈ। ਫਸਲ ਨੂੰ ਪਾਣੀ ਲਾਉਣ ਦੀ ਲੋੜ ਹੈ, ਜੇਕਰ ਬਿਜਲੀ ਸਪਲਾਈ ਜਲਦੀ ਠੀਕ ਨਾ ਕੀਤੀ ਗਈ ਤਾਂ ਵੱਡਾ ਨੁਕਸਾਨ ਹੋਵੇਗਾ। ਉਨ੍ਹਾਂ ਵਿਭਾਗ ਨੂੰ ਅਪੀਲ ਕੀਤੀ ਕਿ ਜਲਦੀ ਤੋਂ ਜਲਦੀ ਬਿਜਲੀ ਸਪਲਾਈ ਬਹਾਲ ਕਰਨ ਦੇ ਪ੍ਰਬੰਧ ਕੀਤੇ ਜਾਣ।
- Girl Committed Suicide: ਲੁਧਿਆਣਾ ਦੇ ਨਿੱਜੀ ਇੰਸਟੀਚਿਊਟ ਵਿੱਚ 17 ਸਾਲ ਦੀ ਲੜਕੀ ਵਲੋਂ ਖੁਦਕੁਸ਼ੀ
- ਗੁਰਦਾਸਪੁਰ 'ਚ ਧੁੱਸੀ ਬੰਨ੍ਹ ਟੁੱਟਣ ਕਾਰਨ ਲਾਂਘੇ 'ਚ ਪਹੁੰਚਿਆ ਪਾਣੀ, ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ 'ਤੇ ਪਾਬੰਦੀ
- Ram Rahim Parole: ਰਾਮ ਰਹੀਮ ਨੂੰ ਇਕ ਵਾਰ ਫਿਰ ਮਿਲੀ 30 ਦਿਨਾਂ ਦੀ ਪੈਰੋਲ, 30 ਮਹੀਨਿਆਂ ਦੀ ਕੈਦ ਵਿੱਚ 7ਵੀਂ ਵਾਰ ਆ ਰਿਹਾ ਬਾਹਰ
ਐਕਸਸੀਐੱਨ ਗੁਰਮਨਪ੍ਰੀਤ ਸਿੰਘ ਸੋਮਲ ਨੇ ਦੱਸਿਆ ਕਿ ਚਾਵਾ ਦੇ ਐੱਸਡੀਓ ਨੂੰ ਇਸ ਬਾਰੇ ਅਗਲੇਰੀ ਕਾਰਵਾਈ ਲਈ ਕਿਹਾ ਗਿਆ ਹੈ। ਜਲਦੀ ਤੋਂ ਜਲਦੀ ਪਿੰਡਾਂ ਵਿੱਚ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਚੋਰੀ ਦੀ ਘਟਨਾ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰੇਗੀ।