ਕਪੂਰਥਲਾ: ਡਾਕਟਰ ਨੂੰ ਰੱਬ ਦਾ ਰੂਪ ਮੰਨਿਆ ਜਾਂਦਾ ਹੈ, ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ, ਜਿਸ ਵਿੱਚ ਡਾਕਟਰਾਂ ਉੱਤੇ ਸਵਾਲ ਉੱਠ ਪੈਂਦੇ ਹਨ। ਅਜਿਹਾ ਹੀ ਇੱਕ ਮਾਮਲਾ ਕਪੂਰਥਲਾ ਦੇ ਸਿਵਲ ਹਸਪਤਾਲ ਦਾ ਸਾਹਮਣੇ ਆਇਆ ਹੈ, ਜਿਥੇ ਇੱਕ ਨਵ-ਜੰਮੇ ਬੱਚੇ ਦੀ ਲਾਪਰਵਾਹੀ ਕਾਰਨ ਮੌਤ ਹੋ ਗਈ ਹੈ।
ਬੱਚੇ ਦੀ ਮਾਂ ਆਰਤੀ ਨੇ ਸਿਵਲ ਹਸਪਤਾਲ ਦੇ ਡਾਕਟਰਾਂ ਉੱਤੇ ਦੋਸ਼ ਲਾਏ ਹਨ ਕਿ ਉਨ੍ਹਾਂ ਦੀ ਬੱਚੀ ਦੀ ਮੌਤ ਦਾ ਜ਼ਿੰਮੇਵਾਰ ਸਿਵਲ ਹਸਪਤਾਲ ਪ੍ਰਸ਼ਾਸਨ ਹੈ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੀਤੀ ਰਾਤ ਉਸ ਨੂੰ ਲੇਬਰ ਪੇਨ ਹੋ ਰਿਹਾ ਸੀ, ਜਿਸ ਤੋਂ ਬਾਅਦ ਉਸ ਨੂੰ ਕਪੂਰਥਲਾ ਦੇ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ।
ਆਰਤੀ ਨੇ ਦੋਸ਼ ਲਾਏ ਹਨ ਲੰਬੇ ਸਮੇਂ ਤੋਂ ਹਸਪਤਾਲ ਦਾ ਸਟਾਫ਼ ਉਸ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ ਅਤੇ 3 ਘੰਟਿਆਂ ਤੱਕ ਕੋਈ ਵੀ ਇਲਾਜ ਨਾ ਹੋਣ ਕਾਰਨ ਉਸ ਦੇ ਬੱਚੇ ਦੀ ਦਮ ਘੁੱਟਣ ਕਾਰਨ ਮੌਤ ਹੋ ਗਈ ਹੈ।
ਉਸ ਨੇ ਇਹ ਵੀ ਦੋਸ਼ ਲਾਏ ਹਨ ਕਿ ਹਸਪਤਾਲ ਵੱਲੋਂ ਰਾਤ ਨੂੰ ਸੌਣ ਦੇ ਲਈ ਕੋਈ ਵੀ ਬੈਡ ਵਗੈਰਾ ਨਹੀਂ ਦਿੱਤਾ ਗਿਆ ਸਗੋਂ ਉਨ੍ਹਾਂ ਨੂੰ ਪੂਰੀ ਰਾਤ ਕੁਰਸੀਆਂ ਉੱਤੇ ਹੀ ਲੇਟਣਾ ਪਿਆ। ਦੂਜੇ ਪਾਸੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਸਪਤਾਲ ਦੇ ਐੱਸ.ਐੱਮ.ਓ ਨੇ ਦੱਸਿਆ ਕਿ ਪਰਿਵਾਰ ਦੇ ਦੋਸ਼ ਸਰਾਸਰ ਝੂਠ ਹਨ, ਬਲਕਿ ਪਰਿਵਾਰ ਵੱਲੋਂ ਸਟਾਫ਼ ਨਾਲ ਦੁਰ-ਵਿਵਹਾਰ ਕੀਤਾ ਗਿਆ।
ਐੱਸ.ਐੱਮ.ਓ ਡਾਕਟਰ ਤਾਰਾ ਸਿੰਘ ਅਨੁਸਾਰ ਬੱਚੇ ਨੂੰ ਪਹਿਲਾਂ ਹੀ ਸਾਂਹ ਲੈਣ ਵਾਲੇ ਅੰਗਾਂ ਵਿੱਚ ਸਮੱਸਿਆ ਸੀ ਅਤੇ ਪੂਰੀ ਤਰ੍ਹਾਂ ਤੰਦਰੁਸਤ ਨਹੀਂ ਸੀ, ਜਿਸ ਬਾਰੇ ਉਨ੍ਹਾਂ ਨੇ ਪਹਿਲਾਂ ਹੀ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਸੀ, ਪਰ ਪਰਿਵਾਰ ਹੁਣ ਝੂਠੇ ਦੋਸ਼ ਲਗਾ ਰਿਹਾ ਹੈ।
ਮਾਮਲੇ ਬਾਰੇ ਪਤਾ ਲੱਗਣ ਤੋਂ ਬਾਅਦ ਜਦੋਂ ਪੁਲਿਸ ਹਸਪਤਾਲ ਪਹੁੰਚੀ ਤਾਂ ਡੀ.ਐੱਸ.ਪੀ ਸਤਨਾਮ ਸਿੰਘ ਨੇ ਕਿਹਾ ਕਿ ਅਸੀਂ ਮਾਮਲਾ ਦਰਜ ਕਰ ਲਿਆ ਹੈ ਅਤੇ ਰਿਪੋਰਟ ਆਉਣ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।