ਕਪੂਰਥਲਾ: ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹਪੁਰਬ 4 ਅਤੇ 5 ਸਤੰਬਰ ਨੂੰ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਅਤੇ ਗੁਰਦਾਸਪੁਰ ਦੇ ਬਟਾਲਾ ਵਿਖੇ ਮਨਾਇਆ ਜਾ ਰਿਹਾ ਹੈ। ਇਸ ਸਬੰਧ ਵਿੱਚ ਸੁਲਤਾਨਪੁਰ ਲੋਧੀ ਤੋਂ ਬਾਬਾ ਜੀ ਦੀ ਬਰਾਤ ਦੇ ਰੂਪ ਵਿਚ ਇੱਕ ਵਿਸ਼ਾਲ ਨਗਰ ਕੀਰਤਨ ਬਟਾਲਾ ਲਈ ਰਵਾਨਾ ਹੋ ਚੁੱਕਾ ਹੈ, ਜੋ ਦੇਰ ਸ਼ਾਮ ਤੱਕ ਬਟਾਲਾ ਪਹੁੰਚੇਗਾ।
ਇਸ ਬਰਾਤ ਵਿੱਚ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਸ਼ਾਮਲ ਹੋਈ, ਉੱਥੇ ਹੀ ਇਸ ਮੌਕੇ ਅਕਾਲੀ ਆਗੂ ਬੀਬੀ ਜਗੀਰ ਕੌਰ ਵੀ ਨਗਰ ਕੀਰਤਨ ਵਿੱਚ ਸ਼ਾਮਲ ਹੋਏ ਅਤੇ ਸਿੱਖ ਸੰਗਤ ਨੂੰ ਵਧਾਈ ਦਿੱਤੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦਾ ਇੱਕ ਲੰਮਾ ਸਮਾਂ ਸੁਲਤਾਨਪੁਰ ਲੋਧੀ ਵਿਖੇ ਬਿਤਾਇਆ ਅਤੇ ਇੱਥੇ ਹੀ ਉਨ੍ਹਾਂ ਨੇ ਆਪਣੇ ਗ੍ਰਹਿਸਤ ਜੀਵਨ ਦੀ ਸ਼ੁਰੂਆਤ ਵੀ ਕੀਤੀ ਸੀ।
ਗੁਰੂ ਜੀ ਦਾ ਵਿਆਹ ਬਟਾਲਾ ਵਿਖੇ ਮਾਤਾ ਸੁਲੱਖਣੀ ਜੀ ਨਾਲ ਹੋਇਆ ਸੀ ਅਤੇ ਇਸ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਬਰਾਤ ਲੈ ਕੇ ਬਟਾਲਾ ਗਏ ਸਨ। ਇਸ ਤੋਂ ਬਾਅਦ ਉਦੋਂ ਤੋਂ ਲੈ ਕੇ ਹੁਣ ਤੱਕ ਸਿੱਖ ਸੰਗਤ ਇਸੇ ਤਰ੍ਹਾਂ ਹੀ ਗੁਰੂ ਜੀ ਦੀ ਬਰਾਤ ਨੂੰ ਇੱਕ ਵਿਸ਼ਾਲ ਨਗਰ ਕੀਰਤਨ ਦੇ ਰੂਪ ਵਿੱਚ ਬਟਾਲਾ ਲੈ ਕੇ ਜਾਂਦੀ ਹੈ ਅਤੇ ਬੜੀ ਹੀ ਧੂਮਧਾਮ ਨਾਲ ਗੁਰੂ ਜੀ ਦੇ ਵਿਆਹ ਦਾ ਦਿਨ ਮਨਾਇਆ ਜਾਂਦਾ ਹੈ।
ਇਹ ਵੀ ਪੜ੍ਹੋ: ਕਰਤਾਰਪੁਰ ਲਾਂਘਾ: ਭਾਰਤ ਪਾਕਿ ਵਿਚਾਲੇ ਅਹਿਮ ਬੈਠਕ ਜਾਰੀ
ਐਸਜੀਪੀਸੀ ਮੈਂਬਰ ਗੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹਪੁਰਬ ਨੂੰ ਲੈ ਕੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਹੈ, ਜਿਨ੍ਹਾਂ ਨੇ ਇੱਥੇ ਹੀ ਨਹੀਂ, ਰਾਹ 'ਚ ਵੀ ਬਰਾਤ ਦੇ ਸਵਾਗਤ ਦੀਆਂ ਤਿਆਰੀਆਂ ਕੀਤੀਆਂ ਹੋਈਆਂ ਹਨ।
ਬੁੱਧਵਾਰ ਨੂੰ ਗੁਰੂ ਨਾਨਕ ਦੇਵ ਜੀ ਦੀ ਬਰਾਤ ਸੁਲਤਾਨਪੁਰ ਲੋਧੀ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤ ਨਾਲ ਵੱਖ-ਵੱਖ ਗੱਡੀਆਂ-ਮੋਟਰਸਾਈਕਲਾਂ ਉੱਤੇ ਬਟਾਲਾ ਲਈ ਰਵਾਨਾ ਹੋਈ। ਇਹੀ ਨਹੀਂ, ਇਸ ਬਰਾਤ ਵਿੱਚ ਆ ਰਹੀ ਸੰਗਤ ਲਈ ਸੁਲਤਾਨਪੁਰ ਲੋਧੀ ਤੋਂ ਲੈ ਕੇ ਬਟਾਲਾ ਤੱਕ ਸਿੱਖ ਸੰਗਤਾਂ ਨੇ ਥਾਂ-ਥਾਂ 'ਤੇ ਲੰਗਰ ਵੀ ਲਗਾਏ।