ਲੁਧਿਆਣਾ: ਪੁਲਿਸ ਨੇ ਇੱਕ ਫ਼ਰਜ਼ੀ ਇੰਟਰਨੈਸ਼ਨਲ ਕਾਲ ਸੈਂਟਰ ਦਾ ਪਰਦਾਫਾਸ਼ ਕਰਦਿਆਂ 13 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕਿ ਅਮਰੀਕਾ ਦੇ ਲੋਕਾਂ ਨੂੰ ਪਹਿਲਾਂ ਮੇਲਾਂ ਭੇਜਦੇ ਸਨ ਅਤੇ ਫਿਰ ਉਨ੍ਹਾਂ ਤੋਂ ਫਾਰਮ ਭਰਵਾ ਕੇ ਉਨ੍ਹਾ ਦੇ ਖਾਤਿਆਂ ਦੀ ਜਾਣਕਾਰੀ ਹਾਸਿਲ ਕਰਕੇ ਉਨ੍ਹਾ ਨਾਲ ਠੱਗੀਆਂ ਮਾਰਦੇ ਸਨ। ਪੁਲਿਸ ਕਮਿਸ਼ਨਰ ਵੱਲੋਂ ਇਸ ਦਾ ਖੁਲਾਸਾ ਕੀਤਾ ਗਿਆ ਹੈ।
ਕੀ ਹੈ ਮਾਮਲਾ: ਥਾਣਾ ਡਵੀਜ਼ਨ ਨੰਬਰ 8 ਦੇ ਇਲਾਕੇ ਵਿੱਚ ਮੋਤੀ ਨਗਰ ਨੇੜੇ ਆਰਕੇ ਰੋਡ ਉੱਤੇ ਸਥਿਤ ਕਾਲ ਸੈਂਟਰ ਚਲਾਇਆ ਜਾ ਰਿਹਾ ਸੀ। ਇਸ ਦਾ ਮੁੱਖ ਦਫ਼ਤਰ ਦਿੱਲੀ ਵਿੱਚ ਚੱਲ ਰਿਹਾ ਹੈ ਜਿਸ ਦੀ ਲੋਕੇਸ਼ਨ ਸਾਈਬਰ ਪੁਲਿਸ ਦੀ ਮਦਦ ਨਾਲ ਮੰਗਾਈ ਜਾ ਰਹੀ ਹੈ। ਪੁਲਿਸ ਨੇ ਇਨ੍ਹਾਂ ਤੋਂ 8 ਕੰਪਿਊਟਰ, 18 ਮੋਬਾਇਲ ਫੋਨ ਅਤੇ 1 ਲੱਖ 70 ਹਜ਼ਾਰ ਰੁਪਏ ਬਰਾਮਦ ਕੀਤੇ ਹਨ। ਰੁਪਏ ਡਿਲਵਰੀ ਕਰਨ ਲਈ ਸਵੇਰੇ ਵਿਅਕਤੀ ਆਇਆ ਸੀ ਪੁਲਿਸ ਨੇ ਉਸ ਨੂੰ ਵੀ ਕਾਬੂ ਕਰ ਲਿਆ ਹੈ।
ਕਿਵੇਂ ਮਾਰਦੇ ਸੀ ਠੱਗੀ: ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਲੋਕ ਬਲਕ ਵਿੱਚ ਮੇਲਾਂ ਅਮਰੀਕਾ ਦੇ ਲੋਕਾਂ ਨੂੰ ਭੇਜਦੇ ਸਨ। ਉਨ੍ਹਾ ਨੂੰ ਕਹਿੰਦੇ ਸੀ ਕੇ ਤੁਹਾਡੇ ਨਾਲ ਫ਼ਰਾਡ ਹੋ ਸਕਦਾ ਹੈ, ਤੁਸੀਂ ਆਪਣੇ ਬੈਂਕ ਤੋਂ ਪੈਸੇ ਕੱਢਵਾ ਲਿਓ। ਇੰਨਾਂ ਹੀ ਨਹੀਂ, ਉਨ੍ਹਾਂ ਤੋਂ ਇਕ ਫਾਰਮ ਭਰਵਾ ਕੇ ਬੈਂਕ ਦੀ ਸਾਰੀ ਜਾਣਕਾਰੀ ਲੈਂਦੇ ਸੀ ਅਤੇ ਫਿਰ ਉਨ੍ਹਾਂ ਨੂੰ ਗਿਫ਼ਟ ਕਾਰਡ ਦੇਣ ਦਾ ਝਾਂਸਾ ਦੇਕੇ ਉਨ੍ਹਾਂ ਤੋ ਠੱਗੀ ਮਾਰਦੇ ਸੀ।
ਮੁੱਖ ਬ੍ਰਾਂਚ ਦਿੱਲੀ: ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਕਾਲ ਸੈਂਟਰ ਦੀ ਮੁੱਖ ਬ੍ਰਾਂਚ ਦਿੱਲੀ ਵਿੱਚ ਹੈ, ਹਾਲਾਂਕਿ ਜਿਹੜੇ ਮੁਲਜ਼ਮ ਫੜ੍ਹੇ ਗਏ ਹਨ, ਉਨ੍ਹਾਂ ਨੂੰ ਮੁੱਖ ਦਫਤਰ ਦੀ ਲੋਕੇਸ਼ਨ ਤਾਂ ਨਹੀਂ ਪਤਾ, ਪਰ ਦਿੱਲੀ ਪੁਲਿਸ ਨੂੰ ਇਸ ਸਬੰਧੀ ਜਾਣਕਾਰੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਉੱਤੇ ਕੰਮ ਕਰ ਰਹੇ ਹਨ। ਉਨ੍ਹਾ ਕਿਹਾ ਕਿ ਅਸੀਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਦੇਰ ਰਾਤ ਤੋਂ ਹੀ ਇਹ ਛਾਪੇਮਾਰੀ ਚੱਲ ਰਹੀ ਹੈ ਅਤੇ ਪੁਲਿਸ ਨੇ ਸਾਈਬਰ ਐਕਸਪਰਟਸ ਨੂੰ ਫਿਲੌਰ ਅਤੇ ਨੇੜੇ ਤੇੜੇ ਦੇ ਇਲਾਕਿਆਂ ਤੋਂ ਵੀ ਬੁਲਾਇਆ ਹੈ।
ਕੀ ਕੀ ਹੋਇਆ ਬਰਾਮਦ: ਪੁਲਿਸ ਅਧਿਕਾਰੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਕਾਲ ਸੈਂਟਰ ਤੋਂ 8 ਕੰਪਿਊਟਰ ਤੋਂ ਇਲਾਵਾ 18 ਮੋਬਾਇਲ ਫੋਨ ਬਰਾਮਦ ਹੋਏ ਹਨ। ਇਸ ਤੋਂ ਇਲਾਵਾ ਦਸਤਾਵੇਜ਼ ਨੰਬਰਾਂ ਦੀ ਪੂਰੀ ਸੂਚੀ ਅਤੇ ਹੋਰ ਡਾਟਾ ਫਿਲਹਾਲ ਰੀਕਵਰ ਕੀਤਾ ਜਾ ਰਿਹਾ ਹੈ। ਇਸ ਨਾਲ ਪੁਲਿਸ ਨੂੰ ਹੋਰ ਮਦਦ ਮਿਲ ਸਕੇਗੀ। ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਸਵੇਰੇ ਇਨ੍ਹਾਂ ਨੂੰ ਇਕ ਸਖ਼ਸ਼ 1 ਲੱਖ 70 ਹਜ਼ਾਰ ਦੀ ਰਾਸ਼ੀ ਦੇਣ ਆਇਆ ਸੀ, ਉਸ ਨੂੰ ਵੀ ਅਸੀਂ ਪੈਸਿਆਂ ਸਣੇ ਕਾਬੂ ਕਰ ਲਿਆ ਹੈ। ਉਨ੍ਹਾ ਕਿਹਾ ਕਿ ਅਸੀਂ ਇਸ ਦੀ ਤਹਿ ਤੱਕ ਜਾਵਾਂਗੇ ਇਸ ਦਾ ਮਾਸਟਰਮਾਇੰਡ ਕੌਣ ਹੈ, ਇਸ ਦੀ ਵੀ ਉਹ ਜਾਂਚ ਕਰ ਰਹੇ ਹਨ।
ਇਹ ਵੀ ਪੜ੍ਹੋ: ਪੰਜਾਬ ਨੈਸ਼ਨਲ ਬੈਂਕ ਵਿੱਚ ਦਿਨ ਦਿਹਾੜੇ ਡਾਕਾ, ਹੋਈ ਲੱਖਾਂ ਦੀ ਲੁੱਟ !