ਕਪੂਰਥਲਾ: ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਇੱਕ ਵਿਦਿਆਰਥੀ ਦੇ ਕੋਰੋਨਾ ਪੌਜ਼ੀਟਿਵ ਆਉਣ ਤੋਂ ਬਾਅਦ ਮਾਮਲਾ ਭੱਖਦਾ ਜਾ ਰਿਹਾ ਹੈ। ਇਸ ਮਾਮਲੇ ਨੂੰ ਆੜੇ ਹੱਥੀ ਲੈਂਦੇ ਹੋਏ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਤੇ ਕਈ ਸਵਾਲ ਚੁੱਕੇ ਹਨ।
ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਵਿੱਚ 2500 ਦੇ ਕਰੀਬ ਵਿਦਿਆਰਥੀ ਹਾਲੇ ਵੀ ਮੌਜੂਦ ਹਨ। ਇਸ ਦੇ ਚਲਦੇ ਉਨ੍ਹਾਂ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰ ਲਿਖ ਉਕਤ ਯੂਨੀਵਰਸਿਟੀ 'ਤੇ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ ਕਿ ਜਦੋਂ ਸਾਰਾ ਦੇਸ਼ ਬੰਦ ਹੈ ਤਾਂ ਇਹ ਯੂਨੀਵਰਸਿਟੀ ਕਿਉ ਨਹੀਂ ਬੰਦ ਕੀਤੀ ਗਈ। ਪ੍ਰਧਾਨ ਮੰਤਰੀ ਦੇ ਹੁਕਮਾਂ 'ਤੇ ਹਰ ਵੱਡੇ ਸੰਸਥਾਨ ਲੌਕਡਾਊਨ ਕਰ ਦਿੱਤੇ ਗਏ ਹਨ ਫਿਰ ਇਸ ਯੂਨੀਵਰਸਿਟੀ ਵਿੱਚ ਇੰਨੀ ਹੀ ਗਿਣਤੀ ਵਿੱਚ ਵਿਦਿਆਰਥੀ ਕਿਉਂ ਰੱਖੇ ਗਏ ਹਨ। ਯੂਨੀਵਰਸਿਟੀ ਅੰਦਰ ਵਿਦਿਆਰਥੀਆਂ ਦੇ ਹੋਣ ਦੀ ਜਾਣਕਾਰੀ ਪ੍ਰਸ਼ਾਸਨ ਨੂੰ ਕਿਉ ਨਹੀਂ ਦਿੱਤੀ ਗਈ।
ਰਾਣਾ ਗੁਰਜੀਤ ਸਿੰਘ ਨੇ ਯੂਨੀਵਰਸਿਟੀ ਦੇ ਇੱਕ ਰਸੋਈਏ ਦੀ ਮੌਤ 'ਤੇ ਵੀ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਤਬਲੀਗੀ ਜਮਾਤ 2000 ਦੇ ਕਰੀਬ ਸਨ ਤਾਂ ਪੁਲਿਸ ਤੇ ਸਰਕਾਰ ਨੇ ਸਖ਼ਤ ਕਾਰਵਾਈ ਕੀਤੀ, ਉਹ ਪੂਰੇ ਦੇਸ਼ ਵਿੱਚ ਵੱਡਾ ਮਸਲਾ ਬਣ ਗਿਆ। ਇਥੇ ਤਾਂ 2500 ਵਿਦਿਆਰਥੀ ਸਨ ਜਿਹੜੇ ਦੇਸ਼ ਦੇ ਵੱਖ-ਵੱਖ ਸੂੱਬੇ ਤੋਂ ਆਏ ਹਨ ਫਿਰ ਇਥੇ ਕਾਰਵਾਈ ਕਿਉ ਨਹੀਂ ਕੀਤੀ ਗਈ।
ਕਪੂਰਥਲਾ ਦੀ ਸਿਵਲ ਸਰਜਨ ਨੇ ਵੀ ਮੰਨਿਆ ਕਿ ਯੂਨੀਵਰਸਿਟੀ ਵਿੱਚ 2500 ਵਿਦਿਆਰਥੀ ਸੀ ਤੇ ਇਹ ਵੱਡੀ ਲਾਪਰਵਾਹੀ ਹੈ। ਉਨ੍ਹਾਂ ਮੁਤਾਬਕ ਯੂਨੀਵਰਸਿਟੀ ਵਿੱਚ ਇੱਕ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਨੇ ਖ਼ੁਦ ਜਾ ਕੇ ਯੂਨੀਵਰਸਿਟੀ ਦੇ ਬੱਚਿਆ ਦੇ ਟੈਸਟ ਕੀਤੇ ਸਨ।