ਲੁਧਿਆਣਾ: ਪਿੰਡ ਜੱਸੋਵਾਲ ਦਾ ਨਵਦੀਪ ਬਾਵਾ ਇਨੀਂ ਦਿਨੀ ਆਪਣੀ ਕਲਾ ਕਰਕੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। 15 ਸਾਲ ਦਾ ਨਵਦੀਪ ਬਚਪਨ ਤੋਂ ਹੀ ਇੱਕ ਅਜੀਬ ਸਕਿਨ ਦੀ ਬਿਮਾਰੀ ਤੋਂ ਪੀੜਿਤ ਹੈ ਜਿਸ ਕਰਕੇ ਉਸ ਦਾ ਸਰੀਰਕ ਵਿਕਾਸ ਬਾਕੀ ਬੱਚਿਆਂ ਵਾਂਗ ਨਹੀਂ ਹੋ ਪਾਇਆ ਹੈ। ਪਰ, ਇਸ ਦੇ ਬਾਵਜੂਦ ਉਸ ਦੀ ਕਲਾ ਦੇ ਸਾਰੇ ਹੀ ਮੁਰੀਦ ਹਨ। ਹਿੰਦੂ ਧਰਮ ਦੇ ਨਾਲ ਸੰਬੰਧਿਤ ਹੋਣ ਦੇ ਬਾਵਜੂਦ ਉਸ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਛੋਟੇ ਸਾਹਿਬਜ਼ਾਦਿਆਂ ਦੀ ਅਤੇ ਮਾਤਾ ਗੁਜਰੀ ਜੀ ਦੀ ਤਸਵੀਰ ਬਣਾ ਕੇ ਸ਼ਹੀਦੀ ਦਿਵਸ ਨੂੰ ਆਪਣੀ ਸ਼ਰਧਾਂਜਲੀ ਦਿੱਤੀ। ਉਸ ਦੀ ਇਹ ਤਸਵੀਰ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ।
ਭਾਵੇਂ ਉਸ ਦੇ ਹੱਥ-ਪੈਰ ਆਮ ਬੱਚਿਆਂ ਵਾਂਗ ਕੰਮ ਨਹੀਂ ਕਰਦੇ, ਪਰ ਇਸ ਦੇ ਬਾਵਜੂਦ ਉਸ ਦੀ ਪੇਂਟਿੰਗ ਦੀ ਅਤੇ ਡਰਾਇੰਗ ਦੀ ਕਲਾ ਬੇਮਿਸਾਲ ਹੈ ਅਤੇ ਉਹ ਜਿਸ ਵੀ ਕੰਮ ਨੂੰ ਸ਼ੁਰੂ ਕਰਦਾ ਹੈ, ਉਸ ਨੂੰ ਪੂਰਾ ਕਰਕੇ ਹੀ ਛੱਡਦਾ ਹੈ। ਨਵਦੀਪ ਪੜਾਈ ਵਿੱਚ ਵੀ ਹੁਸ਼ਿਆਰ ਹੈ ਅਤੇ ਹਰ ਸਾਲ ਆਪਣੇ ਸਕੂਲ ਵਿੱਚ ਅਵੱਲ ਆਉਂਦਾ ਹੈ। ਕਈ ਵਾਰ ਡਰਾਇੰਗ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਇਨਾਮ ਵੀ ਜਿੱਤ ਚੁੱਕਾ ਹੈ। ਉਸ ਦੇ ਇਸ ਜਜ਼ਬੇ ਅਤੇ ਮਿਹਨਤ ਨੂੰ ਉਸ ਦੇ ਪਿੰਡ ਦੇ ਲੋਕ ਹੀ ਨਹੀਂ, ਸਗੋਂ ਸਕੂਲ ਦੇ ਅਧਿਆਪਕ ਵੀ ਸਲਾਮ ਕਰਦੇ ਹਨ।
ਸਕਿਨ ਦੀ ਬਿਮਾਰੀ ਤੋਂ ਪੀੜਿਤ: ਨਵਦੀਪ ਦੇ ਪਿਤਾ ਹਰਦੀਪ ਬਾਵਾ ਨੇ ਦੱਸਿਆ ਹੈ ਕਿ ਉਹ ਬਚਪਨ ਤੋਂ ਹੀ ਇੱਕ ਸਕਿਨ ਦੀ ਬਿਮਾਰੀ ਤੋਂ ਪੀੜਿਤ ਹੈ। ਉਸ ਦੀ ਸਕਿਨ ਉਤਰਦੀ ਰਹਿੰਦੀ ਹੈ ਅਤੇ ਸਕਿਨ ਬਹੁਤ ਜਿਆਦਾ ਸੈਂਸੇਟਿਵ ਹੈ। ਖਾਸ ਕਰਕੇ ਗਰਮੀਆਂ ਵਿੱਚ ਉਸ ਦੀ ਸਕਿਨ ਬਹੁਤ ਜਿਆਦਾ ਸੈਂਸੇਟਿਵ ਹੋ ਜਾਂਦੀ ਹੈ ਅਤੇ ਉਸ ਦਾ ਇਲਾਜ ਉਹ ਕਈ ਥਾਵਾਂ ਤੋਂ ਕਰਵਾ ਚੁੱਕੇ ਹਨ, ਪਰ ਹਾਲੇ ਵੀ ਉਸ ਦੀ ਦਵਾਈ ਚੱਲ ਰਹੀ ਹੈ। ਨਵਦੀਪ ਦੇ ਪਿਤਾ ਨੇ ਦੱਸਿਆ ਕਿ ਪਹਿਲਾਂ ਤਾਂ ਉਨ੍ਹਾਂ ਨੂੰ ਇਸ ਬਿਮਾਰੀ ਦੇ ਇਲਾਜ ਬਾਰੇ ਪਤਾ ਹੀ ਨਹੀਂ ਸੀ, ਫਿਰ ਪੀਜੀਆਈ ਜਾ ਕੇ ਉਨ੍ਹਾਂ ਨੇ ਇਸ ਦਾ ਇਲਾਜ ਕਰਵਾਇਆ। ਉਨ੍ਹਾਂ ਕਿਹਾ ਕਿ ਹੁਣ ਵੀ ਉਸ ਦੀ ਹਜ਼ਾਰਾਂ ਰੁਪਏ ਦੀ ਦਵਾਈ ਉਹ ਹਰ ਮਹੀਨੇ ਲਿਆਉਂਦੇ ਹਨ। ਲੱਖਾਂ ਰੁਪਏ ਹੁਣ ਤੱਕ ਉਸ ਦੇ ਇਲਾਜ ਉੱਤੇ ਲੱਗ ਚੁੱਕੇ ਹਨ। ਉਸ ਦੇ ਪਿਤਾ ਨੇ ਦੱਸਿਆ ਕਿ ਉਸ ਦੀਆਂ ਹੋਰ ਦੋ ਬੇਟੀਆਂ ਵੀ ਹਨ ਅਤੇ ਨਵਦੀਪ ਉਸ ਦਾ ਇਕਲੌਤਾ ਪੁੱਤ ਹੈ, ਪਰ ਉਸ ਨੇ ਉਸ ਦੇ ਇਲਾਜ ਵਿੱਚ ਕਦੇ ਵੀ ਕੋਈ ਕਸਰ ਨਹੀਂ ਛੱਡੀ।
ਬਚਪਨ ਤੋਂ ਪੇਂਟਿੰਗ ਦਾ ਸ਼ੌਂਕ: ਕਾਫੀ ਸਾਲਾਂ ਤੋਂ ਨਵਦੀਪ ਨੂੰ ਡਰਾਇੰਗ ਅਤੇ ਪੇਂਟਿੰਗ ਦਾ ਸ਼ੌਂਕ ਹੈ। ਉਸ ਨੇ ਮੋਬਾਈਲ ਤੇ ਦੇਖ ਦੇਖ ਕੇ ਡਰਾਇੰਗ ਕਰਨੀ ਸ਼ੁਰੂ ਕੀਤੀ ਸੀ ਅਤੇ ਫਿਰ ਉਸ ਨੇ ਪਹਿਲਾਂ ਆਪਣੇ ਪਰਿਵਾਰਿਕ ਮੈਂਬਰਾਂ ਦੀਆਂ ਤਸਵੀਰਾਂ ਬਣਾਈਆਂ। ਉਸ ਤੋਂ ਬਾਅਦ ਸਕੂਲ ਵਿੱਚ ਹੋਣ ਵਾਲੇ ਡਰਾਇੰਗ ਦੇ ਮੁਕਾਬਲਿਆਂ ਵਿੱਚ ਵੀ ਉਹ ਹਿੱਸਾ ਲੈਣ ਲੱਗਾ ਜਿਸ ਵਿੱਚ ਉਸ ਨੇ ਕਈ ਇਨਾਮ ਵੀ ਜਿੱਤੇ ਹਨ। ਨਵਦੀਪ ਹੁਣ ਲੁਧਿਆਣਾ ਦੇ ਹੀ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਬੀਲਾ ਵਿੱਚ ਨੌਵੀਂ ਜਮਾਤ ਦਾ ਵਿਦਿਆਰਥੀ ਹੈ, ਹਾਲਾਂਕਿ ਉਹ ਹਫਤੇ ਦੇ ਵਿੱਚ ਦੋ ਜਾਂ ਤਿੰਨ ਦਿਨ ਹੀ ਸਕੂਲ ਜਾਂਦਾ ਹੈ, ਕਿਉਂਕਿ ਬਿਮਾਰ ਹੋਣ ਕਰਕੇ ਉਸ ਨੂੰ ਸਕੂਲ ਤੋਂ ਰਾਹਤ ਮਿਲ ਜਾਂਦੀ ਹੈ, ਪਰ ਉਹ ਪੜ੍ਹਾਈ ਵਿੱਚ ਕਾਫੀ ਤੇਜ਼ ਹੈ।
ਸ਼ਹੀਦੀ ਦਿਵਸ ਨੂੰ ਸਮਰਪਿਤ ਡਰਾਇੰਗ: ਨਵਦੀਪ ਨੇ ਦੱਸਿਆ ਕਿ ਉਸ ਨੇ ਸ਼ਹੀਦੀ ਦਿਵਸ ਤੋਂ ਪ੍ਰੇਰਿਤ ਹੋ ਕੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਤਸਵੀਰ ਬਣਾਈ ਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਦੀ ਵੀ ਤਸਵੀਰ ਬਣਾਈ ਹੈ। ਉਸ ਨੇ ਬਹੁਤ ਹੀ ਖੂਬਸੂਰਤੀ ਦੇ ਨਾਲ ਇਨ੍ਹਾਂ ਤਸਵੀਰਾਂ ਨੂੰ ਸਿਰ ਢੱਕ ਕੇ ਬਣਾਇਆ ਸੀ। ਨਵਦੀਪ ਨੇ ਕਿਹਾ ਕਿ ਇਹ ਸ਼ਹੀਦੀ ਦਿਵਸ ਨੂੰ ਸਮਰਪਿਤ ਸ਼ਰਧਾਂਜਲੀ ਹੈ। ਇਨ੍ਹਾਂ ਤਸਵੀਰਾਂ ਨੂੰ ਬਣਾਉਣ ਲਈ ਕਿਸੇ ਦੀ ਵੀ ਮਦਦ ਨਹੀਂ ਲਈ, ਸਗੋਂ ਖੁਦ ਹੀ ਉਹ ਦਿਨ ਰਾਤ ਮਿਹਨਤ ਕਰਕੇ ਇਹ ਡਰਾਇੰਗ ਤਿਆਰ ਕਰਦਾ ਹੈ ਅਤੇ ਫਿਰ ਉਸ ਵਿੱਚ ਰੰਗ ਭਰਦਾ ਹੈ।
ਨਵਦੀਪ ਨੇ ਦੱਸਿਆ ਕਿ ਉਹ ਵੱਡਾ ਹੋ ਕੇ ਕੀ ਬਣੇਗਾ, ਉਸਨੂੰ ਤਾਂ ਪਤਾ ਨਹੀਂ, ਪਰ ਪ੍ਰਮਾਤਮਾ ਜਿਸ ਥਾਂ ਉੱਤੇ ਵੀ ਉਸ ਨੂੰ ਲੈ ਕੇ ਜਾਵੇਗਾ, ਉਹ ਉਸ ਲਈ ਤਿਆਰ ਹੈ। ਨਵਦੀਪ ਨੇ ਕਿਹਾ ਕਿ ਉਸ ਦਾ ਸ਼ੌਂਕ ਹੈ ਕਿ ਉਹ ਪੇਂਟਰ ਬਣੇ ਪ੍ਰੋਫੈਸ਼ਨਲ ਸਿਖਲਾਈ ਲੈ ਕੇ ਆਪਣੇ ਹੁਨਰ ਨੂੰ ਹੋਰ ਵੀ ਸੋਹਣਾ ਬਣਾਵੇ। ਉਹ ਸਕੂਲ ਵਿੱਚ ਵੀ ਚੰਗੇ ਨੰਬਰ ਲੈ ਕੇ ਪਾਸ ਹੁੰਦਾ ਹੈ।
ਆਰਥਿਕ ਪੱਖ ਤੋਂ ਕਮਜ਼ੋਰ: ਨਵਦੀਪ ਦੇ ਪਿਤਾ ਹਰਦੀਪ ਬਾਵਾ ਨੇ ਦੱਸਿਆ ਹੈ ਕਿ ਉਹ ਆਰਥਿਕ ਪੱਖ ਤੋਂ ਕਾਫੀ ਕਮਜ਼ੋਰ ਹਨ। ਉਨ੍ਹਾਂ ਦੱਸਿਆ ਕਿ ਉਹ ਕਿਸੇ ਨਿੱਜੀ ਫੈਕਟਰੀ ਵਿੱਚ ਕੰਮ ਕਰਦਾ ਹੈ ਅਤੇ ਉਹ ਇਕੱਲਾ ਹੀ ਘਰ ਵਿੱਚ ਪੈਸੇ ਕਮਾਉਣ ਵਾਲਾ ਹੈ। ਹਰਦੀਪ ਨੇ ਦੱਸਿਆ ਕਿ ਉਸ ਦੇ ਬੇਟੇ ਦੀ ਇਹ ਬਿਮਾਰੀ ਉੱਤੇ ਉਸ ਦੇ ਕਾਫੀ ਪੈਸੇ ਲੱਗ ਚੁੱਕੇ ਹਨ ਅਤੇ ਉਹ ਬਾਕੀ ਬੱਚਿਆਂ ਦੀ ਵੀ ਪੜ੍ਹਾਈ ਦਾ ਖ਼ਰਚਾ ਇੱਕਲੇ ਹੀ ਚੁੱਕਦੇ ਹਨ। ਘਰ ਦੇ ਖ਼ਰਚੇ ਵੀ ਇੱਕਲੇ ਹੀ ਕਰਦਾ ਹੈ। ਉਨ੍ਹਾਂ ਕਿਹਾ ਕਿ ਆਰਥਿਕ ਪੱਖ ਤੋਂ ਕਮਜ਼ੋਰ ਹੋਣ ਦੇ ਬਾਵਜੂਦ ਆਪਣੇ ਬੇਟੇ ਦੇ ਸ਼ੌਂਕ ਨੂੰ ਕਦੇ ਵੀ ਖ਼ਤਮ ਨਹੀਂ ਹੋਣ ਦਿੱਤਾ। ਉਸ ਨੂੰ ਜਿਸ ਕਿਸੇ ਵੀ ਕਲਰ ਦੀ ਜਾਂ ਫਿਰ ਵਿਸ਼ੇਸ਼ ਪੈਨਸਿਲ ਦੀ ਲੋੜ ਹੁੰਦੀ ਹੈ, ਉਹ ਉਸ ਲਈ ਲੈ ਕੇ ਆਉਂਦੇ ਹਨ।
ਹਰਦੀਪ ਨੇ ਕਿਹਾ ਕਿ ਅਜਿਹੇ ਬੱਚੇ ਦੇ ਹੁਨਰ ਨੂੰ ਸਰਕਾਰ ਨੂੰ ਪਛਾਣ ਕੇ ਉਸ ਦੀ ਕੋਈ ਨਾ ਕੋਈ ਮਦਦ ਜ਼ਰੂਰ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਅਸੀਂ ਆਪਣੇ ਬੱਚੇ ਨੂੰ ਆਪਣੇ ਤੋਂ ਦੂਰ ਨਹੀਂ ਕੀਤਾ, ਜਦੋਂ ਦਾ ਉਹ ਪੈਦਾ ਹੋਇਆ ਹੈ ਅਸੀਂ ਕਦੇ ਨਹੀਂ ਸੋਚਿਆ ਕਿ ਉਸ ਨੂੰ ਆਸ਼ਰਮ ਜਾਂ ਫਿਰ ਕਿਸੇ ਅਨਾਥ ਘਰ ਵਿੱਚ ਛੱਡ ਆਈਏ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸ਼ੁਰੂ ਤੋਂ ਹੀ ਉਸ ਨੂੰ ਅਪਣਾਇਆ ਹੈ ਅਤੇ ਉਹ ਜਿਹੋ ਜਿਹਾ ਵੀ ਹੈ, ਉਨ੍ਹਾਂ ਦਾ ਬੇਟਾ ਹੈ ਅਤੇ ਉਸ ਦਾ ਹਮੇਸ਼ਾ ਸਾਥ ਦੇਣਗੇ।