ਲੁਧਿਆਣਾ: ਬੀਤੀ ਰਾਤ ਨੈਸ਼ਨਲ ਹਾਈਵੇਅ ਅਥਾਰਟੀ ਨੇ ਭਾਰੀ ਦਲ-ਬਲ ਨਾਲ ਬਸਤੀ ਚੌਂਕ ਵਿੱਚ ਬਣੀ 250 ਸਾਲ ਪੁਰਾਣੀ ਬਾਬਾ ਫ਼ਰੀਦ ਜੀ ਦੀ ਦਰਗਾਹ ਨੂੰ ਤੋੜ ਦਿੱਤਾ। ਦਰਗਾਹ ਨੂੰ ਹਟਾਉਣ ਸਮੇਂ ਪ੍ਰਸ਼ਾਸ਼ਨ ਨੇ ਭਾਰੀ ਪੁਲਿਸ ਬਲ ਦੀ ਤੈਨਾਤੀ ਕਰਦੇ ਹੋਏ ਸਾਰੇ ਇਲਾਕੇ ਨੂੰ ਸੀਲ ਕਰ ਦਿੱਤਾ ਤਾਂ ਜੋ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਰਾਤ ਦੇ ਹਨੇਰੇ ਵਿੱਚ ਕਾਰਵਾਈ ਦੀ ਭਿਣਕ ਲੋਕਾਂ ਨੂੰ ਨਾ ਲੱਗ ਸਕੇ।
ਇਸ ਤੋਂ ਬਾਅਦ ਜਦੋਂ ਸਵੇਰੇ ਲੋਕਾਂ ਨੂੰ ਪਤਾ ਲਗਾ ਤਾਂ ਭਾਰੀ ਗਿਣਤੀ ਵਿੱਚ ਇਕੱਠੇ ਹੋ ਕੇ ਲੋਕਾਂ ਵੱਲੋਂ ਮੁੜ ਉਸ ਦਰਗਾਹ ਵਾਲੀ ਥਾਂ 'ਤੇ ਚਾਦਰ ਚੜਾ ਕੇ ਚਰਾਗ ਰੋਸ਼ਨ ਕਰ ਦਿੱਤੇ ਗਏ। ਇਸ ਦੌਰਾਨ ਉਥੇ ਤੈਨਾਤ ਪੁਲਿਸ ਬਲ ਖਾਮੋਸ਼ ਰਹੇ। ਹਲਕਾ ਵਿਧਾਇਕ ਵੱਲੋਂ ਇਸ ਮਸਲੇ ਦੇ ਹੱਲ ਲਈ 10 ਦਿਨ ਦਾ ਸਮਾਂ ਦਿੰਦਿਆਂ ਕਿਹਾ ਕਿ ਇਹ ਸਾਰਾ ਮਾਮਲਾ ਨੈਸ਼ਨਲ ਅਥਾਰਟੀ ਦੇ ਅਧੀਨ ਹੈ।
ਜਾਣਕਾਰੀ ਲਈ ਦੱਸ ਦਈਏ ਕਿ ਜਲੰਧਰ-ਪਾਨੀਪਤ ਨੈਸ਼ਨਲ ਹਾਈਵੇਅ ਸਥਿਤ ਬਸਤੀ ਜੋਧੇਵਾਲ ਫਲਾਈਓਵਰ ਚੌਕ ਨੇੜੇ ਪੁਲ ਨਿਰਮਾਣ 'ਤੇ ਆਵਾਜਾਈ 'ਚ ਅੜਿੱਕਾ ਬਣ ਰਹੀ ਬਾਬਾ ਫ਼ਰੀਦ ਜੀ ਦੀ ਦਰਗਾਹ ਢਾਹੁਣ ਦਾ ਲੋਕਾਂ ਨੇ ਵਿਰੋਧ ਕੀਤਾ ਹੈ। ਲੋਕਾਂ ਨੇ ਰੋਸ ਪ੍ਰਗਟਾਉਂਦਿਆਂ ਪ੍ਰਸ਼ਾਸਨ ਖ਼ਿਲਾਫ਼ ਪ੍ਰਦਰਸ਼ਨ ਕੀਤਾ ਅਤੇ ਖ਼ਾਲੀ ਕੀਤੀ ਗਈ ਜਗ੍ਹਾ 'ਤੇ ਥਾਂ-ਥਾਂ ਚਿਰਾਗ਼ ਬਾਲ਼ੇ।
ਇਹ ਵੀ ਪੜ੍ਹੋ: ਕੋਵਿਡ-19 ਨੂੰ ਲੈ ਕੇ ਪੰਜਾਬ ਸਰਕਾਰ ਅਲਰਟ, ਜਾਰੀ ਕੀਤਾ ਹੁਣ ਤੱਕ ਦਾ ਵੇਰਵਾ
ਇਹ ਵੀ ਜ਼ਿਕਰ ਕਰ ਦਈਏ ਕਿ ਪੁਲ ਨਿਰਮਾਣ 'ਚ ਰੋੜਾ ਬਣ ਰਹੀ ਦਰਗਾਹ ਨੂੰ ਐਨਐੱਚਏਆਈ ਦੀ ਟੀਮ ਨੇ ਹਟਾਇਆ ਸੀ। ਐਤਵਾਰ ਸਵੇਰੇ ਵੱਡੀ ਗਿਣਤੀ 'ਚ ਲੋਕ ਦਰਗਾਹ 'ਤੇ ਇਕੱਠੇ ਹੋਏ ਅਤੇ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਗਟਾਇਆ। ਇਸ ਮੌਕੇ ਉਨ੍ਹਾਂ ਨੇ ਨਾਅਰੇਬਾਜ਼ੀ ਵੀ ਕੀਤੀ। ਪ੍ਰਦਰਸ਼ਨ ਦੌਰਾਨ ਬਸਤੀ ਜੋਧੇਵਾਲ ਚੌਕ 'ਤੇ ਵੱਡੀ ਗਿਣਤੀ 'ਚ ਪੁਲਿਸ ਫੋਰਸ ਤਾਇਨਾਤ ਰਹੀ। ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਭਰੋਸੇ 'ਚ ਲਏ ਬਗ਼ੈਰ ਇਹ ਕਦਮ ਚੁੱਕਿਆ ਹੈ।
ਬਾਬਾ ਫ਼ਰੀਦ ਦਰਗਾਹ ਦੇ ਮੁਖੀ ਬਾਬਾ ਨਰਿੰਦਰ ਪਾਲ ਨੇ ਦੱਸਿਆ ਕਿ ਇਹ ਦਰਗਾਹ ਆਜ਼ਾਦੀ ਤੋਂ ਪਹਿਲਾਂ ਦੀ ਇੱਥੇ ਬਣੀ ਹੋਈ ਹੈ। ਪੁਲਿਸ ਸ਼ਨਿੱਚਰਵਾਰ ਦੇਰ ਰਾਤ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਨਾਲ ਵਾਲੇ 4-5 ਲੋਕਾਂ ਨੂੰ ਥਾਣੇ ਚੁੱਕ ਕੇ ਲੈ ਗਈ ਤੇ ਉਸ ਤੋਂ ਬਾਅਦ ਕਾਰਵਾਈ ਕੀਤੀ ਗਈ। ਪ੍ਰਦਰਸ਼ਨ ਦੌਰਾਨ ਵਿਧਾਇਕ ਸੰਜੈ ਤਲਵਾੜ ਤੇ ਭਾਜਪਾ ਆਗੂ ਪ੍ਰਵੀਣ ਬਾਂਸਲ ਮੌਕੇ 'ਤੇ ਪੁੱਜੇ ਅਤੇ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਮਾਮਲੇ ਦਾ ਹੱਲ ਕੱਢਣ ਦਾ ਭਰੋਸਾ ਦਿੱਤਾ।