ਕਪੂਰਥਲਾ: ਸੁਤੰਤਰਤਾ ਦਿਵਸ ਦੇ ਸਬੰਧ 'ਚ ਸ਼ਹਿਰ ਅੰਦਰ ਨਾਕਾਬੰਦੀ ਕਰਕੇ ਪੁਲਿਸ ਵਲੋਂ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਪੁਲਿਸ ਦੀ ਚੌਕਸੀ ਦੇ ਚੱਲਦਿਆਂ ਇਕ ਸ਼ੱਕੀ ਨੌਜਵਾਨ ਕੋਲੋਂ ਤੇਜ਼ਧਾਰ ਹਥਿਆਰ ਬਰਾਮਦ ਹੋਇਆ ਹੈ। ਫਿਲਹਾਲ ਪੁਲਿਸ ਮੁਲਜ਼ਮ ਅਤੇ ਹਥਿਆਰ ਸਣੇ ਹਿਰਾਸਤ ਵਿੱਚ ਲੈ ਕੇ ਥਾਣੇ ਲੈ ਗਈ ਹੈ, ਤਾਂ ਜੋ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਸਕੇ ਕਿ ਉਸ ਨੇ ਇਹ ਹਥਿਆਰ ਅਪਣੇ ਕੋਲ ਕਿਉਂ ਰੱਖਿਆ ਹੋਇਆ ਹੈ।
ਚੈਕਿੰਗ ਦੌਰਾਨ ਮਿਲਿਆ ਤੇਜ਼ਧਾਰ ਹਥਿਆਰ: ਕਪੂਰਥਲਾ ਪੁਲਿਸ ਵੱਲੋਂ ਵੀ ਸ਼ਹਿਰ ਦੇ ਅੰਦਰ ਵਿਸ਼ੇਸ਼ ਨਾਕਾਬੰਦੀ ਕਰਕੇ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੌਰਾਨ ਜਦੋਂ ਪੁਲਿਸ ਨੇ ਇੱਕ ਸ਼ੱਕੀ ਵਿਅਕਤੀ ਨੂੰ ਇੱਕ ਬੈਰੀਅਰ 'ਤੇ ਰੋਕਿਆ, ਜਿੱਥੇ ਪਹਿਲਾਂ ਤੋਂ ਹੀ ਮੀਡੀਆ ਵਾਲੇ ਮੌਜੂਦ ਸਨ। ਪੁਲਿਸ ਨੂੰ ਉਸ 'ਤੇ ਸ਼ੱਕ ਹੋਇਆ ਤਾਂ ਉਸ ਦੀ ਲਾਈਵ ਤਲਾਸ਼ੀ ਕੀਤੀ ਜਿਸ ਦੌਰਾਨ ਤੇਜ਼ਧਾਰ ਹਥਿਆਰ ਬਰਾਮਦ ਹੋਏ ਜਿਸ ਨੂੰ ਦੇਖ ਪੁਲਿਸ ਮੁਲਾਜ਼ਮ ਵੀ ਹੈਰਾਨ ਰਹਿ ਗਏ ਅਤੇ ਇਸ ਸ਼ੱਕੀ ਵਿਅਕਤੀ ਨੂੰ ਪੁਲਿਸ ਹਿਰਾਸਤ 'ਚ ਲੈ ਲਿਆ ਗਿਆ ਹੈ।
"ਜਿੱਥੇ ਕੰਮ ਕਰਦਾ, ਉਥੇ ਕਈਆਂ ਨਾਲ ਲੱਗਦੀ": ਮੌਕੇ ਉੱਤੇ ਹੀ ਮੌਜੂਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁਲਜ਼ਮ ਨੇ ਕਿਹਾ ਕਿ ਉਹ ਜਿੱਥੇ ਕੰਮ ਕਰਦਾ ਹੈ, ਉੱਥੋ ਦੇ ਕੁਝ ਲੋਕਾਂ ਨਾਲ ਉਸ ਦੀ ਬਹੁਤ ਲੱਗਦੀ ਹੈ, ਇਸ ਕਰਕੇ ਉਹ ਡਰਦਾ ਕੰਮ ਉੱਤੇ ਵੀ ਨਹੀਂ ਜਾਂਦਾ। ਇੰਨੇ ਦੇਰ ਨੂੰ ਪੁਲਿਸ ਮੁਲਜ਼ਮ ਨੂੰ ਅਪਣੇ ਨਾਲ ਥਾਣੇ ਲੈ ਗਏ।
ਸ਼ਹਿਰ ਵਿੱਚ ਕਰੀਬ 7 ਪੁਲਿਸ ਨਾਕੇ ਲਾਏ ਗਏ: ਦੂਜੇ ਪਾਸੇ, ਡੀਐਸਪੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕਰੀਬ 100 ਦੇ ਕਰੀਬ ਪੁਲਿਸ ਮੁਲਾਜ਼ਮ ਨਾਕੇ ਲਗਾ ਕੇ ਚੈਕਿੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਕਰੀਬ 7 ਨਾਕੇ ਲਾਏ ਗਏ ਹਨ। ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਪੁਲਿਸ ਪੂਰੀ ਤਰ੍ਹਾਂ ਨਾਲ ਹਰਕਤ 'ਚ ਹੈ ਅਤੇ ਜੋ ਵੀ ਕਿਸੇ ਵੀ ਤਰ੍ਹਾਂ ਦੀ ਗੈਰ-ਕਾਨੂੰਨੀ ਕਾਰਵਾਈ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰੇਗਾ ਉਸ 'ਤੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੋਈ ਸ਼ੱਕੀ ਨਜ਼ਰ ਆਉਣ ਉੱਤੇ ਉਸ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਪੁੱਛਗਿੱਛ ਵੀ ਕੀਤੀ ਜਾਵੇਗੀ।