ਸੁਲਤਾਲਪੁਰ ਲੋਧੀ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਕੈਬਿਨੇਟ ਦੀ ਮੀਟਿੰਗ ਸੁਲਤਾਨਪੁਰ ਲੋਧੀ ਵਿਖੇ ਹੋਈ। ਇਸ ਬੈਠਕ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਕਾਸ਼ ਪੁਰਬ ਨਾਲ ਸਬੰਧਤ ਲੰਗਰ, ਟੈਂਟ-ਸਿਟੀ, ਮੈਡੀਕਲ ਤੇ ਐਮਰਜੰਸੀ, ਪਾਰਕਿੰਗ, ਸਫ਼ਾਈ, ਪੀਣ ਵਾਲੇ ਪਾਣੀ ਅਤੇ ਟ੍ਰਾਂਸਪੋਰਟ ਆਦਿ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਜ਼ਿਕਰਯੋਗ ਹੈ ਕਿ 12 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਜਿਸ ਦੇ ਚਲਦਿਆਂ ਇਸ ਤੋਂ ਪਹਿਲਾਂ ਕਈ ਇਤਿਹਾਸਕ ਥਾਵਾਂ 'ਤੇ ਸਮਾਰੋਹ ਹੋਣੇ ਤੈਅ ਹਨ, ਜਿਸ ਕਾਰਨ ਸੁਲਤਾਨਪੁਰ ਲੋਧੀ ਦੀ ਦਿੱਖ ਵੀ ਬਦਲੀ ਜਾ ਰਹੀ ਹੈ। ਸੁਲਤਾਨਪੁਰ ਲੋਧੀ ਵਿਖੇ ਜਿੱਥੇ 35000 ਵਿਅਕਤੀਆਂ ਲਈ ਟੈਂਟ-ਸਿਟੀ ਤਿਆਰ ਕੀਤੀ ਜਾ ਰਹੀ ਹੈ ਉੱਥੇ ਹੀ ਇੱਕ ਵਾਰ 'ਚ 1200 ਵਿਅਕਤੀਆਂ ਦੇ ਬਹਿ ਕੇ ਲੰਗਰ ਛਕਣ ਲਈ ਪੰਡਾਲ ਤਿਆਰ ਕੀਤਾ ਜਾ ਰਿਹਾ ਹੈ। ਬੈਠਕ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਕਾਰਪੁਰ ਲਾਂਘੇ ਦੇ ਨਾਲ ਨਾਲ ਕਈ ਹੋਰ ਅਹਿਮ ਮੁੱਦਿਆਂ ਤੇ ਪੱਤਰਕਾਰਾਂ ਦੇ ਜਵਾਬ ਦਿੱਤੇ।
ਕਰਤਾਰਪੁਰ ਲਾਂਘੇ ਤੇ ਗੱਲ ਕਰਦਿਆਂ ਕੈਪਟਨ ਨੇ ਕਿਹਾ ਕਿ ਦੋਵਾਂ ਦੇਸ਼ਾਂ ਵੱਲੋਂ ਲਾਂਘੇ ਨੂੰ ਲੈ ਕੇ ਕੰਮ ਕੀਤਾ ਜਾ ਰਿਹਾ ਹੈ ਅਤੇ 30 ਸਤੰਬਰ ਤੱਕ ਕੰਮ ਪੂਰਾ ਹੋ ਜਾਵੇਗਾ। ਪਾਕਿਸਤਾਨ ਵੱਲੋਂ ਸਿੱਖ ਸ਼ਰਧਾਲੂਆਂ ਦੇ ਦਰਸ਼ਨ ਕਰਨ ਲਈ ਫੀਸ ਰੱਖੇ ਜਾਣ ਦੀ ਗੱਲ ਤੇ ਕੈਪਟਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਸ ਗੱਲ ਤੋਂ ਬਿਲਕੁਲ ਵੀ ਸਹਿਮਤ ਨਹੀਂ ਹੈ ਅਤੇ ਉਨ੍ਹਾਂ ਕਿਹਾ ਕਿ ਉਹ ਕੇਂਦਰ ਸਰਕਾਰ ਨੂੰ ਅਪੀਲ ਕਰਣਗੇ ਕਿ ਪਾਕਿਸਤਾਨ ਦੀ ਇਸ ਸ਼ਰਤ ਨੂੰ ਨਾ ਮੰਨ ਕੇ ਖੁੱਲ੍ਹੇ ਦਰਸ਼ਨ ਤੇ ਜ਼ੋਰ ਦਿੱਤਾ ਜਾਵੇ।
ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕੈਪਟਨ ਨੇ ਜਿੱਥੇ ਕਲੋਜ਼ਰ ਰਿਪੋਰਟ, ਗੈਰ ਕਨੂੰਨੀ ਮਾਈਨਿੰਗ ਦੀ ਗੱਲ ਕੀਤੀ ਉੱਥੇ ਹੀ ਹਰਸਿਮਰਤ ਕੌਰ ਬਾਦਲ ਤੇ ਤੰਜ ਕਸਣ ਤੋਂ ਵੀ ਪਿੱਛੇ ਨਾ ਰਹੇ। ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਦੋਵਾਂ ਸਦਨਾਂ ਦੀ ਬੈਠਕ ਬੁਲਾਉਣ ਦੀ ਅਪੀਲ ਵੀ ਕੀਤੀ ਹੈ।
ਇਹ ਵੀ ਪੜ੍ਹੋ- ਰਣਜੀਤ ਸਿੰਘ ਢੱਡਰੀਆ ਵਾਲੇ 'ਤੇ ਹੋਇਆ ਮਾਮਲਾ ਦਰਜ
ਦੱਸਣਯੋਗ ਹੈ ਕਿ ਪੰਜਾਬ ਕੈਬਿਨੇਟ ਦੀ ਬੈਠਕ ਪਹਿਲੀ ਵਾਰ ਚੰਡੀਗੜ੍ਹ ਤੋਂ ਬਾਹਰ ਸੁਲਤਾਨਪੁਰ ਲੋਧੀ ਵਿਖੇ ਹੋਈ ਜਿਸ ਦਾ ਫ਼ੈਸਲਾ ਖ਼ੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਿਆ ਸੀ।