ਕਪੂਰਥਲਾ: ਇੱਕ ਪਾਸੇ ਕੋਰੋਨਾ ਮਹਾਂਮਾਰੀ ਦਾ ਕਹਿਰ ਹੈ ਤੇ ਦੂਜੇ ਪਾਸੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਬੇਰੀ ਦੇ ਰੁੱਖ ਚੋਂ ਖੂਨ ਨਿਕਲਣ ਦੀ ਅਫਵਾਹਾਂ ਉਡਾਈਆਂ ਜਾ ਰਹੀਆਂ ਹਨ। ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਬੇਰੀ ਸਾਹਿਬ ਰੁੱਖ ਵਿੱਚੋਂ ਖੂਨ ਨਿਕਲਣ ਦੀ ਵੀਡੀਓ ਵਾਇਰਲ ਹੋਈ ਸੀ ਜੋ ਕਿ ਸਿੱਖ ਸ਼ਰਧਾਲੂ ਨੂੰ ਵਹਿਮਾਂ-ਭਰਮਾਂ 'ਚ ਪਾ ਰਹੀ ਹੈ।
ਬੇਰੀ ਸਾਹਿਬ ਗੁਰਦੁਆਰਾ ਦੇ ਹੈੱਡ ਗ੍ਰੰਥੀ ਨੇ ਦੱਸਿਆ ਕਿ ਬੇਰੀ ਸਾਹਿਬ ਰੁੱਖ ਵਿੱਚੋਂ ਹਰ ਸਾਲ ਗਰਮੀਆਂ 'ਚ ਇਹ ਤਰਲ ਪਦਾਰਥ ਨਿਕਲਦਾ ਹੈ। ਜੋ ਕਿ ਖੂਨ ਦੇ ਰੰਗ ਵਰਗਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਐਸ.ਜੀ.ਪੀ.ਸੀ ਵੱਲੋਂ ਬੇਰੀ ਸਾਹਿਬ ਰੁੱਖ ਦੀ ਸਾਂਭ ਸੰਭਾਲ ਦੀ ਜਿੰਮੇਵਾਰੀ ਦਿੱਤੀ ਗਈ ਹੈ। ਉਹ ਇਸ ਬਾਰੇ ਵਿਸਥਾਰ ਨਾਲ ਇਸ ਤਰਲ ਪਦਾਰਥ ਦੀ ਜਾਣਕਾਰੀ ਦੇ ਸਕਦੇ ਹਨ।
ਜਦੋਂ ਇਸ ਸਬੰਧ 'ਚ ਪੀਏਯੂ ਦੇ ਬਾਗਵਾਨੀ ਦੇ ਸਹਾਇਕ ਪ੍ਰੋਫੈਸਰ ਕਰਨਵੀਰ ਸਿੰਘ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਜੋ ਖੂਨ ਵਰਗੇ ਰੰਗ ਦਾ ਤਰਲ ਪਦਾਰਥ ਬੇਰੀ ਸਾਹਿਬ ਰੁੱਖ ਵਿੱਚੋਂ ਨਿਕਲ ਰਿਹਾ ਹੈ ਉਹ ਖੂਨ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਬੇਰੀ ਸਾਹਿਬ ਰੁੱਖ ਬਹੁਤ ਪੁਰਾਣਾ ਰੁੱਖ ਹੈ। ਇਸ ਲਈ ਉਸ ਚੋਂ ਇਸ ਤਰ੍ਹਾਂ ਦਾ ਤਰਲ ਪਦਾਰਥ ਨਿਕਲ ਰਿਹਾ ਹੈ। ਉਨ੍ਹਾਂ ਕਿਹਾ ਜਦੋਂ ਕਿਸੇ ਵੀ ਰੁੱਖ ਦਾ ਤਨਾ ਪੁਰਾਣਾ ਹੋ ਜਾਂਦਾ ਹੈ ਤਾਂ ਉਸ ਚੋਂ ਇਸ ਤਰ੍ਹਾਂ ਤਰਲ ਪਦਾਰਥ ਨਿਕਲਦਾ ਹੈ।
ਇਹ ਵੀ ਪੜ੍ਹੋ:ਕੋਵਿਡ-19: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆ 'ਚ ਹੈ ਸਭ ਤੋਂ ਵੱਧ ਖ਼ਤਰਾ, ਸਰਕਾਰ ਨੇ ਐਲਾਨੇ ਰੈੱਡ, ਔਰੇਂਜ਼ ਅਤੇ ਗ੍ਰੀਨ ਜ਼ੋਨ
ਉਨ੍ਹਾਂ ਨੇ ਦੱਸਿਆ ਕਿ ਰੁੱਖਾ ਦੇ ਅੰਦਰ ਵੀ ਸੈਲ ਲੈਪ ਹੁੰਦੇ ਹਨ ਬੇਰੀ ਦੇ ਰੁੱਖਾਂ 'ਚ ਫਿਨੋਜ਼ ਸਭ ਤੋਂ ਜ਼ਿਆਦਾ ਮਾਤਰਾ ਦੇ ਵਿੱਚ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਇਹ ਫਿਨੋਜ਼ ਹਵਾ ਦੇ ਸੰਪਰਕ 'ਚ ਆਉਂਦਾ ਹੈ ਤਾਂ ਇਹ ਫਿਨੋਜ਼ ਔਕਸੀਡੈਂਟ ਹੋ ਜਾਂਦਾ ਹੈ ਜਿਸ ਕਰਕੇ ਉਸ ਦਾ ਰੰਗ ਭੁਰਾ, ਲਾਲ ਹੋ ਜਾਂਦਾ ਹੈ ਜੋ ਕਿ ਦੇਖਣ ਨੂੰ ਖੂਨ ਲੱਗਦਾ ਹੈ।
ਉਨ੍ਹਾਂ ਨੇ ਸਮੁੱਚੇ ਸ਼ਰਧਾਲੂਆ ਨੂੰ ਅਪੀਲ ਕੀਤੀ ਉਹ ਇਸ ਤਰ੍ਹਾਂ ਦੇ ਵਹਿਮਾ ਭਰਮਾਂ ਦੇ ਵਿੱਚ ਨਾ ਆਉਣ।