ਲੁਧਿਆਣਾ: ਖੰਨਾ ਵਿਖੇ ਸਿਟੀ ਥਾਣਾ 2 ਦੀ ਪੁਲਿਸ ਨੇ ਸੱਤ ਆਪ ਆਗੂਆਂ ਨੂੰ ਗ੍ਰਿਫਤਾਰ ਕੀਤਾ। ਜਿਨ੍ਹਾਂ 'ਚੋ 2 ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਹਨਾਂ ਨੂੰ ਜੇਲ੍ਹ ਅੰਦਰ ਇੱਕ ਹਫ਼ਤੇ ਲਈ ਏਕਾਂਤਵਾਸ ਕਰ ਦਿੱਤਾ ਹੈ। ਇਹਨਾਂ ਦੇ ਪਾਜ਼ੇਟਿਵ ਆਉਣ ਮਗਰੋਂ ਸੰਪਰਕ 'ਚ ਆਉਣ ਵਾਲੇ ਪੁਲਿਸ ਅਧਿਕਾਰੀਆਂ ਅਤੇ ਹੋਰਨਾਂ ਲੋਕਾਂ ਦੇ ਜਾਂਚ ਲਈ ਸੈਂਪਲਿੰਗ ਹੋਈ ਹੈ।
ਜ਼ਿਆਦਾ ਖ਼ਤਰਾ ਨਹੀਂ: ਇਹਨਾਂ ਆਗੂਆਂ ਨੂੰ ਲੁਧਿਆਣਾ ਜੇਲ੍ਹ ਭੇਜਣ ਤੋਂ ਪਹਿਲਾਂ ਕੋਰੋਨਾ ਟੈਸਟ ਕਰਾਇਆ ਗਿਆ ਸੀ। ਸਰਕਾਰੀ ਹਸਪਤਾਲ ਖੰਨਾ ਵਿਖੇ ਸੀਨੀਅਰ ਮੈਡੀਕਲ ਅਧਿਕਾਰੀ ਡਾਕਟਰ ਮਨਿੰਦਰ ਸਿੰਘ ਭਸੀਨ ਨੇ ਦੱਸਿਆ ਕਿ ਹੁਣ ਤੱਕ ਖੰਨਾ 'ਚ 8 ਕੇਸ ਐਕਟਿਵ ਹਨ। ਜਿਹੜੇ ਵਿਅਕਤੀ ਪੁਲਿਸ ਕਸਟਡੀ 'ਚ ਪਾਜ਼ੇਟਿਵ ਆਉਂਦੇ ਹਨ ਉਹਨਾਂ ਨੂੰ ਜੇਲ੍ਹ ਅੰਦਰ ਅਲੱਗ ਕਮਰੇ 'ਚ ਰੱਖਿਆ ਜਾਂਦਾ ਹੈ। ਜਿਹੜੇ 2 ਵਿਅਕਤੀ ਪਾਜ਼ੇਟਿਵ ਆਏ ਹਨ ਉਹਨਾਂ ਅੰਦਰ ਕੋਈ ਜ਼ਿਆਦਾ ਖ਼ਤਰੇ ਵਾਲੇ ਲੱਛਣ ਨਹੀਂ ਹਨ। ਜਿਹੜੇ ਵਿਅਕਤੀ ਇਹਨਾਂ ਦੇ ਸੰਪਰਕ 'ਚ ਰਹੇ ਉਹਨਾਂ ਦੇ ਵੀ ਟੈਸਟ ਕੀਤੇ ਜਾਣਗੇ। ਡਾਕਟਰ ਭਸੀਨ ਨੇ ਕਿਹਾ ਕਿ ਕਰੋਨਾ ਮਾਮਲਿਆਂ 'ਚ ਪੂਰੀ ਸਾਵਧਾਨੀ ਵਰਤੀ ਜਾ ਰਹੀ ਹੈ। ਕਿਸੇ ਪ੍ਰਕਾਰ ਦੀ ਕੋਈ ਢਿੱਲ ਨਹੀਂ ਹੈ। ਇਸਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਕੋਵਿਡ ਗਾਈਡਲਾਈਨਜ਼ ਦੀ ਪੂਰੀ ਪਾਲਣਾ ਕਰਨ।
ਕਿਉਂ ਕੀਤੇ ਗ੍ਰਿਫਤਾਰ: ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਇੱਕ ਸੂਬਾ ਸੰਯੁਕਤ ਸਕੱਤਰ, ਚਾਰ ਬਲਾਕ ਪ੍ਰਧਾਨਾਂ ਅਤੇ ਇੱਕ ਯੂਥ ਪ੍ਰਧਾਨ ਸਮੇਤ ਕੁੱਲ 7 ਆਗੂਆਂ ਨੂੰ ਜਬਰੀ ਵਸੂਲੀ ਅਤੇ ਦੁਕਾਨ ਅੰਦਰ ਵੜਕੇ ਧੱਕਾ ਮੁੱਕੀ ਕਰਨ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਇੱਕ ਦਿਨ ਦੇ ਰਿਮਾਂਡ ਮਗਰੋਂ ਇਹਨਾਂ ਨੂੰ ਅਦਾਲਤ ਨੇ ਜੇਲ੍ਹ ਭੇਜਣ ਦੇ ਹੁਕਮ ਜਾਰੀ ਕੀਤੇ। ਨਿਯਮਾਂ ਅਨੁਸਾਰ ਕਿਸੇ ਨੂੰ ਵੀ ਜੇਲ੍ਹ ਭੇਜਣ ਤੋ ਪਹਿਲਾਂ ਕੋਰੋਨਾ ਟੈਸਟ ਕਰਾਉਣਾ ਲਾਜ਼ਮੀ ਹੁੰਦਾ ਹੈ। ਜਦੋਂ ਇਹਨਾਂ ਦਾ ਕਰੋਨਾ ਟੈਸਟ ਕਰਾਇਆ ਗਿਆ ਤਾਂ 2 ਆਗੂ ਕੋਰੋਨਾ ਪਾਜ਼ੇਟਿਵ ਪਾਏ ਗਏ।
ਸੰਪਰਕ 'ਚ ਆਉਣ ਵਾਲਿਆ ਦੀ ਵਧੀ ਚਿੰਤਾ: ਦੂਜੇ ਪਾਸੇ ਇਹਨਾਂ ਆਗੂਆਂ ਦੇ ਕੋਰੋਨਾ ਪਾਜ਼ੇਟਿਵ ਆਉਣ ਨਾਲ ਇਹਨਾਂ ਦੇ ਸੰਪਰਕ ਚ ਆਉਣ ਵਾਲਿਆਂ ਦੀ ਚਿੰਤਾ ਵਧ ਗਈ ਹੈ। ਇਹਨਾਂ ਆਗੂਆਂ ਨੂੰ ਸ਼ਨੀਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਦੌਰਾਨ ਕਈ ਪੁਲਿਸ ਅਧਿਕਾਰੀ ਵੀ ਆਗੂਆਂ ਦੇ ਸੰਪਰਕ 'ਚ ਰਹੇ। ਸਿਹਤ ਮਹਿਕਮਾ ਹੁਣ ਇਹਨਾਂ ਸਾਰਿਆਂ ਦੀ ਸੂਚੀ ਬਣਾ ਕੇ ਕਰੋਨਾ ਟੈਸਟ ਕਰੇਗਾ।
ਇਹ ਵੀ ਪੜ੍ਹੋ: 3 May Press Freedom Day: ਸਰਕਾਰੀ ਇਸ਼ਤਿਹਾਰਬਾਜ਼ੀ ਖੁੱਸਣ ਦੇ ਡਰੋਂ ਮੀਡੀਆ ਦੀ ਅਜ਼ਾਦੀ 'ਤੇ ਲੱਗੀ ਲਗਾਮ ! ਖ਼ਾਸ ਰਿਪੋਰਟ