ਅੰਮ੍ਰਿਤਸਰ: ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਮਹਾਨ ਅਸਥਾਨ ਸੁਲਤਾਨਪੁਰ ਲੋਧੀ ਦੇ ਨੇੜਲੇ ਡੱਲਾ ਵਿਖੇ ਲੋਕ ਗੰਭੀਰ ਬੁਖਾਰ ਭਾਵ "ਤੇਈਏ ਤਾਪ" ਦੇ ਇਲਾਜ ਲਈ ਡਾਕਟਰਾਂ ਕੋਲ ਜਾਣ ਦੀ ਬਜਾਏ ਗੁਰਦੁਆਰਾ ਸਾਹਿਬ ਪਹੁੰਚ ਕੇ ਸੁੱਖਣਾ ਸੁੱਖਦੇ ਹਨ।
ਗੁਰਦੁਆਰਾ ਬਾਉਲੀ ਸਾਹਿਬ ਡੱਲਾ ਦੇ ਸਹਾਇਕ ਰਾਗੀ ਭਾਈ ਨਿਰਮਲ ਸਿੰਘ ਨੇ ਦੱਸਿਆ ਕਿ ਪਿੰਡ ਡੱਲਾ ਭਾਈ ਲਾਲੋ ਜੀ ਦਾ ਜੱਦੀ ਅਸਥਾਨ ਹੈ ਤੇ ਹੁਣ ਇੱਥੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਹਨ। ਉਨ੍ਹਾਂ ਨੇ ਦੱਸਿਆ ਕਿ ਭਾਈ ਲਾਲੋ ਜੀ ਗੁਰੂ ਅਮਰਦਾਸ ਜੀ ਦੇ ਸੇਵਕ ਸਨ ਅਤੇ ਭਾਈ ਲਾਲੋ ਜੀ, ਭਾਈ ਪਾਰੋ ਜੀ ਹਰ ਰੋਜ਼ ਡੱਲੇ ਤੋਂ ਗੋਇੰਦਵਾਲ ਸਾਹਿਬ ਵਿਖੇ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਲਈ ਜਾਂਦੇ ਸਨ।
ਭਾਈ ਨਿਰਮਲ ਸਿੰਘ ਨੇ ਦੱਸਿਆ ਕਿ ਇੱਥੋਂ ਹੀ "ਤੇਈਏ ਤਾਪ" ਦੀ ਸਾਖੀ ਸ਼ੁਰੂ ਹੁੰਦੀ ਹੈ। ਉਨ੍ਹਾਂ ਨੇ ਦੱਸਿਆ ਕਿ ਇੱਕ ਬਜ਼ੁਰਗ ਮਾਤਾ ਦੇ ਬੱਚੇ ਨੂੰ "ਤੇਈਆ ਤਾਪ" ਹੋ ਗਿਆ ਤਾਂ ਗੁਰੂ ਅਮਰਦਾਸ ਸਾਹਿਬ ਨੇ ਭਾਈ ਲਾਲੋ ਨੂੰ ਕਿਹਾ ਕਿ ਬੱਚੇ ਨੂੰ ਆਪਣੇ ਕੋਲ ਲਿਜਾ ਕੇ ਇਲਾਜ ਕਰਨ। ਭਾਈ ਲਾਲੋ ਜੀ ਬੁਖਾਰ ਤੋਂ ਪੀੜਤ ਬੱਚੇ ਨੂੰ ਨਾਲ ਲੈ ਆਏ। ਉਨ੍ਹਾਂ ਨੇ ਦੱਸਿਆ ਕਿ ਲੋਕ ਬੁਖਾਰ ਬਾਰੇ ਜੋ ਸੁੱਖਣਾ ਸੁੱਖ ਕੇ ਜਾਂਦੇ ਹਨ ,ਸ਼ਰਧਾ ਨਾਲ ਆਉਂਦੇ ਹਨ, ਉਨ੍ਹਾਂ ਦੀ ਮਨੋਕਾਮਨਾ ਪੂਰੀ ਹੁੰਦੀ ਹੈ ਅਤੇ "ਤੇਈਆ ਤਾਪ" ਦੀ ਬਿਮਾਰੀ ਖਤਮ ਹੋ ਜਾਂਦੀ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸੰਗਤਾਂ "ਤੇਈਆ ਤਾਪ" ਖਤਮ ਹੋਣ ਤੋਂ ਬਾਅਦ ਇੱਥੇ ਗੁੜ ਅਤੇ ਆਟੇ ਦਾ ਪ੍ਰਸ਼ਾਦ ਚੜਾ ਕੇ ਜਾਂਦੇ ਹਨ।