ਕਪੂਰਥਲਾ: ਵਿਦੇਸ਼ਾਂ ਵਿੱਚ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਜਾਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਤਾਜ਼ਾ ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਹੈ, ਜਿਥੇ ਜ਼ਿਲ੍ਹਾ ਕਪੂਰਥਲਾ ਦੇ ਕਸਬਾ ਭੁਲੱਥ ਦੇ 28 ਸਾਲਾਂ ਨੌਜਵਾਨ ਦੀ ਮੌਤ ਹੋ ਗਈ ਹੈ। ਭੁਲੱਥ ਵਾਸੀ ਨੌਜਵਾਨ ਅੰਮ੍ਰਿਤ ਬਹਿਲ ਚੰਗੇ ਭਵਿੱਖ ਦੀ ਭਾਲ 'ਚ ਉਚੇਰੀ ਸਿੱਖਿਆ ਹਾਸਲ ਕਰਨ ਲਰੀ ਕੁੱਝ ਸਮਾਂ ਪਹਿਲਾਂ ਕੈਨੇਡਾ ਗਿਆ ਸੀ,ਜਿੱਥੇ ਬੀਤੇ ਦਿਨੀਂ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ।
ਸੜਕ ਹਾਦਸੇ ਦਾ ਸ਼ਿਕਾਰ ਹੋਇਆ ਨੌਜਵਾਨ: ਇਸ ਸਬੰਧੀ ਮਿਲੀ ਜਾਣਕਾਰੀ ਮੁਤਾਬਕ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਚ ਰਹਿੰਦਾ ਨੌਜਵਾਨ ਅਮਿਤ ਬਹਿਲ ਪੈਦਲ ਚੱਲਣ ਦੌਰਾਨ ਲਾਈਟ ਹੋਣ 'ਤੇ ਸੜਕ ਪਾਰ ਕਰ ਰਿਹਾ ਸੀ ਤਾਂ ਅਚਾਨਕ ਸਾਹਮਣੇ ਤੋਂ ਇਕ ਬੇਕਾਬੂ ਕਾਰ ਆਈ ਅਤੇ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਹਾਦਸੇ ਦੌਰਾਨ ਮੌਕੇ ਉਤੇ ਅਮਿਤ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਨੇ ਬੀਤੀ ਰਾਤ ਦਮ ਤੋੜ ਦਿੱਤਾ। ਇਹ ਨੌਜਵਾਨ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਅਤੇ ਚੰਗੇ ਸੁਭਾਅ ਅਤੇ ਨੇਕ ਵਿਚਾਰਾਂ ਦਾ ਮਾਲਕ ਸੀ। ਦੀਵਾਲੀ ਤੋਂ ਪਹਿਲਾਂ ਜਵਾਨ ਪੁੱਤ ਦੀ ਮੌਤ ਦੀ ਖ਼ਬਰ ਸੁਣ ਕੇ ਪਰਿਵਾਰ ਵਿਚ ਮਾਤਮ ਛਾ ਗਿਆ ਹੈ ਅਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਸਟੱਡੀ ਵੀਜੇ 'ਤੇ ਕੈਨੇਡਾ ਗਿਆ ਸੀ ਮ੍ਰਿਤਕ: ਇਸ ਸਬੰਧੀ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਅਮਿਤ ਬਹਿਲ 6 ਸਾਲ ਪਹਿਲਾਂ ਸਟੱਡੀ ਵੀਜੇ 'ਤੇ ਕੈਨੇਡਾ ਗਿਆ ਸੀ। ਜਿੱਥੇ ਹੁਣ ਉਹ ਟੋਰਾਂਟੋ ਵਿਚ ਰਹਿ ਰਿਹਾ ਸੀ ਅਤੇ ਉਸ ਨੂੰ ਵਰਕ ਪਰਮਿਟ ਮਿਲਿਆ ਹੋਇਆ ਸੀ। ਉਨ੍ਹਾਂ ਦਸਿਆ ਕਿ ਹੁਣ ਤੱਕ ਅਮਿਤ ਇਕ ਵਾਰ ਹੀ ਭਾਰਤ ਆਇਆ ਸੀ ਅਤੇ ਪੀ.ਆਰ. ਦੀ ਉਡੀਕ ਵਿਚ ਸੀ। ਅੱਜ ਤੋਂ ਕੁਝ ਦਿਨ ਪਹਿਲਾਂ ਅਮਿਤ ਟੋਰਾਂਟੋ ਵਿਚ ਹੀ ਕੰਮ 'ਤੇ ਜਾ ਰਿਹਾ ਸੀ। ਜਦੋਂ ਉਹ ਬੱਸ ਵਿਚੋਂ ਉਤਰਿਆ ਤਾਂ ਸੜਕ ਪਾਰ ਕਰਦੇ ਸਮੇਂ ਇਕ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਟੱਕਰ ਮਾਰੀ, ਜਿਸ ਤੋਂ ਬਾਅਦ ਅਮਿਤ ਹਸਪਤਾਲ ਵਿਚ ਇਲਾਜ ਅਧੀਨ ਸੀ ਪਰ ਬੀਤੀ ਰਾਤ ਉਸ ਦੀ ਮੌਤ ਹੋ ਗਈ।
- ਗੁਰਪਤਵੰਤ ਪੰਨੂ ਦੀ ਏਅਰ ਇੰਡੀਆ ਨੂੰ ਧਮਕੀ ਮਗਰੋਂ ਕੈਨੇਡਾ ਸਰਕਾਰ ਦੀ ਕਾਰਵਾਈ, ਟੋਰਾਂਟੋ ਏਅਰਪੋਟ 'ਤੇ 10 ਸ਼ੱਕੀਆਂ ਨੂੰ ਹਿਰਾਸਤ 'ਚ ਲਿਆ
- ਲੁਧਿਆਣਾ ਰੇਲਵੇ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਟਰੇਨ ਰਾਹੀਂ ਇਲਾਹਾਬਾਦ ਤੋਂ 2 ਕਿੱਲੋ ਸੋਨਾ ਲਿਆ ਰਹੇ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
- Politics On Stubble Burning: 2024 ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਡਾ ਮੁੱਦਾ ਬਣਿਆ ਪਰਾਲੀ; ਆਪ ਤੇ ਭਾਜਪਾ ਦੇ ਇੱਕ ਦੂਜੇ 'ਤੇ ਇਲਜ਼ਾਮ, ਪਰ ਹੱਲ ਕਿੱਥੇ ? - ਵੇਖੋ ਖਾਸ ਰਿਪੋਰਟ
ਅੰਤਿਮ ਸਸਕਾਰਾਂ ਲਈ ਵਿਦੇਸ਼ ਜਾਵੇਗਾ ਪਰਿਵਾਰ: ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਹ ਪਤਾ ਲੱਗਾ ਹੈ ਕਿ ਕਾਰ ਚਾਲਕ ਨੂੰ ਪੁਲਿਸ ਨੇ ਫੜ ਲਿਆ ਹੈ। ਇਸ ਦੇ ਨਾਲ ਹੀ ਨੌਜਵਾਨ ਦੀ ਮ੍ਰਿਤਕ ਦੇਹ ਭਾਰਤ ਲਿਆਉਣ 'ਤੇ ਪਰਿਵਾਰ ਦਾ ਕਹਿਣਾ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਤੇ ਮਾਤਾ ਵਿਦੇਸ਼ ਜਾਣਗੇ, ਜਿਸ ਤੋਂ ਬਾਅਦ ਨੌਜਵਾਨ ਦੇ ਅੰਤਿਮ ਸਸਕਾਰ ਕੀਤਾ ਜਾਵੇਗਾ। ਇਸ ਦੇ ਨਾਲ ਹੀ ਰਿਸ਼ਤੇਦਾਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਨੇ ਵਿਆਹ ਕਰਵਾਉਣ ਲਈ ਜਲਦ ਭਾਰਤ ਆਉਣਾ ਸੀ ਪਰ ਉਸ ਤੋਂ ਪਹਿਲਾਂ ਹੀ ਇਹ ਹਾਦਸਾ ਵਾਪਰ ਗਿਆ।