ਕਪੂਰਥਲਾ: ਪੰਜਾਬ ਵਿੱਚ ਲੁੱਟ-ਖੋਹ ਦੀਆਂ ਘਟਨਾਵਾਂ ਦਿਨੋਂ ਦਿਨ ਵੱਧ ਰਹੀਆਂ ਹਨ। ਲੁਟੇਰੇ ਦਿਨ ਦਿਹਾੜੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਅਤੇ ਅਮਨ ਕਾਨੂੰਨ ਦੀ ਸਥਿਤੀ ਵੀ ਕਾਫੀ ਕਮਜ਼ੋਰ ਨਜ਼ਰ ਆ ਰਹੀ ਹੈ। ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਤੋਂ ਲੁੱਟ ਦੀ ਇੱਕ ਘਟਨਾ ਸਾਹਮਣੇ ਆਈ ਹੈ, ਜੋ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਜਿਸ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਇਕ ਐਕਟਿਵਾ ਸਵਾਰ ਦੋ ਔਰਤਾਂ ਸੜਕ 'ਤੇ ਕਿਤੇ ਜਾ ਰਹੀਆਂ ਹਨ ਅਤੇ ਦੋ ਲੁਟੇਰੇ ਉਨ੍ਹਾਂ ਦਾ ਪਿੱਛਾ ਕਰਦੇ ਦਿਖਾਈ ਦੇ ਰਹੇ ਹਨ, ਜੋ ਖੁਦ ਮੋਟਰਸਾਈਕਲ 'ਤੇ ਸਵਾਰ ਹਨ। ਦਿਨ ਦਿਹਾੜੇ ਲੁਟੇਰਿਆਂ ਵੱਲੋਂ ਦੋ ਐਕਟਿਵਾ ਸਵਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ ,ਔਰਤ ਦੇ ਕੰਨਾਂ ਦੀਆਂ ਵਾਲੀਆਂ ਖੋਹ ਕੇ ਫਰਾਰ ਹੋ ਗਏ ਅਤੇ ਇਹ ਸਾਰੀ ਘਟਨਾ ਸੀਸੀਟੀਵੀ 'ਚ ਕੈਦ ਹੋਈ।
ਘਟਨਾ ਤੋਂ ਬਾਅਦ ਇਲਾਕੇ ਚ ਸਹਿਮ ਦਾ ਮਾਹੌਲ: ਸੀਸੀਟੀਵੀ ਕੈਮਰੇ 'ਚ ਕੈਦ ਹੋਈ ਤਸਵੀਰ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਲੁਟੇਰੇ ਨੇ ਐਕਟਿਵਾ ਦੇ ਪਿੱਛੇ ਬੈਠੀ ਔਰਤ ਦੇ ਕੰਨਾਂ ਦੀਆਂ ਵਾਲੀਆਂ ਝਪਟ ਲਈਆਂ, ਜਿਸ ਤੋਂ ਬਾਅਦ ਦੋਵੇਂ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ। ਗੌਰਤਲਬ ਹੈ ਕਿ ਇਹ ਸਾਰੀ ਘਟਨਾ ਸਾਬਕਾ ਕਾਂਗਰਸੀ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਘਰ ਦੇ ਬਾਹਰ ਵਾਪਰੀ, ਜੋ ਸੀਸੀਟੀਵੀ ਵਿੱਚ ਕੈਦ ਹੋ ਗਈ। ਪਰ ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਵੀ ਬਣ ਗਿਆ। ਕਿਉਂਕਿ ਅਜਿਹੀ ਸਥਿਤੀ ਵਿੱਚ ਲੁਟੇਰਿਆਂ ਵੱਲੋਂ ਲੋਕਾਂ ਨੂੰ ਸੜਕਾਂ 'ਤੇ ਲੁੱਟਣਾ ਪੁਲਿਸ ਦੀ ਕਾਰਜਪ੍ਰਣਾਲੀ 'ਤੇ ਵੱਡੇ ਸਵਾਲ ਖੜ੍ਹੇ ਕਰਦਾ ਹੈ। ਕਿਉਂਕਿ ਪੁਲਿਸ ਵੱਲੋਂ ਹਮੇਸ਼ਾ ਹੀ ਇਹ ਦਾਅਵੇ ਕੀਤੇ ਜਾਂਦੇ ਹਨ ਕਿ ਅਮਨ-ਕਾਨੂੰਨ ਦੀ ਸਥਿਤੀ ਕਾਬੂ ਹੇਠ ਰਹਿੰਦੀ ਹੈ, ਪਰ ਜਦੋਂ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਤਾਂ ਇਹ ਸਾਰੇ ਦਾਅਵੇ ਖੋਖਲੇ ਨਜ਼ਰ ਆਉਂਦੇ ਹਨ।
ਕਾਨੂੰਨ ਦਾ ਧਿਆਨ ਰੱਖਣਾ ਜਰੂਰੀ : ਉਥੇ ਹੀ ਹੁਣ ਪੁਲਿਸ ਵੱਲੋਂ ਇਹ ਸਾਰੀਆਂ ਤਸਵੀਰਾਂ ਨੂੰ ਦੇਖ ਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ, ਤਾਂ ਜੋ ਇਸ ਤਰ੍ਹਾਂ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਕਾਬੂ ਕੀਤਾ ਜਾ ਸਕੇ ਅਤੇ ਨਾਲ ਹੀ ਹੋਰਨਾਂ ਨੂੰ ਵੀ ਸੇਂਧ ਮਿਲੇ ਕਿ ਅਜਿਹੇ ਕਾਂਡ ਕਰਨ ਤੋਂ ਪਹਿਲਾਂ ਕਾਨੂੰਨ ਦਾ ਧਿਆਨ ਰੱਖਣਾ ਜਰੂਰੀ ਹੈ। ਜ਼ਿਕਰਯੋਗ ਹੈ ਕਿ ਨਿਤ ਦਿਨ ਅਜਿਹੇ ਮਾਮਲਿਆਂ ਤੋਂ ਲੋਕ ਪ੍ਰੇਸ਼ਾਨ ਹਨ। ਜਿਥੇ ਇਹ ਲੁੱਟ ਹੋਈ ਹੈ ਉਥੇ ਹੀ ਹੁਸ਼ਿਆਰਪੁਰ ਤੋਂ ਮਾਮਲਾ ਸਾਹਮਣੇ ਆਇਆ ਸੀ,ਜਿਥੇ ਸ਼ੋਅਰੂਮ 'ਚ ਲੁੱਟ ਨੂੰ ਅੰਜਾਮ ਦਿੱਤਾ ਗਿਆ ਅਤੇ ਗਾਰਮੈਂਟਸ ਦੀ ਦੁਕਾਨ ਤੋਂ ਲੱਖਾਂ ਦਾ ਸਮਾਨ ਚੋਰੀ ਕੀਤਾ।